July 16, 2024

Mitter Sain Meet

Novelist and Legal Consultant

ਤਿੰਨ ਯੁੱਗ ਪੁਰਸ਼ਾ ਦੇ ਦਰਸ਼ਨ

ਕੈਨੇਡਾ ਫੇਰੀ ਦੋਰਾਣ ਤਿੰਨ ਅਜਿਹੇ ਯੁੱਗ ਪੁਰਸ਼ਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਿਹੜੇ ਵਿਦੇਸ਼ਾਂ ਵਿਚ ਬੈਠੇ ਅਤੇ ਵਧੀਆ ਜਿੰਦਗੀ ਜਿਉਂਦੇ ਹੋਏ ਵੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੀਭਾਚਾਰ ਦੇ ਵਿਕਾਸ ਲਈ ਸਰਗਰਮ ਹਨ।

1.  ‘ਨੌਜਵਾਨ ਦਿਲਾਂ ਦੀ ਧੜਕਨ’-ਸ.ਹਰਿੰਦਰ ਸਿੰਘ ਟੈਕਸਸ

                ਅੰਤਰਰਾਸ਼ਟਰੀ ਪੰਜਾਬੀ ਸਮਾਜ ਵਿਚ ਪ੍ਰਸਿੱਧੀ ਪ੍ਰਾਪਤ ਅਤੇ ‘ਨੌਜਵਾਨਾਂ ਦਿਲਾਂ ਦੀ ਧੜਕਨ’ ਖਿਤਾਬ ਨਾਲ ਸਨਮਾਨਤ ਸ.ਹਰਿੰਦਰ ਸਿੰਘ 10 ਜੂਨ ਨੂੰ ਸਰ੍ਹੀ ਵਿਚ ਹੋਣ ਵਾਲੇ ਪਹਿਲੇ ਵਿਸ਼ਵ ਪੰਜਾਬੀ ਸੰਮੇਲਨ ਦੇ ਮੁੱਖ ਬੁਲਾਰੇ ਸਨ। ਬਹੁਤੇ ਲੋਕਾਂ ਨੇ ਸਮਾਗਮ ਵਿਚ ਉਨ੍ਹਾਂ ਨੂੰ ਸੁਣਨ ਹੀ ਆਉਣਾ ਸੀ। ਪੰਜਾਬੀ ਨੂੰ ਭਾਰਤੀ ਪੰਜਾਬ ਵਿਚ ਦਰਪੇਸ਼ ਸਮੱਸਿਆਵਾਂ ਬਾਰੇ ਉਨ੍ਹਾਂ ਨਾਲ ਇਕੱਲਿਆਂ ਗੱਲ ਕਰਨ ਨੂੰ ਦਿਲ ਕਰਦਾ ਸੀ। ਪ੍ਰਬੰਧਕਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਨੇ 10 ਜੂਨ ਨੂੰ ਹੀ ਅਮਰੀਕਾ ਮੁੜ ਜਾਣਾ ਹੈ। ਸਮੇਂ ਦੀ ਘਾਟ ਕਾਰਨ ਇਹ ਇੱਛਾ ਪੂਰੀ ਹੁੰਦੀ ਨਜ਼ਰ ਨਹੀਂ ਸੀ ਆ ਰਹੀ।

                9 ਜੂਨ ਸ਼ਾਮ ਨੂੰ ਪ੍ਰਬੰਧਕਾਂ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਮਾਗਮ ਵਾਲੀ ਥਾਂ ਤੇ ਜਾਣਾ ਸੀ। ਅਸੀਂ ਵੀ ਨਾਲ ਹੀ ਸਾਂ। ਸਬੱਬੀ ਪ੍ਰਬੰਧਕਾਂ ਨਾਲ ਕੋਈ ਖਾਸ ਮੁੱਦਾ ਵਿਚਾਰਨ ਲਈ ਸ.ਹਰਿੰਦਰ ਸਿੰਘ ਉੱਥੇ ਹੀ ਆ ਗਏ। ਇਸ ਗੱਲਬਾਤ ਲਈ ਉਨ੍ਹਾਂ ਕੋਲ ਕੇਵਲ 30 ਮਿੰਟ ਦਾ ਸਮਾਂ ਸੀ। ਪਰ ਜਿਉਂ ਹੀ ਮੈਂ ਉਨ੍ਹਾਂ ਨਾਲ ਆਪਣੇ ਨਾਵਲਾਂ ਦੇ ਵਿਲੱਖਣ ਵਿਸ਼ੇ ਅਤੇ ਪੰਜਾਬ ਰਾਜ ਭਾਸ਼ਾ ਐਕਟ 1967 ਵਿਚਲੀਆਂ ਕਾਨੂੰਨੀ ਚੋਰ ਮੋਰੀਆਂ ਦੀ ਚਰਚਾ ਸ਼ੁਰੂ ਕੀਤੀ ਤਾਂ ਉਹ ਆਪਣੀ ਸਮਾਂ ਸੀਮਾ ਭੁੱਲ ਗਏ। ਅਸੀਂ ਪੂਰਾ ਇੱਕ ਘੰਟਾ ਗਹਿਰ ਗੰਭੀਰ ਗੱਲਾਂ ਕੀਤੀਆਂ।

                ਸੰਮੇਲਨ ਦੇ ਪੰਜਾਂ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਆਪਣੇ ਦੋ ਨਾਵਲ ਭੇਂਟ ਕਰਦੇ ਸਮੇਂ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਹੁਣ ਇਨ੍ਹਾਂ ਨਾਵਲਾਂ ਰਾਹੀਂ, ਅਮੀਰ ਪੰਜਾਬੀ ਸਾਹਿਤ ਦੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਹੋਣ ਲੱਗੇਗੀ।

          ਉਨ੍ਹਾਂ ਦੀ ਵਿਦਵਤਾ ਦਾ ਸਬੂਤ ਹੈ ਉਨ੍ਹਾਂ ਵਲੋਂ 10 ਜੂਨ ਵਾਲੇ ਸੰਮੇਲਨ ਵਿਚ ਕੀਤਾ ਪ੍ਰਵਚਨ।

 ਲਿੰਕ :https://www.youtube.com/watch?v=jr0npkYzZYs

2.  ‘ਨਾਨਕਸ਼ਾਹੀ ਕੈਲੰਡਰ’  ਦੇ ਸਿਰਜਕ-ਪਾਲ ਸਿੰਘ ਪੁਰੇਵਾਲ

                ਐਡਮਿੰਟਨ ਪਹੁੰਚਣ ਤੱਕ ਮੈਨੂੰ ਇਹ ਪਤਾ ਨਹੀਂ ਸੀ ਕਿ ਵਿਵਾਦਤ ‘ਨਾਨਕਸ਼ਾਹੀ ਕੈਲੰਡਰ’ ਅਤੇ ‘ਹਿਜਰੀ ਕੈਲੰਡਰ’ ਦੇ ਸਿਰਜਕ ਸ.ਪਾਲ ਸਿੰਘ ਪੁਰੇਵਾਲ ਦੀ ਤਪੋ ਭੂਮੀ ਇਹੋ ਹੈ। ਉਨ੍ਹਾਂ ਨੂੰ ਸਮਾਗਮ ਵਿਚ ਹਾਜਰ ਦੇਖ ਕੇ ਵਿਆਹ ਵਰਗਾ ਚਾਅ ਚੜ੍ਹ ਗਿਆ। ਉਨ੍ਹਾਂ ਨਾਲ ਗੱਲਾਂ ਕਰਕੇ ਅਤੇ ਫੋਟੋਆਂ ਖਿਚਵਾ ਕੇ ਇਉਂ ਲੱਗਿਆ ਜਿਵੇਂ ਅਲਬਰਟਾ ਫੇਰੀ ਸਫਲ ਹੋ ਗਈ ਹੈ।

                ਸਮਾਗਮਾਂ ਦੇ ਪ੍ਰਬੰਧਕਾਂ ਅਤੇ ਬੁਲਾਰਿਆਂ ਨਾਲ ਪੁਰੇਵਾਲ ਸਾਹਿਬ ਨੇ ਵੀ ਪੂਰਾ ਮੋਹ ਜਤਾਇਆ। ਲੰਬੇ-ਚੌੜ੍ਹੇ ਕਾਫ਼ਲੇ ਨੂੰ ਆਪਣੀ ਕੁਟੀਆ (ਸ਼ਾਨਦਾਰ ਘਰ) ਲਿਜਾ ਕੇ ਜਲ-ਪਾਨ ਕਰਵਾ ਕੇ, ਪਹਿਲਾਂ ਸਾਡਾ ਥਕੇਵਾਂ ਲਾਹਿਆ ਅਤੇ ਫੇਰ ਆਪਣੇ ਘਰ ਦੀ ਬੇਸਮੈਂਟ ਵਾਲੇ ਤਪੋ ਸਥਾਨ ਤੇ ਲੈ ਗਏ। ਆਪਣੀ ਲਾਇਬ੍ਰੇਰੀ ਵਿਚ ਜੋਤਿਸ਼ ਵਿੱਦਿਆ ਨਾਲ ਸਬੰਧਤ ਸੈਂਕੜੇ ਰੇਅਰ ਪੁਸਤਕਾਂ ਦੇ ਦਰਸ਼ਨ ਕਰਾਏ। ਵੱਡੀ ਸਕਰੀਨ ਤੇ ਆਪਣੀ ਖੋਜ ਦੇ ਜਾਦੂਈ ਨਮੂਨੇ ਦਿਖਾਏ।

ਸ ਕੁਲਦੀਪ ਸਿੰਘ ਵਲੋਂ ਤਿਆਰ ਕੀਤੀ ਇਸ ਵੀਡੀਓ ਰਾਹੀਂ ਦਰਸ਼ਨ ਕਰੋ ਉਨ੍ਹਾਂ ਦੀ ਲਾਇਬਰੇਰੀ ਅਤੇ ਕੰਮਪਿਉਟਰ ਦੇ:

                ਸ.ਕੁਲਦੀਪ ਸਿੰਘ ਨੇ ਇਸ ਸੁਨਹਿਰੀ ਮੌਕੇ ਦਾ ਪੂਰਾ ਲਾਹਾ ਲਿਆ। ਆਪਣੀ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਦਰਸ਼ਕਾਂ ਨੂੰ ਉਨ੍ਹਾਂ ਦੇ ਤਪੋਵਨ ਦੇ ਦਰਸ਼ਨ ਕਰਾਏ ਅਤੇ ਪ੍ਰਵਚਨ ਸੁਣਾਏ।

ਲਿੰਕ ਹੈhttps://www.facebook.com/kuldip.singh.90/videos/2255085841168541/?t=8

3. ਵਿਨੀਪੈਗ ਦੇ ‘ਸਰਦਾਰ’-ਡਾ ਮਹਿੰਦਰ ਸਿੰਘ ਢਿਲੋਂ

    ਪੂਰੀ ਅੱਧੀ ਸੱਦੀ ਪਹਿਲਾਂ, ਸਾਲ ਵਿਚ 6/6 ਮਹੀਨੇ ਪੰਜ ਪੰਜ ਫੁੱਟ ਬਰਫ ਹੇਠ ਧੱਸੇ ਰਹਿਣ ਵਾਲੇ ਵਿਨੀਪੈਗ ਸ਼ਹਿਰ ਵਿਚ ਆ ਕੇ ਵਸੇ, ਡਾ ਮਹਿੰਦਰ ਸਿੰਘ ਢਿਲੋਂ ਨੇ ਆਪਣਾ ਪਿਛੋਕੜ ਅਤੇ ਵਿਰਸਾ ਨਹੀਂ ਵਿਸਾਰਿਆ। ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਫੂਲਤਾ ਲਈ ਉਨ੍ਹਾਂ ਨੇ ‘ਭਾਈ ਕਾਹਨ ਸਿੰਘ ਨਾਭਾ ਫਾਉਂਡੇਸ਼ਨ’ ਦੀ ਸਥਾਪਣਾ ਕੀਤੀ ਹੋਈ ਹੈ। ਇਸ ਸੰਸਥਾ ਰਾਹੀਂ ਉਹ ਹਰ ਸਾਲ ਵੱਡੱ ਵੱਡੇ ਸਾਹਿਤਕ, ਧਾਰਮਿਕ ਅਤੇ ਸਭਿਆਚਾਰਕ ਸਮਾਗਮ ਰਚਾਉਂਦੇ ਰਹਿੰਦੇ ਹਨ।

 ਸਾਹਿਤਕ ਦੇ ਨਾਲ ਨਾਲ ਉਹ ਹੋਰ ਵੀ ਬਹੁਤ ਸਾਰੇ ਪਿੜਾਂ ਵਿਚ ਵੀ ਵਿਚਰਦੇ ਹਨ। ਆਪਣੇ ਵਿਲੱਖਣ ਕਾਰਜਾਂ ਕਾਰਨ ਹੀ ਲੋਕ ਉਨ੍ਹਾਂ ਨੂੰ ‘ਵਿਨੀਪੈਗ ਦਾ ‘ਸਰਦਾਰ’ ਨਾਂ ਨਾਲ ਹੀ ਜਾਣਦੇ ਹਨ। ਉਨ੍ਹਾਂ ਦੇ ਕੁੱਝ ਵਿਲੱਖਣ ਕਾਰਜ:

1. ਵਿਨੀਪੈਗ ਯੂਨੀਵਰਸਿਟੀ ਵਿਚ ਭਾਈ ਕਾਹਨ ਸਿੰਘ ਨਾਭਾ ਦਾ ਬੋਲ ਬਾਲਾ

ਭਾਈ ਕਾਹਨ ਸਿੰਘ ਨਾਭਾ ਦੀ ਸਿੱਖ ਕੌਮ ਨੂੰ ਦੇਣ ਬਾਰੇ ਸਾਰੀ ਦੁਨੀਆ ਨੂੰ ਜਾਣੂ ਕਰਵਾਉਣ ਲਈ, 2012 ਵਿਚ, ਉਨਾਂ ਨੇ  ਵਿਨੀਪੈਗ ਯੂਨੀਵਰਸਿਟੀ ਨਾਲ ਸੰਪਰਕ ਸਥਾਪਤ ਕੀਤਾ। 20 ਹਜ਼ਾਰ ਡਾਲਰ ਪਲਿਓਂ ਖਰਚ ਕੇ ਅਤੇ ਕੱਝ ਦੁਸਤਾਂ ਮਿੱਤਰਾਂ ਤੋਂ ਇੱਕਠਾ ਕਰਕੇ, ‘ਧਰਮ,ਸਾਹਿਤ,ਇਤਿਹਾਸ ਜਾਂ ਰਾਜਨੀਤੀ’ ਵਿਸ਼ੇ (ਖਾਸ ਕਰਕੇ ਪੰਜਾਬ ਅਤੇ ਪੰਜਾਬੀ ਨਾਲ ਸਬੰਧਤ) ਵਿਚ ਪੜਾਈ ਕਰ ਰਹੇ ਹੁਸ਼ਿਆਰ ਵਿਦਿਆਰਥੀਆਂ ਲਈ ਬਜੀਫਿਆਂ ਦਾ ਪ੍ਰਬੰਧ ਕੀਤਾ। 2013 ਤੋਂ, ਹਰ ਸਾਲ, ਦੋ ਵਿਦਿਆਰਥੀਆਂ ਨੂੰ, ਬਿਨਾ ਨਾਗਾ ਇਹ ਬਜੀਫੇ ਦਿੱਤੇ ਜਾ ਰਹੇ ਹਨ।

ਵਿਨੀਪੈਗ ਯੂਨੀਵਰਸਿਟੀ ਵੀ ਪਿੱਛੇ ਨਹੀਂ ਰਹੀ। ਭਾਈ ਕਾਹਨ ਸਿੰਘ ਨਾਭਾ ਦੀ, ਪੰਜਾਬੀ ਅਤੇ ਸਿੱਖ ਵਿਰਸੇ ਨੂੰ, ਵਿਲੱਖਣ ਅਤੇ  ਮਹਾਨ ਦੇਣ ਨੂੰ ਮਾਨਤਾ ਦਿੱਤੀ।, ਆਪਣੀ ਸੰਸਾਰ ਪ੍ਰਸਿੱਧ ਲਾਇਬਰੇਰੀ ਵਿਚ ਵਿਸੇਸ਼ “ਭਾਈ ਕਾਹਨ ਸਿੰਘ ਨਾਭਾ ਕੋਨਾ” ਸਥਾਪਤ ਕੀਤਾ । ਇਸ ਕੋਨੇ ਵਿਚ ਭਾਈ ਕਾਹਨ ਸਿੰਘ ਨਾਭਾ ਦੀਆਂ ਪੁਸਤਕਾਂ ਦੇ ਨਾਲ ਨਾਲ ਸਿੱਖ ਧਰਮ ਅਤੇ ਵਿਰਸੇ ਨਾਲ ਸਬੰਧਤ ਹੋਰ ਬੁਹਮੁੱਲੀਆਂ ਪੁਸਤਕਾਂ ਸਸ਼ੋਬਿਤ ਕੀਤੀਆਂ।

ਡਾ ਮਹਿੰਦਰ ਸਿੰਘ ਢਿਲੋਂ ਨੂੰ ਆਪਣੀ ਇਸ ਪ੍ਰਾਪਤੀ ਤੇ ਫਖਰ ਹੈ। ਜਦੋਂ ਵੀ ਕੋਈ ਮਹਿਮਾਨ ਉਨਾਂ ਨੂੰ ਮਿਲਨ ਆਉਂਦਾ ਹੈ ਤਾਂ ਉਹ ਉਸਨੂੰ ਯੂਨੀਵਰਸਿਟੀ ਲਿਜਾ ਕੇ, ਬੜੇ ਸੌਂਕ ਨਾਲ ਇਹ ਕੋਨਾ ਦਿਖਾਉਂਦੇ ਹਨ। ਸਾਨੂੰ ਇਹ ਸੁਭਾਗ 22 ਜੂਨ ਨੂੰ ਮਿਲਿਆ।

 2. ਕੈਨੇਡੀਅਨ ਮੱਨੁਖੀ ਅਧਿਕਾਰ ਮਯਿਊਜੀਅਮ ਦੀ ਸਥਾਪਣਾ ਵਿਚ ਵੱਡਾ ਯੋਗਦਾਨ

       ਦੋਹਾਂ ਪੰਜਾਬਾਂ ਵਿਚ ਹਾਲੇ ਵੀ ਇੱਕ ਕਹਾਵਤ ਮਸ਼ਹੂਰ ਹੈ। ” ਜਿਸਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ”। ਵਿਨੀਪੈਗ ਪੁੱਜਦਿਆਂ ਹੀ ਸਾਡੇ ਮੇਜ਼ਬਾਨਾਂ ਨੇ ਸਾਨੂੰ ਇਸੇ ਤਰਜ਼ ਤੇ ਸੁਚੇਤ ਕੀਤਾ। ਕਹਿੰਦੇ ਵਿਨੀਪੈਗ ਵਿਚ ਹੁਣੇ ਹੁਣੇ (2014 ਵਿਚ) ਇੱਕ ਅਤੀ-ਆਧੁਨਿਕ ‘ਮੱਨੁਖੀ ਅਧਿਕਾਰ ਮਯਿਊਜੀਅਮ’ ਦੀ ਸਥਾਪਨਾ ਹੋਈ ਹੈ। ਇਹ ਮਯਿਊਜੀਅਮ ਦੇਖੇ ਬਿਨਾਂ, ਵਿਨੀਪੈਗ ਹੀ ਨਹੀਂ, ਪੂਰੇ ਕੈਨੇਡਾ ਦੀ ਯਾਤਰਾ ਹੀ ਅਧੂਰੀ ਸਮਝੀ ਜਾਂਦੀ ਹੈ।

     ਮਯਿਊਜੀਅਮ ਵਿਚ ਦੁਨੀਆ ਭਰ ਵਿਚ ਮੱਨੁਖੀ ਅਧਿਕਾਰਾਂ ਦੀ ਪ੍ਰਾਪਤੀ ਅਤੇ ਫੇਰ ਸਲਾਮਤੀ ਲਈ ਹੋਏ ਅਤੇ ਹੋ ਰਹੇ ਸੰਘਰਸ਼ਾਂ ਦਾ ਭਾਵ ਪੂਰਣ ਦਿਖਾਵਾ ਕੀਤਾ ਗਿਆ ਹੈ। ਹੋਰ ਦੇਸ਼ਾ ਨੂੰ ਪ੍ਰਤੀਧਿਤਾ ਦੇਣ ਲਈ ਉਥੋਂ ਦੇ ਪੱਥਰ ਲਿਆ ਕੇ ਇਕ ਵਿਸ਼ੇਸ਼ ਗੈਲਰੀ ਵਿਚ ਸਜਾਏ ਗਏ ਹਨ। ਸਕੂਨ ਦੇਣ ਵਾਲੀ ਗੱਲ ਇਹ ਹੈ ਕਿ ਮੱਨੁਖੀ ਅਧਿਕਾਰਾਂ ਲਈ ਆਪਣੀਆਂ ਜਾਨਾਂ ਦੇਣ ਵਾਲੇ, ਸਾਡੇ ਕਾਮਾਗਾਟਾ ਮਾਰੂ ਜਹਾਜ਼ ਦੇ ਯੋਧਿਆਂ ਤੋਂ ਲੈ ਕਿ ਜਸਵੰਤ ਸਿੰਘ ਖਾਲੜਾ ਤੱਕ ਦੀਆਂ ਕੁਰਬਾਨੀਆਂ ਨੂੰ ਮਯਿਊਜੀਅਮ ਵਿਚ ਸਤਿਕਾਰਯੋਗ ਥਾਂ ਦਿੱਤੀ ਗਈ ਹੈ।    

     ਹੋਰ ਮੱਹਤਵਪੂਰਣ ਗੱਲ ਇਹ ਹੈ ਕਿ ਮਯਿਊਜੀਅਮ ਵਿਚ,ਕੈਨੇਡਾ ਸਰਕਾਰ ਵਲੋਂ, ਆਪਣੇ ਪੁਰਵਜ਼ ਸਾਸ਼ਕਾਂ ਵਲੋਂ, ਮੂਲ ਕੈਨੇਡਾ ਨਿਵਾਸੀਆਂ(ਲਾਲ ਭਾਰਤੀਆਂ) ਅਤੇ ਹੋਰ ਦੇਸ਼ਾਂ ਤੋਂ ਕੈਨੇਡਾ ਵਿਚ ਆਏ (ਜਾਂ ਲਿਆਂਦੇ ਗਏ) ਲੋਕਾਂ (ਕਾਮਾਗਾਟਾ ਮਾਰੂ ਜਹਾਜ਼ ਦੇ ਯੋਧਿਆਂ ਆਦਿ) ਦੇ ਮੱਨੁਖੀ ਅਧਿਕਾਰਾਂ ਦੇ ਕੀਤੇ ਘਾਣ ਤੇ ਹੁਣ ਪਸ਼ਤਾਵਾ ਕਰਨ ਅਤੇ ਮੁਆਫੀ ਮੰਗਨ ਨੂੰ, ਬੜੇ ਫਖਰ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ।

         ਵਿਨੀਪੈਗ ਵਾਲੇ ਪੰਜਾਬੀ, ਇਸ ਪ੍ਰਾਪਤੀ ਦਾ ਸਿਹਰਾ ਡਾ ਮਹਿੰਦਰ ਸਿੰਘ ਢਿੱਲੋਂ ਦੇ ਸਿਰ ਬੰਨਦੇ ਹਨ।

ਦੂਜੇ ਪਾਸੇ ਅੱਧੀ ਸੱਦੀ ਤੋਂ ਸਾਡੀਆਂ ਸਾਰੀਆਂ ਸਰਕਾਰਾਂ, ਪੰਜਾਬੀ ਭਾਸ਼ਾ ਦੇ ਅਧਾਰ ਤੇ ਬਣੇ ਪੰਜਾਬੀ ਸੂਬੇ ਵਿਚ ਹੀ, ਪੰਜਾਬੀਆਂ ਨੂੰ ਆਪਣੀ ਮਾਤ ਭਾਸ਼ਾ ਵਿਚ ਸਿੱਖਿਆ ਪ੍ਰਾਪਤ ਕਰਨ ਦੇ ਮੁੱਢਲੇ ਮੱਨੁਖੀ ਅਧਿਕਾਰ ਤੋਂ ਬਾਂਜਾ ਕਰ ਰਹੀਆਂ ਹਨ। ਹੋਰ ਵੱਡਾ ਦੁਖਾਂਤ ਇਹ ਹੈ ਕਿ ਇਸ ਮੱਨੁਖੀ ਅਧਿਕਾਰ ਦੇ ਹੋ ਰਹੇ ਸੋਸ਼ਣ ਬਾਰੇ ਕਿਧਰੋਂ ਕੋਈ ਅਵਾਜ ਵੀ ਨਹੀਂ ਉੱਠਦੀ!

———–

3. ਸਾਹਿਤ ਸਿਰਜਣਾ

  ਢਿੱਲੋਂ ਸਾਹਿਬ ਪੇਸ਼ੇ ਵਜੋਂ ਇੰਜਨੀਅਰ ਹਨ। ਫੇਰ ਵੀ ਸਾਹਿਤ ਨਾਲ ਮੱਸ ਰੱਖਦੇ ਹਨ। ਉਨ੍ਹਾਂ ਦੇ ਇਕ ਕਹਾਣੀ-ਸੰਗ੍ਰਹਿ ਦਾ ਨਾਂ ‘ ਅਣਮੁੱਕ ਵਿਆਜ’ ਹੈ।

ਜਦੋਂ ਕੋਈ ਲੇਖਕ ਆਪਣੀ ਲਿਖੀ ਪੁਸਤਕ ਆਪਣੇ ਕਿਸੇ ਮਿੱਤਰ ਨੂੰ ਭੇਂਟ ਕਰਦਾ ਹੈ ਤਾਂ ਉਸ ਨੂੰ ਲੱਗ ਰਿਹਾ ਹੁੰਦਾ ਹੈ ਜਿਵੇਂ ਉਹ ਆਪਣੀ ਪਲੇਠੀ ਸਨਤਾਨ ਆਪਣੇ ਮਿੱਤਰ ਦੀ ਝੋਲੀ ਪਾ ਰਿਹਾ ਹੈ। ਅਜਿਹੇ ਹੀ ਜਜ਼ਬੇ ਨਾਲ ਡਾ ਮਹਿੰਦਰ ਸਿੰਘ ਢਿਲੋਂ ਨੇ ਮੈਨੂੰ ਆਪਣਾ ਇਹ ਕਹਾਣੀ-ਸੰਗ੍ਰਹਿ ਭੇਂਟ ਕੀਤਾ।

ਮੇਰਾ ਮਨ ਕਹਾਣੀਆਂ ਨੂੰ ਠਰਮੇ ਨਾਲ ਪੰਜਾਬ ਜਾ ਕੇ ਪੜਨ ਦਾ ਸੀ। ਪਰ ਮੇਰੀ ਵਿਹਲੀ ਪਤਨੀ ਨੇ ਵਿਨੀਪੈਗ ਹੀ ਕਹਾਣੀਆਂ ਪੜਨੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬ ਪੁਜਣ ਤੋਂ ਪਹਿਲਾਂ ਮੁਕਾ ਵੀ ਲਈਆਂ। ਮੇਰੇ ਕੋਲ ਕਹਾਣੀਆਂ ਦੀ ਤਾਰੀਫ ਵੀ ਕੀਤੀ।

ਜਿਸ ਸੁਆਣੀ ਨੂੰ ਆਪਣੇ ਘਰਵਾਲੇ ਦੇ ਛੇ ਨਾਵਲ ਪੜਨ ਲਈ ਚਾਲੀ ਸਾਲ ਵੀ ਥੋੜੇ ਲੱਗੇ ਹੋਣ, ਉਸ ਵਲੋਂ ਕਹਾਣੀਆਂ ਦਾ ਲਗਾਤਾਰ ਪਾਠ ਕਰਨਾ, ਕਹਾਣੀਆਂ ਦੇ ਮਿਆਰੀ ਹੋਣ ਦਾ ਮੂੰਹ ਬੋਲਦਾ ਸਬੂਤ ਹੈ।