July 16, 2024

Mitter Sain Meet

Novelist and Legal Consultant

‘ਵਿਸ਼ਵ ਪੰਜਾਬੀ ਸੰਮੇਲਨ ਕੈਨੇਡਾ-2018’ ਦੀ ਰਿਪੋਰਟ

10 ਜੂਨ 2018 ਨੂੰ ਵੈਨਕੂਵਰ ਵਿਚ ਹੋਏ ‘ਵਿਸ਼ਵ ਪੰਜਾਬੀ ਸੰਮੇਲਨ’ ਦੀ ਸੰਖੇਪ ਰਿਪੋਰਟ

ਪ੍ਰਬੰਧਕੀ ਸੰਸਥਾਵਾਂ ਅਤੇ ਵਿਅਕਤੀ

         (1) ਪੰਜਾਬੀ ਭਾਸ਼ਾ ਦੇ ਆਉਣ ਵਾਲੀ ਅੱਧੀ ਸਦੀ ਵਿਚ ਅਲੋਪ ਹੋ ਜਾਣ ਦੀ ਭਵਿੱਖਬਾਣੀ ਨੇ ਕਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਟੇਟ ਵਿਚ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਦੀਆਂ ਦੋ ਸੰਸਥਾਵਾਂ ‘ਕਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੋਸਾਇਟੀ’ ਅਤੇ ‘ਫੈਡਰੇਸ਼ਨ ਆਫ ਸਿੱਖ ਸੋਸਾਇਟੀਜ਼ ਕਨੇਡਾ’ ਦੇ ਮੈਂਬਰਾਂ ਨੂੰ ਚਿੰਤਤ ਕੀਤਾ। ਸੰਸਥਾਵਾਂ ਨੇ ਇਸ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਅਤੇ ਫੇਰ ਹੱਲ ਤਲਾਸ਼ਣ ਲਈ ਇੱਕ ਗੰਭੀਰ ਯਤਨ ਦੇ ਤੌਰ ਤੇ, ਇਸ ਵਿਸ਼ੇ ਦੇ ਵਿਸ਼ਵ ਪੱਧਰ ਦੇ ਵਿਦਵਾਨਾਂ ਅਤੇ ਐਕਟਵਿਸਟਾਂ ਨੂੰ ਬੁਲਾ ਕੇ ਉਨ੍ਹਾਂ ਦੇ ਵਿਚਾਰ ਸੁਣਨ ਦਾ ਫੈਸਲਾ ਕੀਤਾ। ਇਸ ਫੈਸਲੇ ਨਾਲ ਪਹਿਲੇ ‘ਵਿਸ਼ਵ ਪੰਜਾਬੀ ਸੰਮੇਲਨ’ ਦੇ ਆਯੋਜਨ ਦੀ ਨੀਂਹ ਟਿਕੀ। ਸੰਮੇਲਨ ਦੇ ਪ੍ਰਬੰਧ ਦੀ ਜਿੰਮੇਵਾਰੀ ਦੋਵੇਂ ਸੰਸਥਾਵਾਂ ਦੇ ਆਹੁਦੇਦਾਰਾਂ ਅਤੇ ਵੈਨਕੂਵਰ ਦੀਆਂ ਮੰਨੀਆਂ ਪਰਮੰਨੀਆਂ ਛੇ ਸਖਸ਼ੀਅਤਾਂ (ਮੋਤਾ ਸਿੰਘ ਝੀਤਾ, ਸਤਨਾਮ ਸਿੰਘ ਜੌਹਲ, ਦਵਿੰਦਰ ਸਿੰਘ ਘਟੌਰਾ, ਡਾ ਪੂਰਨ ਸਿੰਘ ਗਿੱਲ, ਕੁਲਦੀਪ ਸਿੰਘ ਅਤੇ ਕਿਰਪਾਲ ਸਿੰਘ ਗਰਚਾ। ) ਦੇ ਮੋਡਿਆਂ ਤੇ ਪਾਈ ਗਈ।


ਉਕਤ : ਦਵਿੰਦਰ ਸਿੰਘ ਘਟੌਰਾ, ਕਿਰਪਾਲ ਸਿੰਘ ਗਰਚਾ, ਡਾ ਪੂਰਨ ਸਿੰਘ ਗਿੱਲ, ਮੋਤਾ ਸਿੰਘ ਝੀਤਾ, ਸਤਨਾਮ ਸਿੰਘ ਜੌਹਲ, ਅਤੇ ਕੁਲਦੀਪ ਸਿੰਘ ( ‘ਕਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੋਸਾਇਟੀ’ ਅਤੇ ‘ਫੈਡਰੇਸ਼ਨ ਆਫ ਸਿੱਖ ਸੋਸਾਇਟੀਜ਼ ਕਨੇਡਾ’ ਦੇ ਸੰਸਥਾਪਕ ਮੈਂਬਰ ਅਤੇ ਕਰਤਾ-ਧਰਤਾ। )

ਥੀਮ : ਪੰਜਾਬੀ, ਹਰ ਪੰਜਾਬੀ ਬੋਲਨ ਵਾਲੇ ਦੀ ਮਾਂ ਬੋਲੀ ਹੈ

ਦੂਜੇ ਧਰਮਾਂ ਅਤੇ ਵਿਚਾਰਧਾਰਾਵਾਂ ਨਾਲ ਸਬੰਧਤ ਪੰਜਾਬੀ ਇਹ ਸਮਝ ਸਕਦੇ ਸਨ ਕਿ ਸੰਮੇਲਨ ਸਿੱਖਾਂ ਵੱਲੋਂ, ਸਿੱਖਾਂ ਲਈ ਅਤੇ ਪੰਜਾਬੀ ਨੂੰ ਕੇਵਲ ਸਿੱਖਾਂ ਦੀ ਭਾਸ਼ਾ ਸਥਾਪਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਦੇ ਸੰਮੇਲਨ ਤੋਂ ਉਦਾਸੀਨ ਹੋਣ ਦੀ ਪੂਰੀ ਸੰਭਾਵਨਾ ਸੀ। ਇਸ ਭੁਲੇਖੇ ਨੂੰ ਦੂਰ ਕਰਨ ਲਈ, ਪ੍ਰਬੰਧਕਾਂ ਨੇ ਇਹ ਤਹੱਈਆ ਕੀਤਾ ਕਿ ਹਰ ਤਬਕੇ ਦੇ ਪੰਜਾਬੀ ਨੂੰ ,ਪੰਜਾਬੀ ਭਾਸ਼ਾ ਦੀ ਹੋਂਦ ਨੂੰ ਖੜ੍ਹੇ ਹੋਏ ਖਤਰੇ ਤੋਂ ਜਾਣੂ ਕਰਵਾ ਕੇ, ਸਮੱਸਿਆ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਇਨਾਂ ਯਤਨਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਜਾਵੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਗੁਰਦੁਆਰਿਆਂ ਦੇ ਨਾਲ-ਨਾਲ ਮੰਦਿਰਾਂ, ਮਸਜਿਦਾਂ ਅਤੇ ਚਰਚਾਂ ਵਿਚ ਜਾ ਕੇ ਮਾਂ ਬੋਲੀ ਪੰਜਾਬੀ ਦੇ ਧੀਆਂ-ਪੁੱਤਾਂ ਨਾਲ ਨਿੱਜੀ ਸੰਪਰਕ ਸਥਾਪਿਤ ਕੀਤਾ ਗਿਆ। ਹਰ ਵਿਚਾਰਧਾਰਾ ਨਾਲ ਸਬੰਧਤ ਲੇਖਕ ਸਭਾਵਾਂ, ਸਮਾਜਿਕ ਸੰਸਥਾਵਾਂ ਅਤੇ ਟਰੇਡ ਯੂਨੀਅਨਾਂ ਤੱਕ ਪਹੁੰਚ ਕੀਤੀ ਗਈ।  

‘ਵੈਨਕੂਵਰ ਸਾਹਿਤ ਵਿਚਾਰ ਮੰਚ’ – 5 ਜੂਨ

ਕੇਂਦਰੀ ਪੰਜਾਬੀ ਲੇਖਕ ਸਭਾ– 6 ਜੂਨ 2018

ਸੰਮੇਲਨ ਦੀ ਰੂਪ-ਰੇਖਾ

       ਪ੍ਰਬੰਧਕਾਂ ਵੱਲੋਂ ਸੰਮੇਲਨ ਦੀ ਰੂਪ-ਰੇਖਾ ਬੜੀ ਸਿਆਪਣ ਨਾਲ ਉਲੀਕੀ ਗਈ । ਬੁਲਾਰੇ ਚੁਣਨ ਲੱਗਿਆਂ  ਸਾਵਧਾਨੀ ਵਰਤੀ ਗਈ। ਚੜ੍ਹਦੇ ਪੰਜਾਬ ਦੇ ਨਾਲ-ਨਾਲ ਪਾਕਿਸਤਾਨ ਅਤੇ ਅਮਰੀਕਾ ਦੇ ਵਿਦਵਾਨਾਂ ਨੂੰ ਵੀ ਪ੍ਰਤੀਨਿਧਤਾ ਦਿੱਤੀ। ਚੋਣ ਸਮੇਂ ਬੁਲਾਰੇ ਦੇ ਧਰਮ ਦੀ ਥਾਂ ਉਸ ਦੇ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਕੀਤੇ ਕੰਮ ਨੂੰ ਮਹੱਤਤਾ ਮਿਲੀ। ਬੁਲਾਰਿਆਂ ਨੂੰ ਜਿੰਮੇਵਾਰੀ ਉਨਾਂ ਦੀ ਆਪਣੇ ਵਿਸ਼ੇ ਤੇ ਪਕੜ ਅਨੁਸਾਰ ਦਿੱਤੀ ਗਈ।ਪੰਜਾਬੀ ਬੋਲੀ ਅਤੇ ਭਾਸ਼ਾ ਦੀ ਜੜ੍ਹ ਤੋਂ ਫਲ ਤੱਕ ਪੁੱਜਣ ਦੀ ਕਹਾਣੀ ਭਾਸ਼ਾ ਵਿਗਿਆਨੀ ਪ੍ਰੋ.ਪਰਮਜੀਤ ਸਿੰਘ ਸਿੱਧੂ ਨੇ ਸੁਣਾਉਣੀ ਸੀ। ਚੜ੍ਹਦੇ ਪੰਜਾਬ ਵਿਚ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਦਾ, ਰਾਜ ਭਾਸ਼ਾ ਦਾ ਦਰਜਾ ਦੇਣ ਵਾਲੇ ਪੰਜਾਬ ਰਾਜ ਭਾਸ਼ਾ ਐਕਟ 1967 ਦੇ ਸੰਦਰਭ ਵਿਚ, ਲੇਖਾ-ਜੋਖਾ ਮੈਂ ਕਰਨਾ ਸੀ। ਪੰਜਾਬ ਅਤੇ ਕੇਂਦਰ ਸਰਕਾਰ ਦੇ ਦਫ਼ਤਰਾਂ ਅਤੇ ਅਦਾਰਿਆਂ ਦੇ ਹੁੰਦੇ ਕੰਮ-ਕਾਜ ਨੂੰ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ਤੇ ਵਿੱਢੇ ਸੰਘਰਸ਼ ਅਤੇ ਸੰਘਰਸ਼ ਦੌਰਾਨ ਪੇਸ਼ ਆਉਂਦੀਆਂ ਔਕੜਾਂ ਦੀ ਹੱਡ ਬੀਤੀ, ਸੰਘਰਸ਼ ਦੇ ਮੋਢੀ ਮਹਿੰਦਰ ਸਿੰਘ ਸੇਖੋਂ ਨੇ ਸੁਣਾਉਣੀ ਸੀ। ਪੰਜਾਬੀ ਨੂੰ ਕਨੇਡਾ ਵਿਚ ਬਣਦਾ ਥਾਂ ਦਿਵਾਉਣ ਲਈ ਪਿਛਲੇ ਦਹਾਕਿਆਂ ਵਿਚ ਹੋਏ ਯਤਨਾਂ, ਮਿਲੀਆਂ ਸਫਲਤਾਵਾਂ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ ਬਾਰੇ ਇਨ੍ਹਾਂ ਸੰਘਰਸ਼ਾਂ ਵਿਚ ਮੋਹਰੀ ਰਹੇ ਡਾ.ਗੁਰਵਿੰਦਰ ਸਿੰਘ ਧਾਲੀਵਾਲ ਨੇ ਦੱਸਣਾ ਸੀ। ਪੰਜਾਬੀ ਨੂੰ ਤਕਨੀਕੀ ਤੌਰ ਤੇ ਵਿਕਸਿਤ ਕਰਕੇ ਸੰਸਾਰ ਦੀਆਂ ਹੋਰ ਵਿਕਸਿਤ ਭਾਸ਼ਾਵਾਂ (ਜਿਵੇਂ ਅੰਗਰੇਜ਼ੀ ਅਤੇ ਫਰੈਂਚ) ਦੇ ਹਾਣ ਦੀ ਕਿਵੇਂ ਬਣਾਇਆ ਜਾਵੇ, ਇਸ ਵਿਸ਼ੇ ਤੇ ਰਹਿਨੁਮਾਈ ਸੰਸਾਰ ਪੱਧਰ ਤੇ ਵਿਚਰਦੇ ਚਿੰਤਕ ਹਰਿੰਦਰ ਸਿੰਘ ਨੇ ਕਰਨੀ ਸੀ। 1

ਸੰਮੇਲਨ ਬਾਰੇ ਯੋਜਨਾ ਵਧ ਪ੍ਰਚਾਰ

          ਸੰਮੇਲਨ ਵਿਚ ਉਠਾਏ ਜਾਣ ਵਾਲੇ ਮੁੱਦਿਆਂ ਨੂੰ ਵੱਧੋ-ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵੈਨਕੂਵਰ ਵਿਚ ਸਥਿਤ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਨਾਲ ਸੰਪਰਕ ਸਾਧਿਆ ਗਿਆ। ਪੰਜਾਬੋਂ ਆਉਣ ਵਾਲੇ ਤਿੰਨਾਂ ਬੁਲਾਰਿਆਂ ਦੇ ਵੈਨਕੂਵਰ ਪੁੱਜਣ ਵਾਲੇ (ਤਿੰਨ ਜੂਨ) ਦਿਨ ਤੋਂ ਲੈ ਕੇ ਸੰਮੇਲਨ ਦੀ ਪਹਿਲੀ ਸ਼ਾਮ(ਨੌ ਜੂਨ) ਤੱਕ ਰੇਡੀਓ ਅਤੇ ਟੀ ਵੀ ਤੇ ਬੁਲਾਰਿਆਂ ਦੀਆਂ ਇੰਟਰਵਿਊਆਂ ਕਰਵਾ ਕੇ, ਕੇਵਲ ਵੈਨਕੂਵਰ ਵਾਸੀਆਂ ਨੂੰ ਹੀ ਨਹੀਂ ਸਗੋਂ ਸਾਰੀ ਦੁਨੀਆ ਵਿਚ ਵੱਸਦੇ ਪੰਜਾਬੀਆਂ ਨੂੰ, ਉਨ੍ਹਾਂ ਦੀ ਮਾਂ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਾਉਣ ਦੇ ਯਤਨ ਕੀਤੇ ਗਏ ਸਮਾਗਮ ਤੋਂ ਪਹਿਲਾਂ ਚਾਰ ਟੀ.ਵੀ. ਚੈਨਲਾਂ ਅਤੇ ਪੰਜ ਰੇਡੀਓ ਸਟੇਸ਼ਨਾਂ ਤੇ ਇੰਟਰਵਿਊਆਂ ਹੋਈਆਂ।

ਪੰਡਾਲ ਦੀ ਸਜਾਵਟ ਅਤੇ  ਲੰਗਰ

            ਸਾਦਗੀ ਨਾਲ ਆਲੀਸ਼ਾਨ ਸਟੇਜ ਤਾਂ ਸਜਾਇਆ ਹੀ ਗਿਆ ਨਾਲ ਹਰ ਕੋਨੇ ਵਿਚ ਬੈਠੇ ਦਰਸ਼ਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਪੰਡਾਲ ਦੇ ਕੋਨੇ-ਕੋਨੇ ਵਿਚ ਵੱਡੇ ਐਲ.ਸੀ.ਡੀ. ਵੀ ਲਗਾਏ ਗਏ।

ਕਨੇਡਾ ਵਿਚ ਹੁੰਦੇ ਅਜਿਹੇ ਸਮਾਗਮਾਂ ਵਿਚ ਅਕਸਰ ਐਂਟਰੀ ਫੀਸ ਲੱਗਦੀ ਹੈ। ਕਈ ਵਾਰ ਇਹ ਫੀਸ ਸੌ-ਸੌ ਡਾਲਰ ਤੱਕ ਹੁੰਦੀ ਹੈ। ਪਰ ਵਿਆਹ ਵਾਂਗ ਸਜੇ ਪੰਡਾਲ( ਅਸਲ ਵਿਚ 5 ਸਿਤਾਰਾ ਹੋਟਲ ਦਾ ਕਰਿਸਟ ਬੈਂਕੁਇਟ ਹਾਲ) ਵਿਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ, ਪਕੌੜੇ, ਮਠਿਆਈਆਂ ਅਤੇ ਖਾਣਾ ਲੰਗਰ ਦੀ ਤਰਜ਼ ਤੇ ਵਰਤੇ1

          ਪਹਿਲੀ ਪ੍ਰਦਰਸ਼ਨੀ

          ਸਟੀਵ ਪੁਰੇਵਾਲ ਇੰਗਲੈਂਡ ‘ਚ ਜੰਮੇ-ਪਲੇ ਹਨ। ਲੰਡਨ ਦੇ ਅਜਾਇਬ ਘਰਾਂ ਦੀ ਕਈ ਸਾਲ ਖਾਕ ਛਾਣ ਕੇ, ਉਨਾਂ ਨੇ ਪਹਿਲੇ ਵਿਸ਼ਵ ਯੁੱਧ ਵਿਚ ਪੰਜਾਬੀ ਫੌਜੀਆਂ ਦੇ ਦਿਖਾਏ ਜੌਹਰਾਂ ਦੀਆਂ ਤਸਵੀਰਾਂ ਲੱਭਨ ਵਿਚ ਸਫਲਤਾ ਪ੍ਰਾਪਤ ਕੀਤੀ। । ਕਨੇਡਾ ਵਿਚ ਜਨਮੀ ਨੌਜਵਾਨ ਪੰਜਾਬੀ ਪੀੜ੍ਹੀ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਉਣ ਲਈ, ਇਹਨਾਂ ਤਸਵੀਰਾਂ ਅਤੇ ਫੋਜੀਆਂ ਨੂੰ ਪ੍ਰਾਪਤ ਹੋਏ ਵੱਡੇ ਸਨਮਾਨਾਂ (ਮੈਡਲਾਂ, ਪ੍ਰਸ਼ੰਸਾ ਪੱਤਰਾਂ ਆਦਿ) ਦੀ ਪ੍ਰਦਰਸ਼ਨੀ, ਆਪਨੀ Indus Media Foundation ਵਲੋਂ, ‘ਇੱਜਤ’ ਥੀਮ ਹੇਠ ਲਾਈ। ਹਰਦੀਪ ਕੌਰ ਝੀਤਾ, ਜੋ ਮੋਤਾ ਸਿੰਘ ਝੀਤਾ ਜੀ ਦੀ ਨੂੰਹ ਹਨ, ਇਨ੍ਹਾਂ ਦੀ ਸਹਾਇਕ ਹਨ। L.A. Matheson ਦੇ ਬੱਚਿਆਂ (ਗੁਰਨੀਤ ਸੇਠੀ ਅਤੇ ਮਨਜੋਤ ਖਹਿਰਾ) ਨੇ, Annie Ohana ਅਤੇ  ਗੁਰਪ੍ਰੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ, ਗਦਰੀ ਲਹਿਰ ਦੋਰਾਨ ਲਿਖੀ ਗਈ ਕਵਿਤਾ ਅਤੇ ਯੁੱਧ ਭੂਮੀ ਵਿਚੋਂ ਸੈਨਿਕਾਂ ਵੱਲੋਂ ਲਿਖੀਆਂ ਚਿੱਠੀਆਂ ਦਾ ਦਿਲਾਂ ਨੂੰ ਟੁੰਬਵਾਂ ਪਾਠ ਕਰਕੇ  ਦਰਸ਼ਕਾਂ ਨੂੰ ਕੀਲਿਆ।

ਦੂਜੀ ਪ੍ਰਦਰਸ਼ਨੀ

    ਪੰਡਾਲ ਦੇ ਇਕ ਕੋਨੇ ਵਿਚ ‘ਕਨੇਡੀਅਨ ਸਿੱਖ ਸਟਡੀ ਐਂਡ ਟੀਚਿੰਗ ਸੋਸਾਇਟੀ’ ਵੱਲੋਂ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ (ਸਟਾਲ) ਲਾਈ ਗਈ। ‘ਮਾਂ ਬੋਲੀ ਪੰਜਾਬੀ ਸਭਾ(ਪੰਜਾਬ)’ ਵੱਲੋਂ ਤਿਆਰ ਕੀਤੇ ‘ਵਿਸ਼ੇਸ਼ ਸੰਦੇਸ਼’ ਵੀ ਲੋਕਾਂ ਤੱਕ ਪੁੱਜਦੇ ਕੀਤੇ ਗਏ।

ਲੋਕਾਂ ਵਲੋਂ  ਭਰਵਾਂ ਹੁੰਘਾਰਾ

          ਪ੍ਰਬੰਧਕਾਂ ਦੀ ਹੱਡ ਤੋੜਵੀਂ ਮਿਹਨਤ ਦਾ ਹਾਂ ਪੱਖੀ ਸਿੱਟਾ ਨਿਕਲਿਆ। ਵੱਖ ਵੱਖ ਵਿਚਾਰਧਾਰਾਵਾਂ ਨਾਲ ਜੁੜੇ ਲੇਖਕਾਂ, ਆਰਟਿਸਟਾਂ, ਚਿੰਤਕਾਂ ਦੇ ਨਾਲ-ਨਾਲ ਮੀਡੀਏ ਨਾਲ ਜੁੜੀਆਂ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿਚ ਸੰਮੇਲਨ ਵਿਚ ਸ਼ਿਰਕਤ ਕੀਤੀ। ਸ਼ੁਰੂ ਤੋਂ ਲੈ ਕੇ ਸਮਾਗਮ ਦੀ ਸਮਾਪਤੀ ਤੱਕ ਹਾਜਰ ਰਹਿ ਕੇ ਸ਼ਰੋਤਿਆਂ ਨੇ ਵਿਦਵਾਨਾਂ ਦੇ ਵਿਚਾਰ ਸੁਣੇ ਅਤੇ ਪ੍ਰਸ਼ਨਾਂ ਦੀ ਝੜੀ ਲਾ ਕੇ ਆਪਣੇ ਸ਼ੰਕੇ ਦੂਰ ਕੀਤੇ।

ਇਸ ਤਰ੍ਹਾਂ ਪੰਜਾਬੀ ਵਿਰਸੇ ਦੀ ਜਾਣਕਾਰੀ ਦੇ ਨਾਲ ਨਾਲ ਇਸ ਸੰਮੇਲਨ ਵਿਚ ਪੰਜਾਬੀ ਭਾਸ਼ਾ ਦੀ ਜੜ੍ਹ ਤੋਂ ਲੈ ਕੇ ਮਿੱਠੇ ਫਲ ਤੱਕ ਪੁੱਜਣ ਦਾ ਸਫਰ ਤੈਅ ਹੋਇਆ। ਹਰ ਬੁਲਾਰੇ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਪ੍ਰਬੰਧਕ ਅਗਲੀਆਂ ਯੋਜਨਵਾਂ ਉਲੀਕਨ ਲਈ ਉਤਸ਼ਾਹਿਤ ਹੋਏ।

ਬੁਲਾਰੇ ਅਤੇ ਉਨਾਂ ਦੇ ਪ੍ਰਵਚਨ

(ਪਹਿਲਾ) ਡਾ.ਗੁਰਵਿੰਦਰ ਸਿੰਘ ਧਾਲੀਵਾਲ: ਜਾਇਦਾਦਾਂ ਦਾ ਲੈਣ-ਦੇਣ ਕਰਨ ਵਾਲੇ ਵੈਨਕੂਵਰ ਦੇ ਵੱਡੇ ਵਪਾਰੀ(Realtor)।ਵੈਨਕੂਵਰ ਪ੍ਰੈਸ ਕਲੱਬ ਦੇ ਵਰਤਮਾਨ ਪ੍ਰਧਾਨ। ਉਨ੍ਹਾਂ ਨੇ ‘ਕਨੇਡਾ ਵਿਚ ਪੰਜਾਬੀ ਦੀ ਸਥਿਤੀ’ ਬਾਰੇ ਵਿਚਾਰ ਰੱਖੇ।

ਭਾਸ਼ਣ : https://www.youtube.com/watch?v=f9km5dMXQh0

(ਦੂਜਾ) ਮਹਿੰਦਰ ਸਿੰਘ ਸੇਖੋਂ: ਸਾਬਕਾ ਨੇਵੀ ਅਫ਼ਸਰ। ਉਹ ਪੰਜਾਬੀ ਨੂੰ ਸਰਕਾਰੀ, ਖਾਸ ਕਰ ਕੇਂਦਰ ਸਰਕਾਰ ਨਾਲ ਸਬੰਧਤ, ਦਫ਼ਤਰਾਂ ਅਤੇ ਅਦਾਰਿਆਂ ਵਿਚ ਲਾਗੂ ਕਰਨ ਲਈ ਜ਼ਮੀਨੀ ਪੱਧਰ ਤੇ ਸਰਗਰਮ ਹਨ। ਉਨ੍ਹਾਂ ਨੇ ਪਿਛਲੇ ਸਾਲਾਂ ਵਿਚ ਕੀਤੀਆਂ ਆਪਣੀਆਂ ਸਰਗਰਮੀਆਂ ਦੀ ਜਾਣਕਾਰੀ ਦਿੱਤੀ।

ਭਾਸ਼ਣ :  https://www.youtube.com/watch?v=o0woIb25_98

(ਤੀਜਾ) ਮਿੱਤਰ ਸੈਨ ਮੀਤ: ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਵਾਲੇ ‘ਪੰਜਾਬ ਰਾਜ ਭਾਸ਼ਾ ਐਕਟ 1967’ ਦੀਆਂ ਉਹ ਕਾਨੂੰਨੀ ਚੋਰ ਮੋਰੀਆਂ ਜੋ ਪੰਜਾਬੀ ਨੂੰ ਸਰਕਾਰ, ਵਪਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣਨ ਵਿਚ ਅੜਿੱਕਾ ਅੜਾ ਰਹੀਆਂ ਹਨ, ਲੋਕਾਂ ਸਾਹਮਣੇ ਰੱਖੀਆਂ।

ਭਾਸ਼ਣ :   https://www.youtube.com/watch?v=RQVJl0ibeC4

ਚੌਥਾ) ਪ੍ਰੋ.ਪਰਮਜੀਤ ਸਿੰਘ ਸਿੱਧੂ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ। ਭਾਸ਼ਾ ਵਿਗਿਆਨੀ।। ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਤੇ ਚਰਚਾ ਕੀਤੀ।

ਮੁਆਫੀ : ਪ੍ਰਬੰਧਕਾਂ ਵਲੋਂ ਸਿੱਧੂ ਸਾਹਿਬ ਦਾ ਪ੍ਰਵਚਨ  Youtube ਤੇ ਨਹੀਂ ਪਾਇਆ ਗਿਆ।

(ਪੰਜਵਾਂ) ਹਰਿੰਦਰ ਸਿੰਘ: ਅਮਰੀਕਾ ਨਿਵਾਸੀ। ਉੱਚ ਤਕਨੀਕੀ ਸਿੱਖਿਆ ਪ੍ਰਾਪਤ (BSc in Aerospace Engineering, MS in Engineering Management) ਸਿੱਖ ਚਿੰਤਕ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੇ ਸੰਸਥਾਪਕ (Sikh Research Institute and the Panjab Digital Library)। ਪੰਜਾਬੀ ਨੂੰ ਤਕਨੀਕੀ ਤੌਰ ਤੇ ਵਿਕਸਤ ਕਰਕੇ ਵਿਸ਼ਵ ਪੱਧਰ ਦੀਆਂ ਹੋਰ ਭਾਸ਼ਾਵਾਂ ਦੇ ਹਾਣ ਦੀ ਕਿਵੇਂ ਬਣਾਇਆ ਜਾਵੇ, ਇਹ ਗੁਰ ਦੱਸੇ।

ਭਾਸ਼ਣ :  https://www.youtube.com/watch?v=jr0npkYzZYs

ਵੀਡੀਓ ਕਾਨਫਰੰਸਇੰਗ ਰਾਹੀਂ : ਡਾਕਟਰ ਅਸਮਾ ਕਾਦਰੀ- ਪੰਜਾਬ ਯੂਨੀਵਰਸਟੀ ਲਾਹੌਰ

ਕਿਸੇ ਮਜਬੂਰੀ ਕਾਰਨ ਡਾਕਟਰ ਅਸਮਾ ਕਾਦਰੀ ਜੀ ਸੰਮੇਲਨ ਵਿਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਨੇ ਆਪਣੀ ਸ਼ਿਰਕਤ ਵੀਡੀਓ ਕਾਨਫਰੰਸਇੰਗ ਰਾਹੀਂ ਕੀਤੀ।

ਪ੍ਰਵਚਨ ਦਾ ਲਿੰਕ https://youtu.be/DHx-fM9kx7M


ਮੰਚ ਸੰਚਾਲਨ : ਡਾ.ਕਮਲਜੀਤ ਕੌਰ: ਪੰਜਾਬੀ ਵਿਚ ਪੀ.ਐਚ.ਡੀ., ਗਾਗਰ ਵਿਚ ਸਾਗਰ ਭਰਨ ਵਾਲੀ, ਮਿੱਠ ਬੋਲੜੀ  ਮੰਚ ਸੰਚਾਲਕ।

—————————————————-

ਪ੍ਰਬੰਧਕ ਆਪਣੇ ਵਿਚਾਰ ਪੇਸ਼ ਕਰਦੇ ਹੋਏ:

ਬੁਲਾਰਿਆਂ ਦਾ ਸਨਮਾਨ