July 16, 2024

Mitter Sain Meet

Novelist and Legal Consultant

‘ਵਿਸ਼ਵ ਪੰਜਾਬੀ ਸੰਮੇਲਨ ਕੈਨੇਡਾ-2018’ ਦੀ ਰਿਪੋਰਟ-2

‘ਵਿਸ਼ਵ ਪੰਜਾਬੀ ਸੰਮੇਲਨ ਕੈਨੇਡਾ-2018’ ਦੀ ਰਿਪੋਰਟ-2

ਅਗਲੇ ਤਿੰਨ ਸੰਮੇਲਨ

ਕੈਲਗਰੀ ਸੰਮੇਲਨ

          ਦੂਜਾ ਸੰਮੇਲਨ 15 ਜੂਨ 2018 ਨੂੰ ਸ਼ਾਮ ਨੂੰ 06:00 ਵਜੇ ਤੋਂ 08:00 ਵਜੇ ਤੱਕ ਦਸ਼ਮੇਸ਼ ਕਲਚਰਲ ਸੀਨੀਅਰ ਸੋਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਦਸ਼ਮੇਸ਼ ਕਲਾ ਸੈਂਟਰ ਵਿਚ ਹੋਣਾ ਸੀ। ਸੰਮੇਲਨ ਦੇ ਪ੍ਰਬੰਧ ਦੀ ਕਮਾਨ ਕੁਲਦੀਪ ਸਿੰਘ ਦੇ ਛੋਟੇ ਭਰਾ ਜਸਪਾਲ ਸਿੰਘ ਦੇ ਹੱਥ ਸੀ। ਉਨ੍ਹਾਂ ਨੇ ਦਿਨ-ਰਾਤ ਇੱਕ ਕਰਕੇ, ਕੈਲਗਰੀ ਵਸਦੇ ਪੰਜਾਬੀਆਂ ਨੂੰ ਸੰਮੇਲਨ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਸੰਮੇਲਨ ਵਿਚ ਭਾਰੀ ਇਕੱਠ ਵੀ ਹੋਇਆ। ਅਸੀਂ ਉਸੇ ਦਿਨ ਵੈਨਕੂਵਰ ਤੋਂ ਕੈਲਗਰੀ ਜਾਣਾ ਸੀ। ਤਕਨੀਕੀ ਖਰਾਬੀ ਕਾਰਨ ਜਹਾਜ਼ ਦੋ ਘੰਟੇ ਲੇਟ ਹੋ ਗਿਆ। ਇਸ ਕਾਰਨ ਅਸੀਂ ਸੰਮੇਲਨ ਵਿਚ ਸਮੇਂ ਸਿਰ ਪਹੁੰਚਣ ਤੋਂ ਖੁੰਝ ਗਏ। ਉਡੀਕ-ਉਡੀਕ ਥੱਕ ਜਾਣ ਕਾਰਨ ਬਹੁਤੇ ਸਰੋਤੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਘਰਾਂ ਨੂੰ ਚਲੇ ਗਏ। ਜਿਹੜੇ ਸਿਰੜੀ ਬੈਠੇ ਰਹੇ ਉਨ੍ਹਾਂ ਦੇ ਸਬਰ ਦੀ ਦਾਦ ਦਿੰਦਿਆਂ ਬੁਲਾਰਿਆਂ ਨੇ ਆਪਣੇ ਪ੍ਰਵਚਨ ਸੰਖੇਪ ਕਰਨ ਲਏ।

ਸੁਹਿਰਦ ਦਰਸ਼ਕ

ਬੁਲਾਰੇ

ਕੁਲਦੀਪ ਸਿੰਘ ਦਾ ਸੰਖੇਪ ਪਰ ਪ੍ਰਭਾਵਸ਼ਾਲੀ ਪ੍ਰਵਚਨ

ਹਾਜਰੀਨ ਸਾਹਮਣੇ ਬਹੁਤ ਪੱਖ ਰੱਖਣੋ ਰਹਿ ਗਏ। ਤਕਨੀਕੀ ਅੜਿੱਕੇ ਦੇ ਬਾਵਜੂਦ  ਸਮਾਗਮ ਸਫ਼ਲ ਰਿਹਾ।

ਸਾਰੇ ਸੱਜਣ ਇੱਕਠੇ

ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਚ ਹਾਜਰੀ

         ਮੁੱਖ ਸਮਾਗਮ ਵਿਚ ਰਹੀ ਕਮੀ ਅਸੀਂ 17 ਜੂਨ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਚ ਹਜ਼ਾਰਾਂ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰ ਕੇ ਪੂਰੀ ਕਰ ਲਈ।

ਅਡਮਿੰਟਨ ਸੰਮੇਲਨ

          ਤੀਜਾ ਸੰਮੇਲਨ 16 ਜੂਨ 2018 ਨੂੰ ਅਡਮਿੰਟਨ ਵਿਚ ਰੱਖਿਆ ਗਿਆ ਸੀ। ਇਹ ਸੰਮੇਲਨ ‘ਪੰਜਾਬੀ ਕਲਚਰ ਐਸੋਸੀਏਸ਼ਨ ਆਫ਼ ਅਲਬਰਟਾ’ ਦੇ ਸਹਿਯੋਗ ਨਾਲ ਹੋਣਾ ਸੀ। ਪ੍ਰਬੰਧਕੀ ਘਾਟ ਕਾਰਨ ਸਰੋਤਿਆਂ ਦੀ ਗਿਣਤੀ 20/25 ਤੇ ਹੀ ਸਿਮਟ ਗਈ। ਇਨ੍ਹਾਂ ਵਿਚੋਂ ਵੀ ਬਹੁਤੇ ਉਹ ਸਨ ਜੋ ਬਾਹਰੋਂ ਆਏ ਮਹਿਮਾਨਾਂ ਨੂੰ ਮਿਲਣ ਆਏ ਮਹਿਮਾਨਾਂ ਦੇ ਰਿਸ਼ਤੇਦਾਰ ਅਤੇ ਮਿੱਤਰ ਪਿਆਰੇ ਸਨ। ਇਹ ਸੰਮੇਲਨ ਫ਼ਿੱਕਾ ਰਹਿ ਗਿਆ।

          ਮਹਿੰਦਰ ਸਿੰਘ ਸੇਖੋਂ ਆਪਣੇ ਭਤੀਜੇ ਜਗਮੋਹਨ ਸਿੰਘ ਨਾਲ।

ਵਿਨੀਪੈਗ ਸੰਮੇਲਨ

         ‘ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਿੱਖ ਅਸੂਲਾਂ ਨੂੰ ਅਪਣਾਉਣ’ ਦੇ ਉਦੇਸ਼ਾਂ ਨੂੰ ਲੈ ਕੇ ਗਠਿਤ ‘ਭਾਈ ਕਾਹਨ ਸਿੰਘ ਨਾਭਾ ਫ਼ਾਊਂਡੇਸ਼ਨ’ ਕਈ ਸਾਲਾਂ ਤੋਂ ਵਿਨੀਪੈਗ ਵਿਚ ਸਰਗਰਮ ਹੈ। ਇਸ ਸੰਮੇਲਨ ਦੀ ਜਿੰਮੇਵਾਰੀ ਇਸ ਫ਼ਾਊਂਡੇਸ਼ਨ ਦੇ ਜ਼ਿੰਮੇ ਸੀ। ਫਾਊਂਡੇਸ਼ਨ ਦੇ ਮੁੱਖ ਸੇਵਾਦਾਰ ਡਾ.ਮਹਿੰਦਰ ਸਿੰਘ ਢਿੱਲੋਂ, ਉਪ ਸੇਵਾਦਾਰ ਬੀਬੀ ਗੁਰਹਰਜੀਤ ਕੌਰ(ਹਰਜੀਤ ਕੌਰ) ਸੰਧੂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਬੀਬੀ ਜੱਸੀ ਪੰਨੂ, ਪਰਮਦੀਪ ਸਿੰਘ ਚੱਢਾ, ਜੋਗਿੰਦਰ ਸਿੰਘ ਧਾਮੀ ਅਤੇ ਹਸਮੁੱਖ ਪਾਂਡੇ ਸਨ। ਸਾਰੇ ਹੀ ਵਿਨੀਪੈਗ ਦੀਆਂ ਨਾਮੀ-ਗ੍ਰਾਮੀ ਹਸਤੀਆਂ। ਵੈਨਕੂਵਰ ਦੇ ਉਲਟ ਇਸ ਸੰਮੇਲਨ ਦਾ ਪ੍ਰਬੰਧ ਬੀਬੀਆਂ ਦੇ ਹੱਥ ਸੀ। ਜਿਨ੍ਹਾਂ ਵਿਚ ਡਾ.ਮਹਿੰਦਰ ਸਿੰਘ ਢਿੱਲੋਂ ਦੀ ਪਤਨੀ ਜਸਮੇਰ ਕੌਰ, ਜੱਸੀ ਪੰਨੂ ਅਤੇ ਹਰਜੀਤ ਕੌਰ ਸੰਧੂ ਮੁੱਖ ਸਨ। ਹਰਜੀਤ ਕੌਰ ਸੰਧੂ ਨੇ ਉਨ੍ਹਾਂ ਭਲੇ ਜ਼ਮਾਨਿਆਂ (1963-66) ਵਿਚ ਪੰਜਾਬੀ ਅਤੇ ਸਿੱਖਿਆ ਵਿਚ ਮਾਸਟਰਜ਼ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਜਦੋਂ ਲੜਕੀਆਂ ਲਈ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕਰਨਾ ਹੀ ਫ਼ਖ਼ਰ ਵਾਲੀ ਗੱਲ ਹੁੰਦੀ ਸੀ। 8 ਸਾਲ ਉਨ੍ਹਾਂ ਨੇ ਸਿੱਧਵਾਂ ਕਾਲਜ ਵਿਚ ਪ੍ਰੋਫ਼ੈਸਰੀ ਕੀਤੀ। 1974 ਵਿਚ ਵਿਨੀਪੈਗ ਆ ਕੇ, ਕੈਨੇਡਾ ਦੇ ਨਿਯਮਾਂ ਅਨੁਸਾਰ, ਯੂਨੀਵਰਸਟੀ ਆਫ ਮੈਨਿਟੋਬਾ ਤੋਂ ਮੁੜ M.Ed. ਦੀ ਡਿਗਰੀ ਪ੍ਰਾਪਤ ਕਰਕੇ ਮੈਨਿਟੋਬਾ ਸੂਬੇ ਦੇ ਸਿੱਖਿਆ ਵਿਭਾਗ ਵਿਚ ਸੇਵਾ ਨਿਭਾਈ। ਇਕ ਸਾਲ ਗੁਰਦੁਆਰਾ ਸਿੰਘ ਸਭਾ ਦੀ ਮੁੱਖ ਸੇਵਸਦਾਰ ਦੀ ਜਿੰਮੇਵਾਰੀ ਨਿਭਾਈ। ਜੱਸੀ ਪੰਨੂ ਬੈਂਕ ਵਿਚੋਂ ਸੀਨੀਅਰ ਫਾਇਨਾਂਸ਼ਲ ਅਡਵਾਈਜ਼ਰ ਦੇ ਪ੍ਰਤਿਸ਼ਠਿਤ ਅਹੁੱਦੇ ਤੋਂ ਰਿਟਾਇਰ ਹੋਏ ਹਨ। ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਫ਼ਾਊਂਡੇਸ਼ਨ ਦੇ ਖਜ਼ਾਨੇ ਦੀ ਚਾਬੀ ਲੰਬੇ ਸਮੇਂ ਤੋਂ ਸੰਭਾਲੀ ਹੋਈ ਹੈ। ਜਸਮੇਰ ਕੌਰ ਢਿੱਲੋਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣਾ ‘ਡੇਅ ਕੇਅਰ’ ਦਾ ਕਿੱਤਾ ਸਫ਼ਲਤਾਪੂਰਵਕ ਨਿਭਾਉਂਦੇ ਰਹੇ ਹਨ। ਇਸੇ ਕਾਰਨ ਉਨ੍ਹਾਂ ਦੀ ‘ਕੇਅਰ’ ਵਿਚ ਫ਼ਾਊਂਡੇਸ਼ਨ ਦਿਨ ਦੂਣੀ ਤਰੱਕੀ ਕਰਦੀ ਆ ਰਹੀ ਹੈ। ਮਹਿੰਦਰ ਸਿੰਘ ਸੇਖੋਂ ਅਤੇ ਦਵਿੰਦਰ ਸਿੰਘ ਘਟੌੜਾ ਦੀ ਮੇਜ਼ਬਾਨੀ ਡਾ.ਮਹਿੰਦਰ ਸਿੰਘ ਢਿੱਲੋਂ ਪਰਿਵਾਰ ਨੇ ਮੋਹ ਨਾਲ ਨਿਭਾਈ।

ਉਂਝ ਬੋਰਡ ਦੇ ਪੁਰਸ਼ ਮੈਂਬਰ ਵੀ ਕਿਸੇ ਨਾਲੋਂ ਘੱਟ ਨਹੀਂ। ਜੋਗਿੰਦਰ ਸਿੰਘ ਧਾਮੀ ਫ਼ਾਊਂਡੇਸ਼ਨ ਦੇ ਮਾਸਿਕ ਰਸਾਲੇ ‘ਮਿਸ਼ਾਲ’ ਦੇ ਸੰਪਾਦਕ ਹਨ। ਚੱਢਾ ਸਾਹਿਬ ਵਿਨੀਪੈਗ ਦੀ ਅੰਤਰ-ਰਾਸ਼ਟਰੀ ਕੰਪਨੀ ਵਿਚ ਨਾਮੀ ਇੰਜੀਨੀਅਰ ਹਨ।

ਦਰਸ਼ਕ

ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰਜੀਤ ਵਿਰਕ ਹੁਰਾਂ ਨੇ ਸੰਭਾਲੀ


ਬੀਬੀ ਹਰਜੀਤ

ਪ੍ਰਬੰਧਕਾਂ ਵਲੋਂ ਸਮਾਗਮ ਦੀ ਸ਼ੁਰੂਆਤ


ਦਵਿੰਦਰ ਸਿੰਘ ਘਟੌੜਾ


ਦਵਿੰਦਰ ਸਿੰਘ ਘਟੌੜਾ: ਪ੍ਰਵਚਨ

https://www.youtube.com/watch?v=YOp0ZXtrdjU&t=27s


ਡਾ ਢਿਲੋਂ ਪ੍ਰਵਚਨ


ਡਾ.ਮਹਿੰਦਰ ਸਿੰਘ ਢਿੱਲੋਂ



ਬੀਬੀ ਹਰਜੀਤ ਕੌਰ ਸੰਧੂ


ਬੀਬੀ ਹਰਜੀਤ ਕੌਰ ਸੰਧੂ

ਮੰਚ ਸੰਚਾਲਕ ਦੀ ਪੂਰੀ ਪੇਸ਼ਕਾਰੀ

ਨੋਟ:ਮਹਿੰਦਰ ਸਿੰਘ ਸੇਖੋਂ, ਮਿੱਤਰ ਸੈਨ ਮੀਤ ਅਤੇ ਪ੍ਰੋ ਪਰਮਜੀਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਪ੍ਰਵਚਨ ਉਹੋ ਸਨ ਜੋ ਉਨਾਂ ਨੇ ਵੈਨਕੁਵਰ ਦਿੱਤੇ ਸਨ। ਉਨਾਂ ਪ੍ਰਵਚਨਾਂ ਦੇ ਲਿੰਕ ਰਿਪੋਰਟ ਨੰ:1 ਵਿਚ ਪਾਏ ਜਾ ਚੁੱਕੇ ਹਨ। ਇਸ ਲਈ ਇਥੇ ਨਹੀਂ ਦੁਹਰਾਏ ਗਏ।

ਵਕਤਾਵਾਂ ਵੱਲੋਂ ਪੰਜਾਬੀ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜੋ ਮੁੱਦੇ ਉਠਾਏ ਗਏ ਉਨ੍ਹਾਂ ਵਿਚ ਸਰੋਤਿਆਂ ਨੇ ਗਹਿਰੀ ਦਿਲਚਸਪੀ ਦਿਖਾਈ। ਜਿਸ ਦਾ ਅੰਦਾਜ਼ਾ ਉਨ੍ਹਾਂ ਵੱਲੋਂ ਵਕਤਾਵਾਂ ਤੇ ਪ੍ਰਸ਼ਨਾਂ ਦੀ ਲਾਈ ਝੜੀ ਤੋਂ ਹੁੰਦਾ ਸੀ। ਵੈਨਕੂਵਰ ਬਾਅਦ, ਇਸ ਸੰਮੇਲਨ ਰਾਹੀਂ, ਕੈਨੇਡਾ ਨਿਵਾਸੀਆਂ ਨੂੰ ਪੰਜਾਬੀ ਦੀ ਅਜੋਕੀ ਚਿੰਤਾਜਨਕ ਸਥਿਤੀ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਪੰਜਾਬੀ ਦੇ ਵਿਕਾਸ ਲਈ ਪ੍ਰੇਰਿਤ ਕਰਨ ਵਿਚ ਪ੍ਰਬੰਧਕਾਂ ਨੂੰ ਵੱਡੀ ਪ੍ਰਾਪਤੀ ਹੋਈ।

ਪ੍ਰਬੰਧਕਾਂ ਅਤੇ ਬਾਹਰੋਂ ਆਏ ਪ੍ਰਵਕਤਾਵਾਂ ਵਲੋਂ ਪੁਸਤਕ ਲੋਕ ਅਰਪਣ ਕਰਨ ਦੀ ਰਸਮ

ਮੁੱਖ ਪ੍ਰਬੰਧਕ

        ਕੈਲਗਰੀ ਵਾਂਗ ਵਿਨੀਪੈਗ ਵਿਚ ਵੀ ਐਤਵਾਰ ਨੂੰ ਦੋ ਗੁਰਦੁਆਰਾ ਸਾਹਿਬਾਂ ਵਿਚ ਜੁੜੀ ਸੰਗਤ ਨੂੰ ਸੰਬੋਧਤ ਹੋਣ ਦਾ ਅਵਸਰ ਵੀ, ਵਕਤਾਵਾਂ ਨੂੰ ਪ੍ਰਾਪਤ ਹੋਇਆ। ਗੁਰਦੁਆਰਾ ਸਿੰਘ ਸਭਾ ਵਿਚ ਇਹ ਸੁਭਾਗ ਮੈਨੂੰ ਪ੍ਰਾਪਤ ਹੋਇਆ ਅਤੇ ਗੁਰਦੁਆਰਾ ਆਫ਼ ਸਿੱਖ ਸੋਸਾਇਟੀ ਵਿਚ ਮਹਿੰਦਰ ਸਿੰਘ ਸੇਖੋਂ ਨੂੰ। ਵਕਤਾਵਾਂ ਰਾਹੀਂ ਮਾਂ ਬੋਲੀ ਪੰਜਾਬੀ ਦੇ ਪੰਜਾਬ ਵਿਚ ਮਰਨ ਕਿਨਾਰੇ ਪੁੱਜਣ ਬਾਰੇ ਪਤਾ ਲੱਗਣ ਤੇ ਸੰਗਤਾਂ ਦੇ ਮਨਾਂ ਨੂੰ ਡਾਢੀ ਠੇਸ ਲੱਗੀ। ‘ਇੱਥੇ ਬੈਠੇ ਅਸੀਂ ਕੀ ਕਰੀਏ’ ਨਮ ਅੱਖਾਂ ਨਾਲ ਸੰਗਤਾਂ ਵੱਲੋਂ ਪੁੱਛੇ ਅਜਿਹੇ ਸਵਾਲ ਪ੍ਰਬੰਧਕਾਂ ਨੂੰ ਆਪਣੇ ਮਿਸ਼ਨ ਵਿਚ ਸਫ਼ਲ ਹੋਣ ਦਾ ਹੁੰਘਾਰਾ ਭਰਦੇ ਸਨ।

          ਇਸ ਸੰਮੇਲਨ ਦੀ ਕਾਮਯਾਬੀ ਪਿੱਛੇ ਪਰਮਜੀਤ ਸਿੰਘ ਪੰਨੂ ਦਾ ਵੀ ਵਿਸ਼ੇਸ਼ ਯੋਗਦਾਨ ਸੀ। ਵਿਨੀਪੈਗ ਦੇ ਹਵਾਈ ਅੱਡੇ ਤੋਂ ਸਾਨੂੰ ਲੈਣ ਅਤੇ ਮੁੜ ਜਹਾਜ਼ ਚੜ੍ਹਾਉਣ ਤੱਕ ਉਹ ਸਾਡੇ ਅੰਗ-ਸੰਗ ਰਹੇ ਅਤੇ ਆਪਣੇ ਸੰਤ ਸੁਭਾਅ ਕਾਰਨ ਸਾਨੂੰ ਡਾਢਾ ਪ੍ਰਭਾਵਿਤ ਕਰਦੇ ਰਹੇ।