July 16, 2024

Mitter Sain Meet

Novelist and Legal Consultant

ਧਾਰਾ 498-ਏ -Section 498-A ( ਅੱਤਿਆਚਾਰ) ਦਾ ਜੁਰਮ-3

ਪਤਨੀ ਉੱਪਰ ਅੱਤਿਆਚਾਰ(ਧਾਰਾ 498-ਏ ਦਾ ਜੁਰਮ)

           ਟਰਮ ‘ਅੱਤਿਆਚਾਰ’ ਆਈ.ਪੀ.ਸੀ. ਦੀ ਧਾਰਾ 498-ਏ ਵਿਚ ਦਿੱਤੇ ਸਪੱਸ਼ਟੀਕਰਨ ਵਿਚ ਪਰਿਭਾਸ਼ਿਤ ਕੀਤੀ ਗਈ ਹੈ। ਇਸ ਪਰਿਭਾਸ਼ਾ ਅਨੁਸਾਰ ਅੱਤਿਆਚਾਰ ਦੋ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਦੁਰਵਿਵਹਾਰ ਅਤੇ ਤੰਗ ਪਰੇਸ਼ਾਨ ਕਰਕੇ।

  1. ਦੁਰਵਿਵਹਾਰ ਦੇ ਮੂਲ ਤੱਤ

(ੳ)     ਦੁਰਵਿਵਹਾਰ ਜਾਣ ਬੁੱਝ ਕੇ ਕੀਤਾ ਜਾਂਦਾ ਹੋਵੇ।

(ਅ)     ਇਹ ਸਰੀਰਿਕ ਵੀ ਸਕਦਾ ਹੈ ਅਤੇ ਮਾਨਸਿਕ ਵੀ।

(ੲ)     ਦੁਰਵਿਵਹਾਰ ਲਗਾਤਾਰ ਹੁੰਦਾ ਹੋਵੇ।

(ਸ)     ਦੁਰਵਿਵਹਾਰ ਦੇ ਪ੍ਰਭਾਵ: ਅਜਿਹੇ ਵਿਵਹਾਰ ਕਾਰਨ ਇਸਤਰੀ

(i)       ਆਤਮ ਹੱਤਿਆ ਕਰ ਲਵੇ ਜਾਂ ਕਰਨ ਬਾਰੇ ਸੋਚਣ ਲਈ ਮਜ਼ਬੂਰ ਹੋ ਜਾਵੇ।

(ii)      ਉਸਦੀ ਜ਼ਿੰਦਗੀ, ਸਿਹਤ ਜਾਂ ਸਰੀਰ ਦਾ ਕੋਈ ਅੰਗ ਖਤਰੇ ਵਿਚ ਪੈ ਜਾਵੇ। ਜਿਵੇਂ ਕਿ ਪਤਨੀ ਨੂੰ ਲਗਾਤਾਰ ਭੁੱਖਾ ਰੱਖਣਾ ਜਾਂ ਉਸਦਾ ਇਲਾਜ ਨਾ ਕਰਾਉਣਾ।

(iii)     ਉਸਦੀ ਜ਼ਿੰਦਗੀ, ਸਿਹਤ ਜਾਂ ਸਰੀਰ ਦੇ ਕਿਸੇ ਅੰਗ ਨੂੰ ਸੱਚਮੁੱਚ ਗੰਭੀਰ ਚੋਟ (ਨੁਕਸਾਨ) ਪੁੱਜ ਜਾਵੇ। ਜਿਵੇਂ ਕਿ ਕੁੱਟਮਾਰ ਕਾਰਨ ਲੱਤ ਬਾਂਹ ਦਾ ਟੁੱਟ ਜਾਣਾ।

ਮਾਨਸਿਕ ਦੁਰਵਿਵਹਾਰ ਦੀਆਂ ਕੁਝ ਉਦਾਹਰਣਾਂ

(ੳ)     ਔਰਤ ਦੇ ਲਗਾਤਾਰ ਕੁੜੀਆਂ ਦਾ ਪੈਦਾ ਹੋਣ ਤੇ।

(ਅ)     ਬਾਂਝ ਜਾਂ ਕਰੂਪ ਹੋਣ ਤੇ ।

(ੲ)     ਪਤੀ ਦੇ ਹੋਰ ਇਸਤਰੀਆਂ ਨਾਲ ਨਜਾਇਜ਼ ਸਰੀਰਕ ਸਬੰਧ ਹੋਣਾ।

(ਸ)     ਚਾਲ ਚਲਨ ਤੇ ਸ਼ੱਕ ਕਰਨਾ।

(ਹ)     ਬਿਨ੍ਹਾਂ ਕਾਰਨ ਬੱਚਿਆਂ ਤੋੱ ਵੱਖ ਕਰਨਾ ਆਦਿ।

2. ਤੰਗ ਪਰੇਸ਼ਾਨ ਕਰਨਾ ਦੇ ਮੂਲ ਤੱਤ

(ੳ)     ਨਗਦੀ ਜਾਂ ਜਾਇਦਾਦ ਦੀ ਮੰਗ: ਪਹਿਲਾਂ ਪਤੀ ਜਾਂ ਉਸਦੇ ਕਿਸੇ ਰਿਸ਼ਤੇਦਾਰ ਵੱਲੋਂ ਪਤਨੀ ਜਾਂ ਉਸਦੇ ਕਿਸੇ ਰਿਸ਼ਤੇਦਾਰ ਤੋਂ ਗੈਰ ਕਾਨੂੰਨੀ ਢੰਗ ਨਾਲ ਕਿਸੇ ਨਗਦੀ, ਵਸਤੂ ਜਾਂ ਜਾਇਦਾਦ ਦੀ ਮੰਗ ਕਰਨਾ।

(ਅ)     ਉਦੇਸ਼: ਫਿਰ ਉਸ ਮੰਗ ਨੂੰ ਪੂਰਾ ਕਰਾਉਣ ਦੇ ਉਦੇਸ਼ ਨਾਲ

ਜਾਂ

ਅਜਿਹੀ ਮੰਗ ਪੂਰੀ ਕਰਨ ਵਿਚ ਅਸਮਰੱਥ ਰਹਿਣ ਕਾਰਨ ਪਤਨੀ ਜਾਂ ਉਸਦੇ ਰਿਸ਼ਤੇਦਾਰ ਨੂੰ ਤੰਗ ਪਰੇਸ਼ਾਨ ਕਰਨਾ।

ਨੋਟ:     ਕਾਨੂੰਨ ਦੀ ਇਹ ਵਿਸ਼ੇਸ਼ ਵਿਵਸਥਾ ਦਹੇਜ ਦੀ ਮੰਗ ਨੂੰ ਸਜ਼ਾ ਯੋਗ ਅਪਰਾਧ ਬਣਾਉਣ ਲਈ ਕੀਤੀ ਗਈ ਹੈ

 ਇਸ ਜ਼ੁਰਮ ਦੇ ਭਾਗੀਦਾਰ

ਪਤੀ ਜਾਂ/ਅਤੇ ਉਸਦੇ ਕਸੂਰਵਾਰ ਰਿਸ਼ਤੇਦਾਰ

ਇਸ ਜ਼ੁਰਮ ਦੀ ਸਜ਼ਾ

          ਧਾਰਾ 498-ਏ ਦੇ ਜ਼ੁਰਮ ਲਈ ਤਿੰਨ ਸਾਲ ਤੱਕ ਦੀ ਕੈਦ ਅਤੇ ਜ਼ੁਰਮਾਨਾ ਹੋ ਸਕਦਾ ਹੈ।

 ਇਸ ਜ਼ੁਰਮ ਬਾਰੇ ਡੂੰਘੀ ਜਾਣਕਾਰੀ

          1. ਲਗਾਤਰ ਬਣੇ ਰਹਿਣ ਵਾਲਾ ਜ਼ੁਰਮ (continuing offence)

 

ਇਹ ਜ਼ੁਰਮ ਪਤਨੀ ਦੇ ਸਹੁਰਾ ਘਰ ਛੱਡ ਦੇਣ ਨਾਲ ਸਮਾਪਤ ਨਹੀਂ ਹੋ ਜਾਂਦਾ। ਇਹ ਲਗਾਤਾਰ ਬਣੇ ਰਹਿਣ ਵਾਲਾ ਜ਼ੁਰਮ ਹੈ।

2. ਮੁਕੱਦਮੇ ਦੀ ਸੁਣਵਾਈ ਵਾਲੀ ਥਾਂ

(ੳ)     ਹੋ ਸਕਦਾ ਹੈ ਕਦੇ ਕਿਸੇ ਇੱਕ ਸਥਿਤੀ ਵਿੱਚ ਅੱਤਿਆਚਾਰ ਕਿਸੇ ਇੱਕ ਥਾਂ ਕੀਤਾ ਜਾਵੇ ਅਤੇ ਉਸ ਅੱਤਿਆਚਾਰ ਵਿੱਚ ਕਈ ਦੋਸ਼ੀਆਂ ਵੱਲੋਂ ਹਿੱਸਾ ਲਿਆ ਜਾਵੇ। ਕਿਸੇ ਹੋਰ ਸਥਿਤੀ ਵਿੱਚ ਅੱਤਿਆਚਾਰ ਕਿਸੇ ਹੋਰ ਥਾਂ ਕੀਤਾ ਜਾਵੇ ਅਤੇ ਉਸ ਵਿੱਚ ਕੇਵਲ ਇਕੋ ਦੋਸ਼ੀ ਹਿੱਸਾ ਲਵੇ। ਅਜਿਹੀ ਸਥਿਤੀ ਵਿੱਚ ਦੋਹਾਂ ਥਾਵਾਂ ਵਾਲੀਆਂ ਅਦਾਲਤਾਂ ਨੂੰ ਸਾਰੇ ਦੋਸ਼ੀਆਂ ਵਿਰੁੱਧ, ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਹੈ।

(ਅ)     ਸ਼ਿਕਾਇਤ ਕਰਦੇ ਸਮੇਂ ਜਿਸ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਪਤਨੀ ਰਹਿ ਰਹੀ ਹੋਵੇ ਉਹ ਅਦਾਲਤ ਵੀ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ।

ਨੋਟ:     ਉਕਤ ਦੋਵੇਂ ਸਿਧਾਂਤ ਸੁਪਰੀਮ ਕੋਰਟ ਵੱਲੋਂ ਕੇਸ Smt.Sujata Mukherjee vs Prashant Kumar 1997 Cri.L.J.2985 (SC) ਅਤੇ ਦਿੱਲੀ ਹਾਈ ਕੋਰਟ ਵੱਲੋਂ ਕੇਸ Surinder Kumar Yadav vs The State 2000(3) RCR (Criminal)  494 (Delhi – HC, DB) ਵਿਚ ਸਪੱਸ਼ਟ ਕੀਤੇ ਗਏ ਹਨ