July 16, 2024

Mitter Sain Meet

Novelist and Legal Consultant

-ਕਨੇਡਾ ਇਕਾਈ

ਜੂਨ 2018 ਵਿੱਚ, ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ, ਕਨੇਡਾ ਨਿਵਾਸੀਆਂ ਨੇ, (ਇਹ ਰਤਨ ਹਨ ਕੁਲਦੀਪ ਸਿੰਘ, ਕਿਰਪਾਲ ਸਿੰਘ ਗਰਚਾ, ਦਵਿੰਦਰ ਸਿੰਘ ਘਟੋਰਾ, ਮੋਤਾ ਸਿੰਘ ਝੀਤਾ, ਸਤਨਾਮ ਸਿੰਘ ਜੌਹਲ ਅਤੇ ਡਾਕਟਰ ਜਗਜੀਤ ਸਿੰਘ ਸਿੱਕਾ) ਕਨੇਡਾ ਦੇ ਚਾਰ ਵੱਡੇ ਸ਼ਹਿਰਾਂ ਵਿੱਚ ਪੰਜਾਬੀ ਭਾਸ਼ਾ ਸੰਮੇਲਨ ਕਰਵਾਏ ਗਏ। ਇਹ ਸ਼ਹਿਰ ਸਨ ਵੈਨਕੂਵਰ, ਕੈਲਗਰੀ, ਐਡਮਿੰਟਨ ਅਤੇ ਬਿਨੀਪੈੱਗ। ਪੰਜਾਬ ਵਿੱਚੋਂ ਮਿੱਤਰ ਸੈਨ ਮੀਤ ਅਤੇ ਮਹਿੰਦਰ ਸਿੰਘ ਸੇਖੋ ਨੂੰ ਇਹਨਾਂ ਸੰਮੇਲਨਾਂ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ। ਖੁਸ਼ੀ ਦੀ ਗੱਲ ਸੀ ਕਿ ਸਾਰੇ ਸੰਮੇਲਨ ਬਹੁਤ ਹੀ ਕਾਮਯਾਬ ਰਹੇ।
ਇਨ੍ਹਾਂ ਸਮਾਗਮਾਂ ਦੀ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ, ਸੰਮੇਲਨਾਂ ਦੇ ਪ੍ਰਬੰਧਕਾਂ ਨੇ, ਪੰਜਾਬੋਂ ਗਏ ਦੋਸਤਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਵਾਪਸ ਪੰਜਾਬ ਜਾ ਕੇ ਕਿਸੇ ਅਜਿਹੀ ਸੰਸਥਾ ਦੀ ਸਥਾਪਨਾ ਕਰਨ ਜਿਹੜੀ ਬਿਨਾਂ ਕਿਸੇ ਸਵਾਰਥ ਦੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ ਤਨੋ ਮਨੋ ਕੰਮ ਕਰੇ। ਇਸ ਸੰਸਥਾ ਦਾ ਮੁੱਖ ਕਾਰਜ ਪਹਿਲਾਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣਾ, ਫੇਰ ਉਨਾਂ ਸਮੱਸਿਆਵਾਂ ਦੇ ਹੱਲ ਲੱਭਣੇ ਅਤੇ ਹੱਲ ਮਿਲਣ ਬਾਅਦ, ਉਨ੍ਹਾਂ ਹੱਲਾਂ ਨੂੰ ਜਮੀਨੀ ਪੱਧਰ ਤੇ ਲਾਗੂ ਕਰਾਉਣ ਲਈ ਕੰਮ ਕਰਨਾ ਹੋਵੇ। ਇਸ ਕਾਰਜ ਨੂੰ ਸਿਰੇ ਚਾੜਨ ਲਈ, ਲਗਾਤਾਰ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਉਨ੍ਹਾਂ ਸਾਰੀਆਂ ਸੰਸਥਾਵਾਂ ਨਾਲ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਸਥਾਪਤ ਕੀਤੀਆਂ ਗਈਆਂ ਹਨ, ਚਿੱਠੀ ਪੱਤਰ ਕਰਕੇ, ਸੱਮਸਿਆਵਾਂ ਦੇ ਹੱਲ ਲਈ ਬੇਨਤੀਆਂ ਕੀਤੀਆਂ ਜਾਣ। ਕੈਨੇਡਾ ਦੇ ਮਿੱਤਰਾਂ ਦੇ ਇਸ ਸੁਝਾਅ ਤੇ ਫੁੱਲ ਚੜਾ ਕੇ, ਪੰਜਾਬੋਂ ਗਏ ਮਿੱਤਰਾਂ ਨੇ, ਪੰਜਾਬ ਆ ਕੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦਾ ਗਠਨ ਕੀਤਾ। ਸੰਸਥਾ ਨੂੰ ਕੈਨੇਡਾ ਵਿੱਚ ਰਜਿਸਟਰ ਕਰਵਾਇਆ ਗਿਆ। ਅੱਜ ਸੰਸਥਾ ਦੀਆਂ 18 ਦੇਸ਼ਾਂ ਵਿੱਚ ਇਕਾਈਆਂ ਹਨ। ਅਮਰੀਕਾ ਅਤੇ ਕੈਨੇਡਾ ਦੇ ਚਾਰ ਚਾਰ ਵੱਡੇ ਸ਼ਹਿਰਾਂ ਵਿੱਚ ਵੀ ਭਾਈਚਾਰੇ ਦੀਆਂ ਇਕਾਈਆਂ ਹਨ। ਪੰਜਾਬ ਦੇ 13 ਜ਼ਿਲ੍ਹਿਆਂ ਅਤੇ ਚਾਰ ਤਹਿਸੀਲਾਂ ਵਿੱਚ ਵੀ ਇਸ ਸੰਸਥਾ ਦੀਆਂ ਇਕਾਈਆਂ ਸਰਗਰਮ ਹਨ।