July 16, 2024

Mitter Sain Meet

Novelist and Legal Consultant

ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ

ਇਹਨਾਂ ਸੰਮੇਲਨਾਂ ਦਾ ਪ੍ਰਬੰਧ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਭਾਈਚਾਰੇ ਲਈ ਕੰਮ ਕਰਦੀਆਂ ਦੋ ਸੰਸਥਾਵਾਂ’ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ‘ ਅਤੇ ‘ ਫੈਡਰੇਸ਼ਨ ਆਫ ਸਿੱਖ ਸੋਸਾਇਟੀਜ਼ ਕੈਨੇਡਾ ‘ ਵਲੋਂ ਕੀਤਾ ਜਾ ਰਿਹਾ ਸੀ, ਇਸ ਲਈ ਖੱਬੀ ਵਿਚਾਰਧਾਰਾ ਨਾਲ ਜੁੜੇ ਲੇਖਕਾਂ,  ਲੇਖਕ ਸਭਾਵਾਂ, ਚਿੰਤਕਾਂ ਅਤੇ ਕੁੱਝ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਹਨਾਂ ਸੰਮੇਲਨਾਂ ਨੂੰ ‘ਖਾਲਿਸਤਾਨੀ’ ਗਰਦਾਨ ਕੇ, ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਘੱਟੋ-ਘੱਟ ਉਦਾਸੀਨਤਾ ਤਾਂ ਦਿਖਾਈ ਹੀ ਜਾ ਰਹੀ ਸੀ। ਪ੍ਰਬੰਧਕ ਹੋ ਰਹੇ ਇਸ ਵਿਰੋਧ ਤੋਂ ਜਾਣੂ ਸਨ। ਮੇਰੇ ਖੱਬੀ ਸੋਚ ਦਾ ਹੋਣ  ਅਤੇ ਸਿੱਖ ਨਾ ਹੋਣ ਕਾਰਨ, ਮੇਰੀ ਡਿਊਟੀ ਵੱਧੋ ਵੱਧ ਲੇਖਕਾਂ ਨੂੰ ਮਿਲਕੇ ਅਤੇ ਲੇਖਕ ਸਭਾਵਾਂ ਵਿੱਚ ਜਾ ਕੇ ਇਹ ਭਰਮ ਦੂਰ ਕਰਨ ਦੀ ਲ਼ਾਈ ਗਈ। ਵੈਨਕੂਵਰ ਪਹੁੰਚਦੇ ਹੀ ਮੈਂ ਇਹ ਮੋਰਚਾ ਸੰਭਾਲ ਲਿਆ।

1.’ਵੈਨਕੂਵਰ ਸਾਹਿਤ ਵਿਚਾਰ ਮੰਚ’ ਦੀ ਵਿਸ਼ੇਸ਼ ਮੀਟਿੰਗ- 5 ਜੂਨ 2018

ਜਰਨੈਲ ਸਿੰਘ ਸੇਖਾ ਨਾਲ ਮੇਰੀ ਜਾਣ ਪਹਿਚਾਣ ਕੋਈ 15 ਕੁ ਸਾਲ ਪਹਿਲਾਂ ਉਸ ਸਮੇਂ ਹੋਈ ਜਦੋਂ ਉਨਾਂ ਦਾ ਦੂਜਾ ਨਾਵਲ ‘ਭਗੌੜਾ’ ਨਵਾਂ ਨਵਾਂ ਪ੍ਰਕਾਸ਼ਤ ਹੋਇਆ ਸੀ। ਉਨੀਂ ਦਿਨੀ ‘ਪੰਜਾਬੀ ਨਾਵਲ ਅਕੈਡਮੀ’ ਪੂਰੀ ਤਰਾਂ ਸਰਗਰਮ ਸੀ ਅਤੇ ਮੈਂ ਅਕੈਡਮੀ ਦਾ ਜਰਨਲ ਸੱਕਤਰ ਸੀ। ਅਕੈਡਮੀ ਵਲੋਂ ਭਗੌੜਾ ਨਾਵਲ ਤੇ ਗੰਭੀਰ ਚਰਚਾ ਕਰਵਾਈ ਗਈ ਸੀ। ਉਸ ਸਮਾਗਮ ਤੋਂ ਲੈ ਕੇ ਅੱਜ ਤੱਕ ਉਨਾਂ ਨੂੰ ਪੰਜਾਬੀ ਦੇ ਪਹਿਲੀ ਕਤਾਰ ਦੇ ਨਾਵਲਕਾਰ ਵਜੋਂ ਜਾਣਿਆ ਜਾਂਦਾ ਹੈ।

ਕੈਨੇਡਾ ਫੇਰੀ ਬਾਰੇ ਮੇਰੀ ਸੇਖਾ ਸਾਹਿਬ ਨਾਲ ਪੰਜਾਬੋਂ ਹੀ ਗੱਲ ਹੋ ਗਈ ਸੀ। ਉਨਾਂ ਨੇ ਵਾਅਦਾ ਕੀਤਾ ਸੀ ਕਿ ‘ਵੈਨਕੂਵਰ ਸਾਹਿਤ ਵਿਚਾਰ ਮੰਚ’ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਉਹ ਮੈਨੂੰ ਵੈਨਕੂਵਰ ਵੱਸਦੇ ਲੇਖਕਾਂ ਨਾਲ ਮਿਲਾਉਣਗੇ।

ਆਪਣੇ ਵਾਅਦੇ ਅਨੁਸਾਰ ਉਨਾਂ ਨੇ 5 ਜੂਨ ਨੂੰ ਹੀ ਮੀਟਿੰਗ ਬੁਲਾ ਲਈ। ਮੈਂ  ਜਰਨੈਲ ਸਿੰਘ ਆਰਟਿਸਟ ਦੀ ਚਿਤ੍ਰ ਕਲਾ ਦਾ ਬਹੁਤ ਵੱਡਾ ਪ੍ਰਸੰਸਕ ਹਾਂ।ਜਦੋਂ ਪਤਾ ਲਗਿਆ ਕਿ ਇੱਕਤਰਤਾ ਉਨਾਂ ਦੀ ਤੱਪੋ ਭੂੰਮੀ, ਜਰਨੈਲ ਆਰ ਗੈਲਰੀ, ਵਿਚ ਹੋਣੀ ਹੈ ਤਾਂ ਇਕੋ ਨਿਸ਼ਾਨੇ ਨਾਲ ਦੋ ਫਲਾਂ ਦੇ ਝੋਲੀ ਆ ਪੈਣ ਕਾਰਨ ਮਨ ਖੁਸ਼ੀ ਨਾਲ ਝੂਮ ਉੱਠਿਆ।

ਕੰਮ ਵਾਲਾ ਦਿਨ ਹੋਣ ਦੇ ਬਾਵਜੂਦ, ਤੀਹ ਤੋਂ ਵੱਧ ਸਿੱਰਕਢ ਲੇਖਕਾਂ ਦੀ ਮੈਨੂੰ ਮਿਲਨ ਦੀ ਤਾਂਗ ਨੇ ਮੈਨੂੰ ਆਪਣੀਆਂ ਲਿਖਤਾਂ ਤੇ ਫਖਰ ਮਹਿਸੂਸ ਕਰਾਇਆ।

ਜਿਥੇ ਬਹੁਤੇ ਸਾਹਿਤਕਾਰਾਂ ਨੇ ਮੇਰੇ ਨਾਵਲਾਂ ਬਾਰੇ ਮੈਥੋਂ ਸਪਸ਼ਟੀਕਰਣ ਮੰਗੇ ਉਥੇ, ਸੰਮੇਲਨ ਵਿਚ ਮੇਰੇ ਵਲੋਂ ਉਠਾਏ ਜਾਣ ਵਾਲੇ ਵਿਸ਼ੇਸ਼ ਮੁੱਦੇ, ਇਸ ਸੰਮੇਲਨ ਦੀ ਹੋਰਾਂ ਨਾਲੋਂ ਭਿੰਨਤਾ ਅਤੇ ਪੰਜਾਬ ਦੇ ਮੁੱਦਿਆਂ ਨੂੰ ਕੈਨੇਡਾ ਵਿਚ ਉਠਾਏ ਜਾਣ ਦੀ ਸਾਰਥਿਕਤਾ ਬਾਰੇ, ਭਾਸ਼ਾ ਦੇ ਵਿਸ਼ੇ ਤੇ ਲੰਬੇ ਸਮੇਂ ਤੋਂ( ਖਾਸ ਕਰ ਪੰਜਾਬੀ ਨੂੰ ਕੈਨੇਡਾ ਵਿਚ ਬਣਦੀ ਥਾਂ ਦਿਵਾਉਣ ਲਈ) ਕੰਮ ਕਰਦੇ ਆ ਰਹੇ ਸਾਧੂ ਬਨਿੰਗ ਅਤੇ ਭੁਪਦਿੰਰ ਮੱਲੀ ਨੇ ਬੇਬਾਕ ਹੋ ਕੇ ਤਿੱਖੇ ਪ੍ਰਸ਼ਨ ਪੁੱਛੇ। ਹਾਜਰ ਲੇਖਕਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਸੰਮੇਲਨ ਦੇ ਪ੍ਰਬੰਧਕ ਕਿਰਪਾਲ ਸਿੰਘ ਗਰਚਾ ਜੀ ਨੇ ਦਿੱਤਾ।

ਇਸ ਮਿਲਨੀ ਦੀ ਵੱਡੀ ਪ੍ਰਾਪਤੀ ਇਹ ਰਹੀ ਕਿ ਸਾਧੂ ਬਨਿੰਗ ਅਤੇ ਮੱਲੀ ਦੇ ਨਾਂ ਮੇਰੇ ਪੱਕੇ ਦੋਸਤਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ।

ਹਾਜ਼ਰ ਸਾਹਿਤਕਾਰਾਂ ਦੇ ਨਾਂ ਨਹੀਂ ਲਿਖ ਰਿਹਾ। ਉਨਾਂ ਦੇ ਚਿਹਰੇ ਦਿਖਾ ਰਿਹਾ ਹਾਂ। ਜੋ ਮਿੱਤਰ ਫੋਟੋ ਤੋਂ ਪਹਿਲਾਂ ਚਲੇ ਗਏ ਉਨਾਂ ਵਿਚੋਂ ਕੁਝ ਨਾਂ ਯਾਦ ਹਨ। ਉਹ ਹਨ: ਡਾ. ਪੂਰਨ ਸਿੰਘ , ਭਵਖੰਡਣ ਰੱਖਰਾ ਅਤੇ ਅੰਗ੍ਰੇਜ਼ ਬਰਾੜ।

2. ਕੇਂਦਰੀ ਪੰਜਾਬੀ ਲੇਖ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਵਿਚ ਹਾਜਰੀ-9 ਜੂਨ 2018

      9 ਜੂਨ ਨੂੰ ਕੇਂਦਰੀ ਪੰਜਾਬੀ ਲੇਖ ਸਭਾ (ਉੱਤਰੀ ਅਮਰੀਕਾ) ਵੱਲੋਂ ਇੱਕ ਵੱਡਾ ਸਾਹਿਤਕ ਸਮਾਗਮ ਵੈਨਕੂਵਰ ਵਿਚ ਰੱਖਿਆ ਗਿਆ ਸੀ। ਕੈਨੇਡਾ ਦੇ ਨਾਮਵਰ ਸਾਹਿਤਕਾਰ ਚਰਨ ਸਿੰਘ ਵਿਰਦੀ ਦੀਆਂ ਇਕੱਠੀਆਂ ਸੱਤ ਪੁਸਤਕਾਂ ਲੋਕ ਅਰਪਣ ਕੀਤੀਆਂ ਜਾਣੀਆਂ ਸਨ। ਸਭਾ ਦੇ ਪ੍ਰਬੰਧਕਾਂ ਨੇ, ਸਨਮਾਨ ਵਜੋਂ, ਵਿਸ਼ੇਸ਼ ਸੱਦੇ ਰਾਹੀਂ, ਮੈਨੂੰ ਸਮਾਗਮ ਵਿਚ ਸ਼ਾਮਲ ਹੋਣ ਅਤੇ ਆਪਣੀ ਸਿਰਜਣ ਪ੍ਰਕ੍ਰਿਆ ਹਾਜਰੀਨ ਨਾਲ ਸਾਂਝੀ ਕਰਨ ਦਾ ਮੌਕਾ ਦਿੱਤਾ । ਲੇਖਕਾਂ ਦੇ ਭਰਪੂਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੈਨੂੰ ਫ਼ਖਰ ਤਾਂ ਮਹਿਸੂਸ ਹੋਇਆ ਹੀ ਨਾਲ ਇਹ ਸਕੂਨ ਵੀ ਮਿਲਿਆ ਕਿ ਮੇਰੀਆਂ ਰਚਨਾਵਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਲਾਹੁਣ ਵਾਲੇ ਬਹੁਤ ਹਨ।

ਅਗਲੇ ਦਿਨ ਹੋਣ ਵਾਲੇ ਵਿਸ਼ਵ ਪੰਜਾਬੀ ਸੰਮੇਲਨ ਦੇ ਪ੍ਰਬੰਧਕ, ਸ.ਮੋਤਾ ਸਿੰਘ ਝੀਤਾ ਜੀ ਨੇ  ਹਾਜ਼ਰ ਲੇਖਕਾਂ ਨੂੰ ਸੰਮੇਲਨ ਵਿਚ ਹੁੰਮਹੁਮਾ ਕੇ ਪੁੱਜਣ ਦਾ ਸੱਦਾ ਦਿੱਤਾ। ਇਹ ਬੇਨਤੀ ਪ੍ਰਵਾਨ ਹੋਈ।ਸਭਾ ਦੇ ਪ੍ਰਬੰਧਕਾਂ ਸਮੇਤ ਪੰਜਾਹ ਦੇ ਲੱਗ ਭੱਗ ਲੇਖਕਾਂ ਨੇ ਸੰਮੇਲਨ ਵਿਚ ਸ਼ਾਮਲ ਹੋ ਕਿ ਮਾਂ ਬੋਲੀ ਪੰਜਾਬੀ ਦੀ ਸ਼ਾਨ ਵਧਾਈ।

ਇਨ੍ਹਾਂ ਮੀਟਿੰਗਾ ‘ਚ ਜਾਣ ਦੇ ਉਸਾਰੂ ਸਿੱਟੇ ਨਕਲੇ। ਅੱਧਿਆਂ ਨਾਲੋਂ ਵੱਧ ਲੇਖਕਾਂ ਨੇ ਵੈਨਕੂਵਰ ਵਾਲੇ ਸੰਮੇਲ ਵਿਚ ਸ਼ਿਰਕਤ ਕੀਤੀ।

3. ਸੂਫੀ ਅਮਰਜੀਤ ਨਾਲ ਭਰਤ ਮਿਲਾਪ– 25 ਜੂਨ 2018

       ਮਾਰਕਸੀ ਚਿੰਤਕ, ਅਲੋਚਕ ਅਤੇ ਸਾਹਿਤ ਸਿਰਜਕ ਸੂਫੀ ਅਮਰਜੀਤ ‘ਰਾਏਕੋਟ ਬੱਸੀਆਂ’ ਵਾਲੇ ਮਸ਼ਹੂਰ ਪਿੰਡ ਬੱਸੀਆਂ ਤੋਂ ਉੱਠ ਕੇ 1970 ਵਿਚ ਕੈਨੇਡਾ ਗਏ ਸਨ। 1986 ਵਿਚ ਰਾਮਪੁਰਾ ਫੂਲ ਤੋਂ ਬਦਲ ਕੇ ਮੈਂ ਜਗਰਾਓਂ ਆਇਆ। ਇਥੇ ਮੇਰੇ ਸਾਹਿੱਤਕ ਗੁਰੂ ਕਾ ਸੁਰਜੀਤ ਗਿੱਲ ਨੇ ਮੇਰੀ ਉਨਾਂ ਨਾਲ ਜਾਣ ਪਹਿਚਾਣ ਕਰਾਈ। ਫੇਰ ਸਾਡਾ ਸਾਥ ਉਮਰਾਂ ਭਰ ਦਾ ਹੋ ਗਿਆ। ਉਨਾਂ ਨੇ ਮੇਰੀ ਹਰ ਰਚਨਾ ਨੂੰ ਗਹੁ ਨਾਲ ਪੜਿਆ, ਘੋਖਿਆ ਅਤੇ ਅਲੋਚਨਾਤਮਿਕ ਲੇਖ ਲਿਖੇ। ‘ਕੌਰਵ ਸਭਾ’ ਨਾਵਲ ਦਾ ਖਰੜਾ ਪੜ ਕੇ ਮੈਨੂੰ ਕਈ ਕੀਮਤੀ ਸਿੁਝਾ ਦਿੱਤੇ ਜਿੰਨਾਂ ਅਨੁਸਾਰ ਮੈਂ ਨਾਵਲ ਨੂੰ ਸੋਧਿਆ।

ਰਟਿਾਇਰ ਹੋਣ ਬਾਅਦ ਉਹ ਹਰ ਸਾਲ ਪਿੰਡ ਗੇੜਾ ਮਾਰਨ ਲੱਗੇ। ਹਰ ਵਾਰ ਅਸੀਂ ਕਈ ਕਈ ਵਾਰ ਮਿਲਦੇ। ਸਾਹਿਤਕ ਸਰਗਰਮੀਆਂ ਕਰਦੇ।

ਕੁਝ ਸਾਲ ਤੋਂ ਬਿਮਾਰੀ ਨੇ ਉਨਾਂ ਦੇ ਸਰੀਰ ਨੂੰ ਘੇਰਨਾ ਸ਼ੁਰੂ ਕੀਤਾ ਹੋਇਆ ਸੀ। ਇਸ ਕਾਰਨ ਉਨਾਂ ਦਾ ਪੰਜਾਬ ਦੌਰਾ ਘਟਿਆ ਹੋਇਆ ਸੀ। ਇਹੋ ਜਿਹਾ ਹਾਲ ਮੇਰਾ ਸੀ। ਇਸ ਲਈ ਕੁਝ ਸਮੇਂ ਤੋਂ ਸਾਡਾ ਆਪਸੀ ਸੰਪਰਕ ਟੁਟਿਆ ਹੋਇਆ ਸੀ।

ਸ਼ੁਰੂ ਤੋਂ ਹੀ ਮੇਰੇ ਵਿਦੇਸ਼ਾ ਵਿਚ ਬਹੁਤੇ ਸੰਪਰਕ ਨਹੀਂ ਹਨ। ਕਿਸੇ ਵਿਦੇਸ਼ ਵਸਦੇ ਵਿਅਕਤੀ ਨੂੰ ਜਿਹੜੀ ਮੈਂ ਪਹਿਲੀ ਚਿੱਠੀ ਲਿਖੀ ਸੀ ਉਹ ਸੂਫੀ ਹੀ ਸੀ। ਹੁਣ ਵੀ ਸਾਰੇ ਕੈਨੇਡਾ ਵਿਚ ਉਹੋ ਮੇਰਾ ਇਕੋ ਇਕ ਮਿੱਤਰ ਸੀ ਜਿਸ ਦੇ ਘਰ ਮੇਰੀ ਠਹਿਰ ਹੋ ਸਕਦੀ ਸੀ। ਯਤਨ ਕਰਨ ਦੇ ਬਾਵਜੂਦ ਵੀ ਮੈਨੂੰ ਕੈਨੇਡਾ ਪਹੁੰਚਣ ਤੱਕ ਉਨਾਂ ਦਾ ਥੁਹ ਪਤਾ ਨਹੀਂ ਨਾ ਮਿਲਿਆ। ਸਮਾਗਮ ਵਾਲੇ ਦਿਨ ਤੱਕ ਕੈਨੇਡਾ ਜਾ ਕੇ ਵੀ ਨਹੀਂ।

ਉਹ ਸਮਾਗਮ ਵਿਚ ਆਏ ਅਤੇ ਮੈਨੂੰ ਵਿਸ਼ੇਸ਼ ਤੌਰ ਤੇ ਮਿਲੇ। ਉਨਾਂ ਨੂੰ ਘੁਟ ਕੇ ਕਲਾਵੇ ਵਿਚ ਲੈਂਦਿਆ ਮੈਨੂੰ ਲਗਿਆ ਜਿਵੇਂ ਸਾਰਾ ਕੈਨੇਡਾ ਮੇਰੀ ਮੱਠੀ ਵਿਚ ਆ ਦਿਆ ਸੀ।

ਸਮਾਂ ਮਿਲਦੇ ਹੀ(25 ਜੂਨ ਨੂੰ) ਅਸੀਂ ਉਨਾਂ ਦੇ ਘਰ ਪਹੁੰਚ ਗਏ। ਕਈ ਘੰਟੇ ਮਨਾਂ ਦੀ ਭੜਾਸ ਕੱਢੀ।

ਇੱਛਾ ਸੀ ਇਕ ਰਾਤ ਉਨਾਂ ਕੋਲ ਰਹਿ ਕੇ ਢੇਰ ਸਾਰੀਆਂ ਗੱਲਾਂ ਕਰੀਏ। ਉਨਾਂ ਨਾਲ ਫੇਰ ਕਿਸੇ ਦਿਨ ਆਉਣ ਦਾ ਵਾਅਦਾ ਵੀ ਕੀਤਾ। ਪਰ ਇਹ ਇੱਛਾ ਪੂਰੀ ਨਾ ਹੋਈ।

ਜੇ  ਫੇਰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤਾਂ ਇਹ ਗੁਸਤਾਖੀ ਨਹੀਂ ਹੋਵੇਗੀ।

4. ਕੈਨੇਡਾ ਵਿਚ ਪੰਜਾਬੀ ਦੇ ਵਿਕਾਸ ਲਈ ‘ਜੁਗਤਾਂ’ ਲੜਾ ਰਹੇ ਸਾਧੂ ਬਿਨਿੰਗ ਨਾਲ ਨੇੜਤਾ ਬਣਾਉਣ ਦਾ ਅਫਸਰ-27 ਜੂਨ 2018

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਜੋਗਿੰਦਰ ਸਿੰਘ ਰਾਹੀ ਨਾਲ ਮੇਰੀ ਪਹਿਚਾਣ 1990 ਵਿਚ ਉਸ ਸਮੇਂ ਹੋਈ ਜਦੋਂ ਉਹ ਮੇਰੇ ਨਾਵਲ ਤਫਤੀਸ਼ ਤੇ ਬਰਨਾਲੇ ਹੋਈ ਗੋਸ਼ਟੀ ਵਿਚ, ਇਸ ਨਾਵਲ ਤੇ ਪਰਚਾ ਪੜਨ ਆਏ ਸਨ। ਹੌਲੀ ਹੌਲੀ ਇਹ ਪਹਿਚਾਣ ਮਿੱਤਰਤਾ ਵਿਚ ਬਦਲ ਗਈ। ਫੇਰ ਜਦੋਂ ਵੀ ਕਦੇ ਉਹ ਮਾਲਵੇ ਵੱਲ ਆਉਂਦੇ ਤਾਂ ਰਾਤ ਮੇਰੇ ਕੋਲ ਹੀ ਠਹਿਰਦੇ। ਉਹ ਪੜਦੇ ਭਾਵੇਂ ਬਹੁਤ ਸਨ ਪਰ ਤਾਰੀਫ ਕਿਸੇ ਵਿਰਲੀ ਰਚਨਾ ਦੀ ਹੀ ਕਰਦੇ ਹਨ। 2002 ਵਿਚ ਸਾਧੂ ਬਿਨਿੰਗ ਦਾ ਨਾਵਲ ‘ਜੁਗਤੂ’ ਪ੍ਰਕਾਸ਼ਿਤ ਹੋਇਆ। ਰਾਹੀ ਸਾਹਿਬ ਦੀ ਸਿਫਾਰਸ਼ ਤੇ ਮੈਂ ਇਹ ਨਾਵਲ ਪੜਿਆ, ਉਨਾਂ ਨਾਲ ਵਿਚਾਰਿਆ ਅਤੇ ਨਾਵਲ ਕਲਾ ਦੀਆਂ ਬਹੁਤ ਸਾਰੀਆਂ ਜੁਗਤਾਂ ਇਸ ਨਾਵਲ ਰਾਹੀਂ ਸਿੱਖੀਆਂ।

ਸਾਧੂ ਬਿਨਿੰਗ ਨਾਲ ਕਦੇ ਮੁਲਾਕਾਤ ਤਾਂ ਨਾ ਹੋ ਸਕੀ ਪਰ ਲਿਖਤਾਂ ਰਾਹੀਂ ਸਦਾ ਉਨਾਂ ਨਾਲ ਜੁੜਿਆ ਰਿਹਾ। 5 ਜੂਨ ਨੂੰ ‘ਵੈਨਕੂਵਰ ਸਾਹਿਤ ਮੰਚ’ ਦੀ ਵਿਸੇਸ਼ ਇੱਤਰਤਾ ਵਿਚ ਉਨਾਂ ਨਾਲ ਪਹਿਲੀ ਮੁਲਾਕਾਤ ਹੋਈ।

ਜਿਸ ਸੰਮੇਲਨ ਵਿਚ ਮੈਂ ਬੋਲਨ ਆਇਆ ਸੀ ਉਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪਸਾਰ’ ਸੀ। ਮੁੱਖ ਚਰਚਾ ਚੜਦੇ ਪੰਜਾਬ ਅਤੇ ਕੈਨੇਡਾ ਵਿਚ ਪੰਜਾਬੀ ਦੀ ਵਰਤਮਾਣ ਸਥਿਤੀ ਬਾਰੇ ਹੋਣੀ ਸੀ। ਪੰਜਾਬ ਵਿਚ ਪੰਜਾਬੀ ਦੀ ਹੋ ਰਹੀ ਦੁਰਦਸ਼ਾ ਦਾ ਤਾਂ ਮੈਂ ਚਸ਼ਮਦੀਦ ਗਵਾਹ ਹਾਂ। ਪਰ ਕੈਨੇਡਾ ਵਿਚਲੀ ਪੰਜਾਬੀ ਦੀ ਸਥਿਤੀ ਤੋਂ ਪੂਰੀ ਤਰਾਂ ਅਣਭਿਜ ਸਾਂ। ਪੰਜਾਬੀ ਨੂੰ ਬਣਦੀ ਥਾਂ ਦਿਵਾਉਣ ਲਈ ਪੰਜਾਬੀਆਂ ਵਲੋਂ ਕੈਨੇਡਾ ਵਿਚ ਕੀਤੇ ਸੰਘਰਸ਼ਾਂ, ਵਰਤਮਾਨ ਸੁੱਖਦ ਸਥਿਤੀ ਅਤੇ ਹੋਰ ਬਿਹਤਰੀ ਲਈ ਹੋ ਰਹੇ ਯਤਨਾਂ ਬਾਰੇ ਉਨਾਂ ਨੇ ‘ਕਨੇਡਾ ਵਿੱਚ ਪੰਜਾਬੀ ਬੋਲੀ’ ਪੁਸਤਕ ਲਿਖੀ ਹੈ। ਉਨਾਂ ਨੇ ਇਹ ਪੁਸਤਕ ਮੈਨੂੰ ਪੜਨ ਲਈ ਦਿੱਤੀ। ਚੂਹੇ ਨੂੰ ਜਿਵੇਂ ਹਲਦੀ ਦੀ ਗੱਠੀ ਲੱਭ ਗਈ ਹੋਵੇ। ਭਾਵੇਂ ਮੈਂ ਇਸ ਵਿਸ਼ਾ ਤੇ ਨਹੀਂ ਸੀ ਬੋਲਨਾ ਫੇਰ ਵੀ ਮੈਂ ਦੋ ਦਿਨਾਂ ਵਿਚ ਇਹ ਪੁਸਤਕ ਪੜ ਨਹੀਂ ਗੁੜ ਦਿੱਤੀ। ‘ਜੁਗਤੂ’ ਵਾਂਗ ਇਕ ਵਾਰ ਫੇਰ ਮੇਰੇ ਦਿਮਾਗ ਦੇ ਕਪਾੜ ਖੁਲੇ। ਮੈਂ ਫੋਨ ਕਰਕੇ ਨਾਲੇ ਸਾਧੂ ਬਿਨਿੰਗ ਨੂੰ ਵਧਾਈ ਦਿੱਤੀ ਨਾਲੇ ਮਿਲਨ ਦੀ ਇੱਛਾ ਜਤਾਈ।

27 ਜੂਨ ਨੂੰ ਸਮਾਂ ਕੱਢ ਕੇ ਉਹ ਆਪ ਸਾਡੀ ਰਿਹਾਇਸ਼ ਵਾਲੀ ਥਾਂ ਤੇ ਆ ਗਏ। ਪੂਰੇ ਚਾਰ ਘੰਟੇ ਅਸੀਂ ਪੰਜਾਬ ਤੋਂ ਲੈ ਕੇ ‘ਮੰਗਲ ਗ੍ਰਹਿ ਤੱਕ ਬਾਰੇ ਵਿਚਾਰਾਂ ਕੀਤੀਆਂ।