July 16, 2024

Mitter Sain Meet

Novelist and Legal Consultant

ਮਾਣ ਸਨਮਾਨ- ਪਲਸ ਮੰਚ ਤੋਂ ਸਾਹਿਤ ਅਕਾਦਮੀ ਤੱਕ

ਪੰਜਾਬ ਲੋਕ ਸੱਭਿਆਚਾਰਕ ਮੰਚ ਵੱਲੋਂ ਮੇਰੀ ਸੋਚ ਨੂੰ ਪ੍ਰਵਾਣਗੀ

ਮੈਂ 1968 ਤੋਂ 1972 ਤੱਕ ਐਸ.ਡੀ. ਕਾਲਜ ਬਰਨਾਲੇ ਵਿਚ ਬੀ.ਏ. ਦਾ ਵਿਦਿਆਰਥੀ ਸੀ। ਇਨ੍ਹਾਂ ਦਿਨਾਂ ਵਿਚ ਮੇਰਾ ਸੰਪਰਕ ਗੁਰਸ਼ਰਨ ਸਿੰਘ ਭਾਅ ਜੀ ਨਾਲ ਸਥਾਪਿਤ ਹੋਇਆ। ਉਨ੍ਹਾਂ ਨੇ ਮੇਰੀਆਂ ਕਹਾਣੀਆਂ ਨੂੰ ਪਹਿਲਾਂ ‘ਸਰਦਲ’ ਵਿਚ ਅਤੇ ਫੇਰ ਮੇਰੇ ਪਹਿਲੇ ਨਾਵਲ ‘ਅੱਗ ਦੇ ਬੀਜ’ ਨੂੰ 1971 ਵਿਚ ਛਾਪਿਆ। ਪੰਜਾਬ ਲੋਕ ਸੱਭਿਆਚਾਰਕ ਮੰਚ ਦੀ ਸਥਾਪਨਾ ਉਨ੍ਹਾਂ ਵੱਲੋਂ ਹੀ ਕੀਤੀ ਗਈ ਸੀ। ਭਾਅ ਜੀ ਰਾਹੀਂ ਪਲਸ ਮੰਚ ਦੇ ਸੰਚਾਲਕਾਂ ਨਾਲ ਸੰਪਰਕ ਸਥਾਪਿਤ ਹੋਇਆ। ਉਨ੍ਹਾਂ ਦੇ ਸੰਪਰਕ ਵਿਚ ਆ ਕੇ ਮੇਰੀਆਂ ਸਾਹਿਤਕ ਕਿਰਤਾਂ ਨੂੰ ਨਵੀਂ ਸੇਧ ਪ੍ਰਾਪਤ ਹੋਈ।

1990 ਵਿਚ ਛਪਿਆ ਮੇਰਾ ਨਾਵਲ ਤਫ਼ਤੀਸ਼ ਪਲਸ ਮੰਚ ਦੀ ਸੋਚ ਤੇ ਪੂਰਾ ਉੱਤਰਦਾ ਸੀ। ਪਹਿਲਾਂ ਪਲਸ ਮੰਚ ਨੇ ਇਸ ਨਾਵਲ ਨੂੰ ਲੋਕ-ਅਰਪਣ ਕਰਨ ਲਈ ਵਿਸ਼ੇਸ਼ ਸਮਾਗਮ ਰਚਿਆ। ਫੇਰ ਮੇਰੀ ਇਨਕਲਾਬੀ ਸੋਚ ਨੂੰ ਪ੍ਰਣਾਈਆਂ ਸਾਹਿਤਕ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਮੈਨੂੰ ਆਪਣੇ ਵਾਰਸ਼ਿਕ ਸਮਾਗਮ ਜੋ 30 ਜੂਨ 1990 ਨੁੰ ਸੀ, ਵਿਚ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ। ਕਰੀਬ 5000 ਇਨਕਲਾਬੀ ਦਰਸ਼ਕਾਂ ਦੀ ਹਾਜ਼ਰੀ ਵਿਚ, ‘ਇਨਕਲਾਬ ਜਿੰਦਾਬਾਦ’ ਦੇ ਨਾਅਰਿਆਂ ਦੀ ਗੂੰਜ ਵਿਚ ਮੈਂ ਸਨਮਾਨਿਤ ਹੋਇਆ। ਸਿਧਾਂਤਾਂ ਤੇ ਪੂਰੀ ਉਤਰਨ ਵਾਲੀ, ਇਨਕਲਾਬੀ ਅਤੇ ਹੱਥਾਂ ਵਿਚ ਬੰਦੂਕਾਂ ਫੜੀ ਲੋਕਾਂ ਦੇ ਹੱਕ ਵਿਚ ਡਟਣ ਵਾਲੀ ਇੱਕ ਸੰਸਥਾ ਵੱਲੋਂ ਪ੍ਰਾਪਤ ਹੋਇਆ ਮੇਰਾ ਇਹ ਪਹਿਲਾ ਸਨਮਾਨ ਸੀ।

ਇਹ ਸਨਮਾਨ ਇਸ ਲਈ ਵੀ ਮਹੱਤਵਪੂਰਣ ਸੀ ਕਿਉਂਕਿ ਇਸ ਸਮਾਗਮ ਵਿਚ ਜਿਨ੍ਹਾਂ ਤਿੰਨ ਹੋਰ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਉਹ ਤਿੰਨੋ ਆਪਣੇ-ਆਪਣੇ ਖੇਤਰ ਵਿਚ ਮੇਰੇ ਨਾਲੋਂ ਬਹੁਤ ਅੱਗੇ ਸਨ। ਉਹ ਹਸਤੀਆਂ ਸਨ, ਮੇਰੇ ਸਾਹਿਤਕ ਪਿਤਾ ਗੁਰਸ਼ਰਨ ਸਿੰਘ ਭਾਅ ਜੀ, ਜਮਹੂਰੀ ਅਧਿਕਾਰ ਸਭਾ ਦੇ ਸੰਸਥਾਪਕ ਪ੍ਰੋ.ਜਗਮੋਹਨ ਸਿੰਘ ਅਤੇ ਇਨਕਲਾਬੀ ਕੇਂਦਰ ਦੇ ਅਮੋਲਕ ਸਿੰਘ ਸਨ। ਆਪਣੇ ਪ੍ਰੋਰਣਾ-ਸ੍ਰੋਤ ਗੁਰਸ਼ਰਨ ਸਿੰਘ ਭਾਅ ਜੀ ਦੇ ਨਾਲ ਸਨਮਾਨਿਤ ਹੋਣਾ ਮੇਰੀ ਵੱਡੀ ਪ੍ਰਾਪਤੀ ਸੀ।

ਇਨ੍ਹਾਂ ਕਾਰਨਾਂ ਕਰਕੇ ਮੈਨੂੰ ਇਹ ਸਨਮਾਨ, ਅੱਜ ਤੱਕ ਮੈਨੂੰ ਮਿਲੇ ਸਾਰੇ ਸਨਮਾਨਾਂ ਤੋਂ ਵੱਡਾ ਲੱਗਦਾ ਹੈ। ਮੈਂ ਸਨਮਾਨ ਸਮੇਂ ਮਿਲੇ ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਨੂੰ ਅੱਜ ਤੱਕ ਹਿੱਕ ਨਾਲ ਲਾ ਕੇ ਰੱਖਿਆ ਹੋਇਆ ਹੈ।

ਖੁਸ਼ੀ ਹੈ ਕਿ ਮੈਂ, ਪੰਜਾਬ ਲੋਕ ਸੱਭਿਆਚਾਰ ਮੰਚ ਦੀਆਂ ਆਸਾਂ ਤੇ, ਅੱਜ ਤੱਕ ਪੂਰਾ ਉੱਤਰਦਾ ਆ ਰਿਹਾ ਹਾਂ। (1 ਨਵੰਬਰ 2020)

_______________________________________________

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ ਗਲਪ ਪੁਰਸਕਾਰ 1991’

          ਪਹਿਲਾਂ-ਪਹਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਰ ਸਾਲ, ਆਪਣੇ ਸਥਾਪਨਾ ਦਿਵਸ ਤੇ, ਇੱਕ ਵੱਡਾ ਸਾਹਿਤਕ ਸਮਾਗਮ ਰਚ ਕੇ, ਪੁੰਘਰਦੇ ਸਾਹਿਤਕਾਰਾਂ ਨੂੰ ਪੁਰਸਕਾਰ ਦਿੰਦੀ ਸੀ। ਸਨਮਾਨ ਉੱਚ ਪਾਏ ਦੇ ਸਥਾਪਤ ਲੇਖਕਾਂ ਦੇ ਨਾਂ ਤੇ ਸਥਾਪਤ ਕੀਤੇ ਗਏ ਸਨ। ਸਨਮਾਨ ਵਿਚ ਪ੍ਰਭਾਵਸ਼ਾਲੀ ਸ਼ੋਭਾ-ਪੱਤਰ ਅਤੇ ਚਾਂਦੀ ਦਾ ਤਗਮਾ ਦਿੱਤਾ ਜਾਂਦਾ ਸੀ।

          ਨਾਵਲ ‘ਤਫ਼ਤੀਸ਼’ ਨੇ, ਸਾਲ 1991 ਦਾ ਭਾਈ ਵੀਰ ਸਿੰਘ ਗਲਪ ਪੁਰਸਕਾਰ ਮੇਰੀ ਝੋਲੀ ਪਵਾਇਆ।

          ਅਕਾਦਮਿਕ ਖੇਤਰ ਵਿਚ ‘ਤਫ਼ਤੀਸ਼’ ਵੱਲੋਂ ਮਾਰੀ ਇਹ ਪਹਿਲੀ ਮੱਲ ਸੀ।

_______________________________________________

‘ਪੁਲਿਸ ਵਿਰੋਧੀ’ ਆਖੇ ਜਾਂਦੇ ਨਾਵਲਾਂ ਨੂੰ ਪੁਲਿਸ ਮਹਿਕਮੇ ਵੱਲੋਂ ਰਾਸ਼ਟਰੀ ਸਨਮਾਨ

ਵਿਕਾਸ ਨਰਾਇਣ ਰਾਏ ਆਈ.ਪੀ.ਐਸ. ਹਰਿਆਣੇ ਵਿਚ ਪੁਲਿਸ ਦੇ ਵੱਡੇ ਅਹੁੱਦਿਆਂ ਤੇ ਤਾਇਨਾਤ ਰਹੇ ਹਨ। ਬਾਅਦ ਵਿਚ ਨੈਸ਼ਨਲ ਪੁਲਿਸ ਅਕੈਡਮੀ ਹੈਦਰਾਬਾਦ ਦੇ ਡਾਇਰੈਕਟਰ ਦੇ ਪ੍ਰਤਿਸ਼ਠਿਤ ਅਹੁੱਦੇ ਤੇ ਵੀ ਰਹੇ। ਕੁਸ਼ਲ ਪੁਲਿਸ ਪ੍ਰਬੰਧਕ ਹੋਣ ਦੇ ਨਾਲ-ਨਾਲ ਇੱਕ ਉੱਚ ਕੋਟੀ ਦੇ ਸਾਹਿਤਕਾਰ ਵੀ ਹਨ। ਉਨ੍ਹਾਂ ਦੀ ਬਹੁਤੀ ਦਿਲਚਸਪੀ ਪੁਲਿਸ ਦੇ ਅਕਸ ਅਤੇ ਪੁਲਿਸ ਕਰਮਚਾਰੀਆਂ ਦੇ ਕਿਰਦਾਰ ਨੂੰ ਸੁਧਾਰਨ ਅਤੇ ਪੁਲਿਸ ਨੂੰ ਸੈਂਸੈਟਾਈਜ਼ ਕਰਨ ਵਿਚ ਰਹੀ ਹੈ। ਆਪਣੀ ਇਸੇ ਰੁੱਚੀ ਕਾਰਨ ਉਹ ਫੀਲਡ ਨਾਲੋਂ ਹਰਿਆਣਾ ਪੁਲਿਸ ਅਕੈਡਮੀ ਵਿਚ ਕੰਮ ਕਰਨ ਨੂੰ ਪਹਿਲ ਦਿੰਦੇ ਰਹੇ ਹਨ।

ਫ਼ੌਜਦਾਰੀ ਨਿਆਂ-ਪ੍ਰਬੰਧ ਦੀਆਂ ਗਹਿਰਾਈਆਂ ਨੂੰ ਛੋਹਂਦੇ ਕਰਦੇ ਮੇਰੇ ਤਿੰਨੇ ਨਾਵਲਾਂ (ਤਫ਼ਤੀਸ਼, ਕਟਹਿਰਾ, ਸੁਧਾਰ ਘਰ) ਦੀ ਕਨਸੋਅ ਉਨ੍ਹਾਂ ਨੂੰ ਹੋਈ। ਤਿੰਨੋ ਨਾਵਲ ਮੰਗਵਾ ਕੇ ਉਨ੍ਹਾਂ ਨੇ ਖੁਦ ਪੜ੍ਹੇ ਅਤੇ ਫੇਰ ਉਨ੍ਹਾਂ ਦਾ ਹਿੰਦੀ ਅਨੁਵਾਦ ਕਰਵਾ ਕੇ ‘ਰਾਮ ਰਾਜਯ’ ਨਾਂ ਹੇਠ, ਹਰਿਆਣਾ ਪੁਲਿਸ ਅਕੈਡਮੀ ਮਧੂਬਨ ਵੱਲੋਂ ਛਾਪਿਆ।

ਨਾਲ ਹੀ ਇਸ ਨਾਵਲ ਨੂੰ ਪੁਲਿਸ ਅਕੈਡਮੀ ਵਿਚ ਟ੍ਰੇਨਿੰਗ ਲੈਣ ਆਉਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਪੜ੍ਹਨਾ (co-curricular activity ਵਜੋਂ)  ਲਾਜ਼ਮੀ ਕੀਤਾ। ਇਨ੍ਹਾਂ ਨਾਵਲਾਂ ਤੇ ‘ਪੁਲਿਸ, ਅਦਾਲਤ, ਜੇਲ੍ਹ ਵਿਰੋਧੀ’ ਹੋਣ ਦੇ ਠੱਪੇ ਲੱਗ ਚੁੱਕੇ ਸਨ। ਅਜਿਹੇ ਨਾਵਲਾਂ ਨੂੰ ਪੁਲਿਸ ਮੁਲਾਜ਼ਮਾਂ ਦੇ ਪਾਠਕ੍ਰਮ ਦਾ ਹਿੱਸਾ ਬਣਾਉਣਾ ਹੈਰਾਨੀ ਵਾਲੀ ਗੱਲ ਸੀ। ਮੇਰੇ ਪੁੱਛਣ ਤੇ ਰਾਏ ਸਾਹਿਬ ਨੇ ਦੱਸਿਆ ਕਿ ਅਸੀਂ ਇਹ ਨਾਵਲ ਪੁਲਿਸ ਮੁਲਾਜ਼ਮਾਂ/ਅਧਿਕਾਰੀਆਂ ਨੂੰ ਇਹ ਸਮਝਾਉਣ ਲਈ ਪੜ੍ਹਾਉਂਦੇ ਹਾਂ ਕਿ ਸਾਡਾ(ਪੁਲਿਸ ਦਾ) ਸਮਾਜ ਵਿਚ ਇਨ੍ਹਾਂ ਨਾਵਲਾਂ ਦੇ ਪਾਤਰਾਂ ਵਾਲਾ ਅਕਸ ਹੈ ਅਤੇ ਅਸੀਂ ਉਸ ਅਕਸ ਨੂੰ ਸੁਧਾਰਨਾ ਹੈ। ਜਾਂ ਫੇਰ ਇਹ ਦੱਸਣ ਲਈ ਕਿ ਅਗਾਂਹ ਸਾਡਾ (ਪੁਲਿਸ) ਵਾਹ ਕਿਹੋ ਜਿਹੀਆਂ ਅਦਾਲਤਾਂ ਅਤੇ ਜੇਲ੍ਹਾਂ ਨਾਲ ਪੈਣਾ ਹੈ। ਇਸ ਨਾਵਲ ਦੇ ਦੋ ਅਡੀਸ਼ਨ ਹਰਿਆਣਾ ਪੁਲਿਸ ਅਕੈਡਮੀ ਵੱਲੋਂ ਛਾਪੇ ਗਏ। ਸ਼ਾਇਦ ਹਰਿਆਣਾ ਪੁਲਿਸ ਦੇ ਇਤਿਹਾਸ ਵਿਚ ਇੰਝ ਪਹਿਲੀ ਵਾਰ ਹੋਇਆ ਸੀ।

ਉਨ੍ਹਾਂ ਨੇ ਮੈਨੂੰ ਕਈ ਵਾਰ ਹਰਿਆਣਾ ਪੁਲਿਸ ਅਕੈਡਮੀ ਮਧੂਬਨ ਵਿਚ ਬੁਲਾ ਕੇ ਪੁਲਿਸ ਮੁਲਾਜ਼ਮਾਂ ਦੇ ਵੱਡੇ ਇਕੱਠਾਂ ਦੇ ਰੁ-ਬ-ਰੂ ਵੀ ਕੀਤਾ।

ਪੰਜਾਬ ਪੁਲਿਸ ਅਕਾਡਮੀ ਫਿਲੌਰ ਦੇ ਰੰਗਰੀਉਟਾਂ ਦੇ ਵੀ ਸਨਮੁੱਖ

Bureau of Police Research and Development  ਕੇਂਦਰ ਸਰਕਾਰ ਦਾ ਅਦਾਰਾ ਹੈ। ਇਸ ਦਾ ਇੱਕੋ-ਇੱਕ ਕਾਰਜ ਪੁਲਿਸ ਦੇ ਕੰਮ-ਕਾਜ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਚੁਸਤ ਕਰਨ ਲਈ ਲਗਾਤਾਰ ਖੋਜ ਕਰਨਾ ਹੈ। ਵਧੀਆ ਖੋਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਤਸ਼ਾਹਤ ਕਰਨ ਲਈ,ਮਹਿਕਮੇ ਵਲੋਂ ਰਾਸ਼ਟਰੀ ਪੱਧਰ ਦੇ ਪੁਰਸਕਾਰ ਦਿੱਤੇ ਜਾਂਦੇ ਹਨ। ਇਨ੍ਹਾਂ ਵਿਚੋਂ ਇੱਕ ਪੁਰਸਕਾਰ ਗ੍ਰਹਿ ਵਿਭਾਗ ਦੇ ਪਹਿਲੇ ਪਹਿਲੇ ਮੰਤਰੀ ਪੰਡਿਤ ਗੋਬਿੰਦ ਵੱਲਭ ਦੇ ਨਾਂ ਤੇ ਹੈ। ਰਾਏ ਸਾਹਿਬ ਨੇ ਇਸ ਨਾਵਲ ਨੂੰ ਇਹ ਕਹਿੰਦੇ ਹੋਏ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕੀਤੀ ਕਿ ਨਾਵਲ ਹੁੰਦੇ ਹੋਏ ਵੀ ਇਹ ਫ਼ੌਜਦਾਰੀ ਨਿਆ-ਪ੍ਰਬੰਧ ਦੇ ਕੰਮ-ਕਾਜ ਅਤੇ ਉਸ ਦੇ ਸੁਧਾਰ ਤੇ ਹੋਇਆ ਖੋਜ-ਕਾਰਜ ਹੈ। ਬਿਨ੍ਹਾਂ ਕਿਸੇ ਕਿੰਤੂ-ਪ੍ਰੰਤੂ ਦੇ ਉਨ੍ਹਾਂ ਦੀ ਸਿਫ਼ਾਰਸ਼ ਨੂੰ ਮੰਨ ਲਿਆ ਗਿਆ ਅਤੇ 2008 -09 ਦਾ ਪੰਡਿਤ ਗੋਬਿੰਦ ਵੱਲਭ ਪੰਤ ਪੁਰਸਕਾਰ ਮੇਰੀ ਝੋਲੀ ਪੈ ਗਿਆ।

ਰਾਸ਼ਟਰੀ ਪੁਰਸਕਾਰ ਹੋਣ ਕਾਰਨ ਮੇਰੇ ਲਈ ਇਹ ਪੁਰਸਕਾਰ ਮਹੱਤਵਪੂਰਣ ਤਾਂ ਸੀ ਹੀ। ਜਿਆਦਾ ਇਹ ਇਸ ਲਈ ਵਿਸ਼ੇਸ਼ ਸੀ ਕਿਉਂਕਿ ਪੰਜਾਬ ਦਾ ਮੈਂ ਪਹਿਲਾਂ ਸਰਕਾਰੀ ਵਕੀਲ ਸੀ ਜਿਸ ਨੂੰ ਇਹ ਸਨਮਾਨ ਪ੍ਰਾਪਤ ਹੋਇਆ। ਸਰਕਾਰੀ ਹੀ ਨਹੀਂ ਪੰਜਾਬ ਦੇ ਕਿਸੇ ਪ੍ਰਾਈਵੇਟ ਵਕੀਲ ਨੂੰ ਵੀ ਅੱਜ ਤੱਕ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ।

ਅਲੋਚਕਾਂ ਵੱਲੋਂ ‘ਪੁਲਿਸ ਵਿਰੋਧੀ ਆਖੇ’ ਜਾਂਦੇ ਨਾਵਲਾਂ ਨੂੰ, ਪੁਲਿਸ ਵਿਭਾਗ ਵੱਲੋਂ ਹੀ ਵੱਡੇ ਪੁਰਸਕਾਰਾਂ ਨਾਲ ਨਿਵਾਜ਼ਣਾ ਮੇਰੀ ਵੱਡੀ ਪ੍ਰਾਪਤੀ ਹੈ। ( 2nd November 2020)

————————————————————

ਵਕੀਲਾਂ ਦੀ ਕਾਰਜਸ਼ੈਲੀ ਵੱਲ ਉਂਗਲ ਕਰਨ ਵਾਲੇ ਨਾਵਲਕਾਰ ਨੂੰ ਵਕੀਲਾਂ ਦੀ ਹੀ ਉੱਚ ਸੰਸਥਾ ਵੱਲੋਂ ਸਨਮਾਨ

ਵਕੀਲ ਅਤੇ ਜੱਜ ਨਿਆਂ-ਪ੍ਰਕ੍ਰਿਆ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ‘ਕਟਹਿਰਾ’ ਵਿਚ ਵਕੀਲਾਂ ਅਤੇ ਜੱਜਾਂ ਦੀ ਭੂਮਿਕਾ ਤੇ ਕਿੰਤੂ-ਪ੍ਰੰਤੂ ਤਾਂ ਹੋਇਆ ਪਰ ਸਹਿੰਦਾ-ਸਹਿੰਦਾ। ਉੱਠੀ ਉਸ ਉਂਗਲ ਵੱਲ ਨਾ ਵਕੀਲਾਂ ਨੇ ਧਿਆਨ ਦਿੱਤਾ ਅਤੇ ਨਾ ਹੀ ਜੱਜਾਂ ਨੇ। ‘ਕੌਰਵ ਸਭਾ’ ਨਾਵਲ ਵਿਚ ਇਨ੍ਹਾਂ ਦੀ ਭੂਮਿਕਾ ਨੂੰ ਆੜੇ ਹੱਥੀਂ ਲਿਆ ਗਿਆ। ‘ਕੌਰਵ ਸਭਾ’ ਦੇ ਪ੍ਰਕਾਸ਼ਨ ਬਾਅਦ ਵਕੀਲਾਂ ਨੇ ਖੁੱਲਮ-ਖੁੱਲਾ ਅਤੇ ਜੱਜਾਂ ਨੇ ਲੁਕਵੇਂ ਰੂਪ ਵਿਚ ਮੇਰਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅਜਿਹਾ ਨਾਵਲ ਲਿਖਣਾ ਇੱਕੋ ਛੱਪੜ ਵਿਚ ਰਹਿ ਕੇ ਡੱਡੂ ਵੱਲੋਂ ਮਗਰਮੱਛ ਨਾਲ ਆਡ੍ਹਾ ਲਾਉਣ ਵਾਲੀ ਗੱਲ ਸੀ। ਮੇਰੇ ਨਾਲ ਇੰਝ ਹੀ ਹੋਇਆ। ਕਚਿਹਰੀ ਵਿਚ ਜੱਜਾਂ ਅਤੇ ਮੇਰੇ ਦਫ਼ਤਰ ਵਿਚ ਆ ਕੇ ਵਕੀਲਾਂ ਨੇ ਮੇਰੇ ਨਾਲ ਦੋ-ਦੋ ਹੱਥ ਕੀਤੇ। ਕਦੇ ਚੁੱਪ ਰਹਿ ਕੇ ਅਤੇ ਕਦੇ ਤਰਕ ਨਾਲ ਵਕੀਲਾਂ ਅਤੇ ਜੱਜਾਂ ਦੇ ਗੁੱਸੇ ਨੂੰ ਠੰਡਾ ਕੀਤਾ। ਨਾਵਲ ਦੀਆਂ ਗਹਿਰਾਈਆਂ ਨੂੰ ਸਮਝਾਇਆ। ਹੌਲੀ-ਹੌਲੀ ਬੁੱਧੀਮਾਨ ਜਮਾਤ ਨੂੰ ਨਾਵਲਾਂ ਦੀਆਂ ਵਿਸ਼ੇਸ਼ਤਾਈਆਂ ਸਮਝ ਪੈ ਗਈਆਂ। ਵਿਰੋਧ ਇੱਜ਼ਤ ਵਿਚ ਬਦਲ ਗਿਆ।

ਫੇਰ ਉਹ ਦਿਨ ਆਇਆ ਜਦੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਕੀਲਾਂ ਦੀ ਸਰਵ-ਉੱਤਮ ਸੰਸਥਾ ‘ਬਾਰ ਕਾਊਂਸਲ ਆਫ ਪੰਜਾਬ ਐਂਡ ਹਰਿਆਣਾ’ ਨੇ ਮੇਰੀ ‘ਭਾਰਤੀ ਫ਼ੌਜਦਾਰੀ ਨਿਆਂ-ਪ੍ਰਬੰਧ’ ਦੀਆਂ ਕਮੀਆਂ-ਪੇਸ਼ੀਆਂ ਨੂੰ ਸਾਹਿਤਕ ਰੂਪ ਵਿਚ ਪੇਸ਼ ਕਰਨ ਅਤੇ ਵਕੀਲ ਭਾਈਚਾਰੇ ਦਾ ਮਾਨ-ਸਨਮਾਨ ਨੂੰ ਵਧਾਉਣ ਤੇ ਮੈਨੂੰ ਸੰਸਥਾ ਵੱਲੋਂ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ।

2005 ਵਿਚ ਬਾਰ ਕਾਊਂਸਲ ਦੇ ਇੱਕ ਵੱਡੇ ਸਮਾਗਮ ਵਿਚ, ਲੋਕ-ਪੱਖੀ ਫ਼ੈਸਲੇ ਸੁਣਾਉਣ ਵਾਲੇ, ਉਸ ਸਮੇਂ ਦੇ ਬੰਬੇ ਹਾਈ ਕੋਰਟ ਚੀਫ ਜਸਟਿਸ ਐਚ.ਐਸ. ਸੋਢੀ, ਜੋ ਬਾਅਦ ਵਿਚ ਸੁਪਰੀਮ ਕੋਰਟ ਦੇ ਜੱਜ ਬਣੇ,  ਦੇ ਹੱਥੋਂ ਸਨਮਾਨ ਦਵਾ ਕੇ ਬਾਰ ਕਾਊਂਸਲ ਨੇ ਇਹ ਸੰਕੇਤ ਦਿੱਤਾ ਕਿ ਮੇਰੇ ਕੰਮ ਨੂੰ ਵਕੀਲਾਂ ਦੇ ਨਾਲ-ਨਾਲ ਜੱਜਾਂ ਨੇ ਵੀ ਪ੍ਰਵਾਨ ਕਰ ਲਿਆ ਹੈ।

ਮੇਰੇ ਲਈ ਇਹ ਪੁਰਸਕਾਰ ਇਸ ਲਈ ਵਿਸ਼ੇਸ਼ ਸੀ ਕਿਉਂਕਿ ਬਾਰ ਕਾਊਂਸਲ ਵੱਲੋਂ ਸਾਹਿਤਕ ਸੇਵਾਵਾਂ ਲਈ ਕਿਸੇ ਵਕੀਲ ਨੂੰ ਦਿੱਤਾ ਗਿਆ ਇਹ ਪਹਿਲਾ ਸਨਮਾਨ ਸੀ।

14 ਸਾਲ ਤੋਂ ਬਾਰ ਕਾਊਂਸਲ ਨੂੰ ਮੇਰੇ ਉੱਤਰਾਧਿਕਾਰੀ ਦੀ ਉਡੀਕ ਹੈ। ਇਹ ਉਡੀਕ ਮੈਨੂੰ ਵੀ ਹੈ। (1 ਨਵੰਬਰ 2020)

ਫਰਵਰੀ 2010 ਵਿਚ ਲੁਧਿਆਣਾ ਦੀ ਜਿਲ੍ਹਾ ਬਾਰ ਐਸੋਸ਼ੀਏਸ਼ਨ ਨੇ ਵੀ ਸਨਮਾਨਿਆ

———————————————————-

ਜਨਮ ਭੋਏਂ ਦੇ ਨਗਰ ਵਾਸੀਆਂ ਵੱਲੋਂ ਸਨਮਾਨ

ਮੇਰੇ ਪਿਤਾ ਜੀ ਪਟਵਾਰੀ ਸਨ। ਉਨ੍ਹਾਂ ਦਿਨਾਂ ਵਿਚ ਆਵਾਜਾਈ ਦੇ ਸਾਧਨ ਸੀਮਤ ਸਨ। ਇਸ ਲਈ ਪਟਵਾਰੀ ਨੂੰ ਆਪਣੇ ਹਲਕੇ ਵਿਚ ਹੀ ਰਿਹਾਇਸ਼ ਰੱਖਣੀ ਪੈਂਦੀ ਸੀ। 1952 ਵਿਚ ਮੇਰੇ ਪਿਤਾ ਜੀ ਪਿੰਡ ਭੋਤਨੇ ਦੇ ਪਟਵਾਰੀ ਸਨ। ਇਸ ਪਿੰਡ ਦੇ ਪਟਵਾਰਖਾਨੇ ਵਿਚ, 20 ਅਕਤੂਬਰ ਨੂੰ ਮੇਰਾ ਜਨਮ ਹੋਇਆ। ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਬਦਲੀ ਕਿਸੇ ਹੋਰ ਪਿੰਡ ਦੀ ਹੋ ਗਈ ਅਤੇ ਪਰਿਵਾਰ ਨੇ ਭੋਤਨਾ ਪਿੰਡ ਛੱਡ ਦਿੱਤਾ।

ਆਪਣੀਆਂ ਲਿਖਤਾਂ, ਭਾਸ਼ਣਾਂ ਅਤੇ ਇੰਟਰਵਿਊਆਂ ਵਿਚ ਮੈਂ ਆਪਣੇ ਜਨਮ ਸਥਾਨ ਦਾ ਅਕਸਰ ਜ਼ਿਕਰ ਕਰਦਾ ਹਾਂ। ਜਿਉਂ-ਜਿਉਂ ਮੇਰੇ ਨਾਵਲਾਂ ਦੀ ਪ੍ਰਸਿੱਧੀ ਵੱਧਦੀ ਗਈ ਤਿਉਂ-ਤਿਉਂ ਪਿੰਡ ਵਾਸੀਆਂ ਦੀ ਇਹ ਜਾਨਣ ਦੀ ਜਗਿਆਸਾ ਵੀ ਵੱਧਦੀ ਗਈ ਕਿ ਇਹ ਲੇਖਕ ਪਿੰਡ ਦੇ ਕਿਸ ਪਰਿਵਾਰ ਨਾਲ ਸਬੰਧ ਰੱਖਦਾ ਹੈ। ਜਗਿਆਸੂਆਂ ਨੇ ਪਿੰਡ ਦੇ ਮਹਾਜਨ ਪਰਿਵਾਰਾਂ ਅਤੇ ਬਜ਼ੁਰਗਾਂ ਤੋਂ ਮੇਰੇ ਬਾਰੇ ਪੁੱਛ-ਪੜਤਾਲ ਕੀਤੀ। ਕਿਧਰੋਂ ਕੁਝ ਪੱਲੇ ਨਾ ਪਿਆ। ਭੋਲੇ ਪੰਛੀ ਮੇਰੀ ਜੜ੍ਹ ਤਲਾਸ਼ਣ ਲਈ ਖੋਜਲਦੇ ਤਾਂ ਰਹੇ ਪਰ ਪਿੰਡ ਤੋਂ 50-60 ਕਿਲੋਮੀਟਰ ਤੇ ਵੱਸਦੇ, ਜਿਊਂਦੇ-ਜਾਗਦੇ ਵਿਅਕਤੀ ਨਾਲ ਨਿੱਜੀ ਤੌਰ ਤੇ ਜਾਂ ਫੋਨ ਰਾਹੀਂ ਸੰਪਰਕ ਕਰਨਾ ਭੁੱਲ ਗਏ।

2011 ਦੀ ਲੋਹੜੀ ਤੇ ਭੋਤਨਾ ਪਿੰਡ ਦੇ ਸੇਖੋਂ ਪਰਿਵਾਰ ਨੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿਚ ਮੇਰਾ ਅਤੇ ਮੇਰੇ ਪਰਿਵਾਰ ਦਾ ਸਨਮਾਨ ਕੀਤਾ ਸੀ। ਸਮਾਗਮ ਵਿਚ ਅੱਧਾ ਪਿੰਡ ਹਾਜ਼ਰ ਸੀ। ਫੇਰ ਵੀ ਪਿੰਡ ਵਾਲਿਆਂ ਨੂੰ ਮੇਰੇ ਇਸੇ ਪਿੰਡ ਵਿਚ ਜੰਮਣ ਵਾਲੀ ਸੂਹ ਨਾ ਲੱਗੀ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀਆਂ ਪਿੰਡ ਵਿਚ ਡੂੰਘੀਆਂ ਜੜ੍ਹਾਂ ਹਨ। ਭੋਤਨੇ ਦੀ ਭੋਇੰ ਨੇ ਇਸ ਲਹਿਰ ਲਈ ਕਈ ਜੁਝਾਰੂ ਕਿਸਾਨ ਆਗੂ ਪੈਦਾ ਕੀਤੇ ਹਨ। ਅਖੀਰ ਇੱਕ ਕਿਸਾਨ ਆਗੂ ਨੇ ਮੇਰੇ ਨਾਲ ਸੰਪਰਕ ਸਾਧ ਹੀ ਲਿਆ। ਸੰਪਰਕ ਹੀ ਨਹੀਂ ਸਾਧਿਆ ਸਗੋਂ ਭੋਤਨੇ ਦੀ ਭੋਇੰ ਦੇ ਜੁਝਾਰੂ ਪੁੱਤ ਪੈਦਾ ਕਰਨ ਦੇ ਵਿਸ਼ੇਸ਼ ਗੁਣ ਨੂੰ ਮਾਨਤਾ ਦੇਣ ਲਈ, ਉਨ੍ਹਾਂ ਦੀ ਹੀ ਤਸੀਰ ਵਾਲੇ ਭੋਤਨਾ ਭੋਇੰ ਦੇ ਇੱਕ ਹੋਰ ਪੁੱਤ ਦੀ ਸਮਾਜ ਪ੍ਰਤੀ ਦੇਣ ਨੂੰ ਮਾਨਤਾ ਦੇਣ ਅਤੇ ਕਿਸਾਨ ਯੂਨੀਅਨ ਦੇ ਅਗਲੇ ਵੱਡੇ ਸਮਾਗਮ ਵਿਚ ਸਨਮਾਨਿਤ ਕਰਨ ਦਾ ਫ਼ੈਸਲਾ ਵੀ ਕਰ ਲਿਆ।

                                                                      

ਆਪਣੀ ਭੋਇੰ ਦੇ ਜਾਇਆਂ ਦੇ ਪਿੰਡ ਦੀ ਨਗਰ ਪੰਚਾਇਤ ਅਤੇ ਕਿਸਾਨ ਯੂਨੀਅਨ ਤੋਂ, 15 ਅਕਤੂਬਰ 2017, ਨੂੰ ਸਨਮਾਨ ਪ੍ਰਾਪਤ ਕਰ ਕੇ ਮੇਰਾ ਕੱਦ ਅਸਮਾਣ ਜਿੰਨਾ ਉੱਚਾ ਹੋ ਗਿਆ। (1 ਨਵੰਬਰ 2020)

________________________________________________

ਕਿਰਤ, ਸਬਰ ਅਤੇ ਸਿਰੜ ਰਾਹੀਂ ਸਫ਼ਲਤਾ ਦੀਆਂ ਮਜਬੂਤ ਨੀਹਾਂ ਰੱਖਣ ਵਾਲੇ ਜਨਮਦਾਤੇ ਦੀ ਯਾਦ ਨੂੰ ਸਦੀਵੀਂ ਬਣਾਉਂਦੇ ਪੁਰਸਕਾਰ

ਪਹਿਲਾ : ‘ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ- 2009’

​ਜ਼ਿਲ੍ਹਾ ਮੋਗਾ ਦੇ ਇੱਕ ਸਧਾਰਣ ਜਿਹੇ ਪਿੰਡ ਸੇਖਾ ਕਲਾਂ ਦੇ, ਘੱਟ ਜ਼ਮੀਨ ਵਾਲੇ ਕਿਰਤੀ ਕਿਸਾਨ ਦੇ ਘਰ ਜੰਮਿਆ ਸੀ ਦਵਿੰਦਰ ਸਿੰਘ ਸੇਖਾ ਦਾ ਪਿਤਾ ਮੱਲ ਸਿੰਘ। ਘਰ ਵਿਚ ਸਭ ਤੋਂ ਵੱਡਾ ਹੋਣ ਕਾਰਨ, ਜਵਾਨੀ ਪਹਿਰੇ ਹੀ ਉਸ ਦੇ ਮੋਢਿਆਂ ਤੇ ਵੱਡੇ ਪਰਿਵਾਰ ਦੇ ਪਾਲਣ-ਪੋਸ਼ਣ ਦਾ ਬੋਝ ਆ ਪਿਆ। ਮਜਬੂਰੀ ਵੱਸ ਮੱਲ ਸਿੰਘ ਨੂੰ ਫ਼ੌਜ ਵਿਚ ਭਰਤੀ ਹੋਣਾ ਪਿਆ। ਪੰਦਰਾਂ ਸਾਲ ਘਾਟ-ਘਾਟ ਦਾ ਪਾਣੀ ਪੀ ਕੇ, ਉੱਜਲ ਭਵਿੱਖ ਦੇ ਸੁਫ਼ਨੇ ਅੱਖਾਂ ਵਿਚ ਸਮੋਅ ਕੇ ਉਹ ਫੇਰ ਆਪਣੇ ਰਿਸ਼ਤੇਦਾਰ ਕੋਲ ਲੁਧਿਆਣੇ ਆ ਗਿਆ। ਹੌਜ਼ਰੀ ਵਿਚ ਕੱਪੜੇ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ। ਹੱਥ ਸੁਖਾਲਾ ਹੋਇਆ ਤਾਂ ਆਪਣੀ ਛੋਟੀ ਜਿਹੀ ਹੌਜ਼ਰੀ ਲਾ ਲਾਈ। ਕਬੀਲਦਾਰੀ ਦੇ ਬੋਝ ਹੇਠ ਦੱਬੇ ਹੋਣ ਕਾਰਨ ਮੱਲ ਸਿੰਘ ਨੂੰ, ਖੁਦ ਚਾਹੁੰਦੇ ਹੋਏ ਵੀ, ਪੜ੍ਹਾਈ ਕਰਨ ਦਾ ਮੌਕਾ ਨਹੀਂ ਸੀ ਮਿਲਿਆ। ਪਹਿਲਾਂ ਉਸ ਨੇ ਇਹ ਰੀਝ ਆਪਣੇ ਤਿੰਨੋ ਛੋਟੇ ਭਰਾਵਾਂ ਨੂੰ ਪੜ੍ਹਾ ਕੇ, ਅਧਿਆਪਕ ਬਣਾ ਕੇ ਪੂਰੀ ਕੀਤੀ। ਫੇਰ ਆਪਣੇ ਧੀਆਂ-ਪੁੱਤਾਂ ਨੂੰ ਲੁਧਿਆਣੇ ਦੇ ਵਧੀਆ ਸਕੂਲਾਂ ਵਿਚ ਦਾਖਲ ਕਰਵਾ ਕੇ। ਦਵਿੰਦਰ ਸਿੰਘ ਸੇਖਾ ਨੇ ਪੰਜਾਬੀ ਵਿਚ ਐਮ.ਏ. ਦੀ ਡਿਗਰੀ ਹਾਸਲ ਕਰਕੇ ਬਾਪੂ ਦਾ ਸੁਫ਼ਨਾ ਪੂਰਾ ਕੀਤਾ। ਫੇਰ ਨਾਵਲ ਅਤੇ ਕਹਾਣੀਆਂ ਰਚ ਕੇ ਉਨ੍ਹਾਂ ਦੇ ਨਾਂ ਨੂੰ ਹੋਰ ਚਮਕਾਇਆ। ਜਦੋਂ ਮੱਲ ਸਿੰਘ ਹੋਰਾਂ ਦਾ ਸਰੀਰ ਢਿੱਲਾ-ਮੱਸਾ ਰਹਿਣ ਲੱਗਿਆ ਤਾਂ ਉਨ੍ਹਾਂ ਆਪਣੀ ਗੱਦੀ ਵੀ ਦਵਿੰਦਰ ਸਿੰਘ ਸੇਖਾ ਨੂੰ ਸੰਭਾਲ ਦਿੱਤੀ। ਸੇਖੇ ਨੇ ਨਵੀਂ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਈ। ਅੱਜ ਉਹ ਲੁਧਿਆਣੇ ਦੇ ਇੱਕ ਦਰਮਿਆਨੇ ਪੱਧਰ ਦੀ (ਲੱਖਾਂ ਰੁਪਏ ਮਹੀਨਾ ਕਮਾਉਣ ਵਾਲੀ) ਹੌਜ਼ਰੀ ਦਾ ਕਾਮਯਾਬ ਮਾਲਕ ਹੈ। ਬਾਪ ਤੋਂ ਅਗਾਂਹ ਨਿਕਲਦੇ ਹੋਏ ਉਸ ਨੇ ਆਪਣੀਆਂ ਧੀਆਂ ਨੂੰ ਵਿਦੇਸ਼ਾਂ ਵਿਚ ਅਤੇ ਚੰਗੇ ਘਰੀਂ ਵਿਆਹ-ਵਰ ਦਿੱਤਾ ਹੈ।

​ਸਾਲ 1998 ਵਿਚ ਬਾਪ ਦੇ ਵਿਛੜ ਜਾਣ ਬਾਅਦ, ਇਕੱਲ ਵਿਚ, ਸੇਖੇ ਨੂੰ ਬਾਪ ਦੀ ਮਹਾਨਤਾ ਦਾ ਅਹਿਸਾਸ ਹੋਇਆ। ਬਾਪੂ ਦੇ ਉਨ੍ਹਾਂ ਗੁਣਾਂ ਦੀ ਸਮਝ ਪਈ ਜਿਨ੍ਹਾਂ ਸਦਕਾ ਉਸ ਨੇ ਜ਼ਿੰਦਗੀ ਦੇ ਹਰ ਖੇਤਰ ਵਿਚ ਸਫ਼ਲਤਾ ਹਾਸਲ ਕੀਤੀ ਸੀ।

ਦਵਿੰਦਰ ਸਿੰਘ ਸੇਖਾ ਅਹਿਸਾਨ ਫ਼ਰਾਮੋਸ਼ ਨਹੀਂ ਹੈ। ਬਾਪੂ ਦੇ ਸੰਘਰਸ਼ ਨੂੰ ਲਗਾਤਾਰ ਯਾਦ ਰੱਖਣ, ਉਸ ਦੇ ਆਦਰਸ਼ਾਂ ਤੋਂ ਸਦਾ ਸੇਧ ਅਤੇ ਪ੍ਰੇਰਣਾ ਪ੍ਰਾਪਤ ਕਰਨ ਦੇ ਉਦੇਸ਼ ਨਾਲ, ਸਾਲ 2000 ਵਿਚ ਹੀ ਦਵਿੰਦਰ ਸਿੰਘ ਸੇਖਾ ਨੇ ‘ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ’ ਸਥਾਪਤ ਕਰ ਦਿੱਤਾ। ਨਾਲ ਮਨ ਵਿਚ ਠਾਨ ਲਈ, ਪੁਰਸਕਾਰ ਉਸ ਦੇ ਬਾਪੂ ਵਰਗੇ ਮਿਹਨਤੀ, ਸਿਰੜੀ ਅਤੇ ਲੋਕਾਂ ਦੇ ਦੁੱਖ-ਦਰਦ ਕਲਮਬੰਧ ਕਰਦੇ ਲੇਖਕ ਨੂੰ ਹੀ ਦੇਣਾ ਹੈ। ਪੂਰੇ ਸਤਾਰਾਂ ਸਾਲ ਉਸ ਨੇ ਆਪਣਾ ਇਹ ਸਿਰੜ ਨਿਭਾਇਆ।

​ਮੈਨੂੰ ਸੇਖੇ ਦੇ ਮਾਪਦੰਡਾਂ ਤੇ ਪੂਰਾ ਉਤਰਨ ਲਈ ਸਾਲ 2009 ਤੱਕ ਇੰਤਜ਼ਾਰ ਕਰਨਾ ਪਿਆ।

​ਬਾਈ ਮੱਲ ਸਿੰਘ ਵਰਗੇ ਕਿਰਤੀ ਬੰਦਿਆਂ ਦੇ ਨਾਂ ਤੇ ਸਥਾਪਤ ਪੁਰਸਕਾਰ ਪ੍ਰਾਪਤ ਕਰਕੇ, ਪੁਰਸਕਾਰ ਪ੍ਰਾਪਤ ਕਰਨ ਵਾਲੇ ਨੂੰ ਵੀ ਉਸੇ ਵਰਗੇ ਸਿਰੜੀ ਅਤੇ ਲੋਕ-ਪੱਖੀ ਬਣਨ ਦੀ ਪ੍ਰੇਰਣਾ ਤਾਂ ਮਿਲਦੀ ਹੀ ਹੈ। ਘੱਟੋ-ਘੱਟ ਮੈਨੂੰ ਤਾਂ ਮਿਲੀ।

________________________________________________

ਦੂਜਾ : ਕਰਤਾਰ ਸਿੰਘ ਯਾਦਗਾਰੀ ਸਾਹਿਤ ਸਨਮਾਨ 2020

    ਡਾ ਦਵਿੰਦਰ ਸੈਫ਼ੀ ਦੇ ਪਿਤਾ ਕਰਤਾਰ ਸਿੰਘ ਨੇ ਆਪਣੀ ਜੀਵਨ ਯਾਤਰਾ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰਦਿਆਂ ਕੀਤੀ | ਘਰ ਦਾ ਚੁੱਲ੍ਹਾ ਮਘਾਉਣ ਲਈ ਪਹਿਲਾਂ ਉਨ੍ਹਾਂ ਨੇ ਟਾਂਗਾ ਚਲਾਇਆ | ਜਦੋਂ ਮਸ਼ੀਨੀਕਰਨ ਨੇ ਉਹਨਾਂ ਦੇ ਹੱਥੋਂ ਇਹ ਰੋਜ਼ਗਾਰ ਖੋਹ ਲਿਆ ਤਾਂ ਉਹਨਾਂ ਨੂੰ ਆਪਣਾ ਜੱਦੀ ਪਿੰਡ ਛੱਡ ਕੇ ਲਾਗਲੇ ਪਿੰਡ ਮੋਰਾਂਵਾਲੀ ਆ ਕੇ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਕਰਨੀ ਪਈ | ਸਾਰੀਆਂ ਘਾਟਾਂ ਵਾਧਾਂ ਦੇ ਬਾਵਜੂਦ ਕਰਤਾਰ ਸਿੰਘ ਹੋਰਾਂ ਨੇ ਵਿਰਸੇ ‘ਚ ਮਿਲੇ ‘ਸਬਰ-ਸੰਤੋਖ’ ਦੇ ਮੂਲ ਮੰਤਰ ਦਾ ਪੱਲਾ ਫੜੀ ਰੱਖਿਆ | ਸਵੇਰ ਦੀ ਅਰਦਾਸ ਸਮੇਂ ਸਰਬੱਤ ਦਾ ਦਿਲੋਂ ਭਲਾ ਮੰਗਿਆ ।

 ਛੋਟੇ ਹੁੰਦਿਆਂ ਸੈਫ਼ੀ ਨੂੰ ਵੱਟਾਂ ਤੋਂ ਘਾਹ ਖੋਤਣ ਤੇ ਫੇਰ ਦੁਕਾਨਦਾਰੀ ਵਿਚ ਬਾਪੂ ਦਾ ਹੱਥ ਵਟਾਉਣ ਲਈ, ਸ਼ਹਿਰੋਂ ਸਾਈਕਲ ‘ਤੇ ਬਰਫ਼ ਅਤੇ ਕਰਿਆਨਾ ਢੋਣ ਦਾ ਔਖਾ ਕੰਮ ਕਰਨਾ ਪਿਆ | ਵਿਰੋਧੀ ਹਾਲਾਤਾਂ ਦੇ ਬਾਵਜੂਦ ਸੈਫ਼ੀ ਨੇ ਪੜ੍ਹਾਈ ਜਾਰੀ ਰੱਖੀ | ਪੀਐੱਚ ਡੀ ਕੀਤੀ | ਲੰਮੀ ਘਾਲਣਾ ਬਾਅਦ ਜਦੋਂ, ਸਰਕਾਰੀ ਨੌਕਰੀ ਮਿਲਨ ਕਾਰਣ, ਪੱਕੇ ਪੈਰੀਂ ਹੋਣ ਲੱਗਾ ਤਾਂ ਬਾਪੂ ਸਾਥ ਛੱਡ ਗਿਆ |

          ਪੜ੍ਹਾਈ ਦੌਰਾਨ ਬਾਪੂ ਤੋਂ ਮਾਇਕ ਸਹਾਇਤਾ ਨਾ ਮਿਲਣ ਤੇ, ਅਣਜਾਣੇ ਵਿਚ, ਕਦੇ ਕਦਾਈਂ ਸੈਫੀ ਨੇ ਬਾਪੂ ਕੋਲ ਗਿਲਾ ਵੀ ਕੀਤਾ। ਪਰ ਝੱਖੜ ਝੁੱਲ ਜਾਣ ਬਾਅਦ, ਉਸਨੂੰ ਬਾਪੂ ਦੁਆਰਾ ਸਾਰੀ ਉਮਰ ਕੀਤੀ ਸੁੱਚੀ ਕਿਰਤ ਤੇ ਈਮਾਨਦਾਰੀ ਵਾਲੇ ਜੀਵਨ ਦੀ ਮਹਾਨਤਾ ਦਾ ਅਹਿਸਾਸ ਹੋਇਆ | ਉਸਨੂੰ ਜਾਪਿਆ ਕਿ ਨਿੱਜੀ ਦੁਨਿਆਵੀ ਸੁੱਖਾਂ ਦੀ ਥਾਂ ਰੱਬ ਕੋਲੋਂ ਸਰਬੱਤ ਦਾ ਭਲਾ ਮੰਗਣ ਵਾਲਾ ਅਤੇ ਸਦਾ ਸ਼ੁਕਰਾਨੇ ਦੀ ਹਾਲਤ ਵਿਚ ਰਹਿਣ ਵਾਲਾ ਉਸਦਾ ਬਾਪੂ ਤਾਂ ਇਕ ਫ਼ਰਿਸ਼ਤਾ ਸੀ | ਮਰਦੇ ਦਮ ਤੱਕ ਬਾਪੂ ਦੇ ਗੁਣਾਂ ਨੂੰ ਅੰਗ ਸੰਗ ਰੱਖਣ, ਉਸਦੀ ਹੋਂਦ ਨੂੰ ਸਦਾ ਮਹਿਸੂਸ ਕਰਦੇ ਰਹਿਣ ਦੀ ਇੱਛਾ ਨਾਲ, ਸੈਫ਼ੀ ਨੇ ਆਪਣੇ ਬਾਪੂ ਦੇ ਨਾਂ ‘ਤੇ ਆਏ ਸਾਲ ‘ਸਾਹਿਤ-ਸਨਮਾਨ’ ਦੇਣਾ ਸ਼ੁਰੂ ਕੀਤਾ ਹੈ |

           ਬਚਪਨ ਦੀਆਂ ਤੰਗੀਆਂ-ਤੁਰਸ਼ੀਆਂ ਨੇ ਸੈਫ਼ੀ ਦੀ ਸ਼ਾਇਰੀ ਨੂੰ ਲੋਕ-ਹਤਾਇਸ਼ੀ ਬਨਾਉਣ ਲਈ ਨਿੱਗਰ ਸਮੱਗਰੀ ਦੀ ਭੂਮਿਕਾ ਨਿਭਾਈ | ਗੂੜ੍ਹ ਨਿੱਜੀ ਤਜ਼ਰਬੇ ਅਤੇ ਬਾਪੂ ਦੀ ਅਧਿਆਤਮਕ ਵਿਰਾਸਤ ਨੇ ਸੈਫ਼ੀ ਦੀ ਸ਼ਾਇਰੀ ਨੂੰ ਸ਼ਰੋਤਿਆਂ ਦੇ ਧੁਰ ਅੰਦਰ ਤੱਕ ਉਤਰ ਜਾਣ ਅਤੇ ਸੰਘਰਸ਼ਾਂ ਲਈ ਪ੍ਰੇਰਣ ਦੀ ਦਾਤ ਬਖ਼ਸ਼ੀ |

      ਸੈਫ਼ੀ ਦੀ ਉਮਰ ਭਾਵੇਂ ਛੋਟੀ ਹੈ ਪਰ ਉਸਦਾ ਧਾਕੜਾਂ ਹੱਥੋਂ ਮਾਰਾਂ ਖਾਣ ਦਾ ਤਜ਼ਰਬਾ ਵਸੀਹ ਹੈ। ਉਹ ਚਾਹੁੰਦਾ ਹੈ ਕਿ ਹੋਰ ਮਿਹਨਤਕਸ਼ੀਆਂ ਵਾਂਗ, ਸਾਹਿਤਕ ਕਾਮੇ ਦੀ ਕਿਰਤ ਦਾ ਸਹੀ ਮੁੱਲ ਸਹੀ ਸਮੇਂ ‘ਤੇ ਪੈਣਾ ਚਾਹੀਦਾ ਹੈ | ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਮਿਹਨਤ ‘ਤੇ ਸਿਫ਼ਾਰਸ਼ ਭਾਰੂ ਨਾ ਪਵੇ |

       ਸਨਮਾਨ ਲਈ ਉੱਚਿਤ ਵਿਅਕਤੀ ਦੀ ਚੋਣ ਸਮੇਂ, ਇਸ ਕੰਮ ਲਈ ਬਣੀ ਕਮੇਟੀ ਇਕੋ ਮਾਪਦੰਡ ਅਪਣਾਉਂਦੀ ਹੈ | ਪੁਰਸਕਾਰ ਪ੍ਰਾਪਤ ਕਰਨ ਵਾਲਾ ਵਿਅਕਤੀ ਧੜੇਬਾਜ਼ੀ ਤੋਂ ਉੱਪਰ ਅਤੇ ਇਨਾਮਾਂ ਸਨਮਾਨਾਂ ਦੀ ਦੌੜ ਵਿਚ ਸ਼ਾਮਲ ਨਾਰਹਿਣ ਵਾਲਾ ਹੋਵੇ | ਵਿਹਾਰਕ ਤੌਰ ‘ਤੇ ਆਪਣੀ ਲਿਖ਼ਤ ਨਾਲ ਮੇਲ ਖਾਂਦਾ ਹੋਵੇ ਤੇ ਧੁਰ ਅੰਦਰੋਂ ਲੋਕ-ਪੱਖੀ ਹੋਵੇ |

2020 ਦੇ ਸਨਮਾਨ ਲਈ ਮੈਂ ਕਮੇਟੀ ਦੇ ਮਾਪਦੰਡਾਂ ‘ਤੇ ਪੂਰਾ ਉੱਤਰਿਆ | ਪੁਰਸਕਾਰ ਦੀ ਰਸਮ ਵਾਲੇ ਦਿਨ ਅਤੇ ਸਥਾਨ ਦੀ ਚੋਣ  ਸੋਚ ਸਮਝ ਕੇ ਕੀਤੀ ਗਈ | ਦਿਨ : ਮਾਤਭਾਸ਼ਾ ਦਿਵਸ, ਸਥਾਨ : ਆਉਣ ਵਾਲੀ ਪੀੜ੍ਹੀ ਦਾ ਭਵਿੱਖ ਘੜਨ ਵਾਲੀ- ਭਾਵੀ ਅਧਿਆਪਕ ਸ਼੍ਰੇਣੀ ਦਾ ਟ੍ਰੇਨਿੰਗ ਕਾਲਜ। ਸਰਕਾਰੀ ਐਜੂਕੇਸ਼ਨ ਕਾਲਜ ਫਰੀਦਕੋਟ |

ਬਾਪੂ ਕਰਤਾਰ ਸਿੰਘ ਦੀ ਸੋਚ, ਸੁਲੱਗ ਪੁੱਤਰ ਦੀ ਉਸ ਮਾਨਵਵਾਦੀ ਸੋਚ ਨੂੰ ਅੱਗੇ ਤੋਰਨ ਦੀ ਇੱਛਾ, ਭਾਸ਼ਾ ਦਿਵਸ ‘ਤੇ ਜਗਿਆਸੂ ਵਿਦਿਆਰਥੀਆਂ ਦੇ ਸਨਮੁੱਖ ਹੋਣ ਦਾ ਮੌਕਾ |

 ਜ਼ਿੰਦਗੀ ਵਿਚ ਅਜਿਹਾ ਮੌਕਾ ਮੇਲ ਕਦੇ ਕਦੇ ਹੀ ਹੁੰਦਾ ਹਨ |

—————————————————————-

ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾਂ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਵੱਲੋਂ ਪਿਆਰ ਅਤੇ ਸਨਮਾਨ

ਨਾਵਲ ‘ਤਫ਼ਤੀਸ਼’ ਪੰਜਾਬ ਯੂਨੀਵਰਸਿਟੀ ਦੇ ਬੀ.ਏ. ਦੀ ਡਿਗਰੀ ਦੇ ਪਾਠਕ੍ਰਮ ਦਾ ਸੱਤ ਸਾਲ ਹਿੱਸਾ ਰਿਹਾ ਹੈ। ਉਹ ਵੀ ਪੰਜਾਬੀ ਦੇ ਲਾਜ਼ਮੀ ਵਿਸ਼ੇ ਦੇ ਪਾਠਕ੍ਰਮ ਦਾ। ਪੰਜਾਬ ਯੂਨੀਵਰਸਿਟੀ ਵਿਚ ਹਰ ਸਾਲ ਕਰੀਬ ਪੰਜਾਹ ਹਜ਼ਾਰ ਵਿਦਿਆਰਥੀ ਬੀ.ਏ. ਦੇ ਇਮਤਿਹਾਨ ਵਿਚ ਬੈਠਦੇ ਹਨ। ਭਾਵ ਹਰ ਸਾਲ ਪੰਜਾਹ ਹਜ਼ਾਰ ਵਿਦਿਆਰਥੀ ਇਹ ਨਾਵਲ ਪੜ੍ਹਦੇ ਸਨ। ਨਾਵਲ ‘ਕੌਰਵ ਸਭਾ’ ਐਮ.ਏ. ਦੀ ਡਿਗਰੀ ਦੇ ਪਾਠਕ੍ਰਮ ਦਾ ਉਸ ਸਮੇਂ ਵੀ ਹਿੱਸਾ ਸੀ ਅਤੇ ਹੁਣ ਵੀ ਹੈ। ਪੰਜਾਬੀ ਨਾਵਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਸੀ ਕਿ ਇੱਕੋ ਨਾਵਲਕਾਰ ਦੇ ਇੱਕੋ ਸਮੇਂ ਦੋ ਨਾਵਲ ਵੱਖਰੀਆਂ ਡਿਗਰੀਆਂ ਦੇ ਪਾਠਕ੍ਰਮ ਦਾ ਹਿੱਸਾ ਬਣੇ ਹੋਣ।

ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਦਾ ਨਾਂ, ਪੜ੍ਹਾਈ ਦੇ ਖੇਤਰ ਵਿਚ, ਇਸ ਦੀ ਸਥਾਪਨਾ ਦੇ ਪਹਿਲੇ ਦਿਨ ਤੋਂ ਸਤਿਕਾਰ ਯੋਗ ਰਿਹਾ ਹੈ। ਇਸ ਕਾਲਜ ਵਿਚ ਪੰਜਾਬ ਦੇ ਹਰ ਕੋਨੇ ਤੋਂ ਹੀ ਨਹੀਂ ਬਾਹਰਲੇ ਸੂਬਿਆਂ ਤੋਂ ਵੀ ਲੜਕੀਆਂ ਪੜ੍ਹਾਈ ਕਰਨ ਆਉਂਦੀਆਂ ਹਨ। ਕਹਿਣ ਦਾ ਭਾਵ ਇਹ ਕਿ ਇਸ ਕਾਲਜ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਤੀਖਣ ਬੁੱਧੀ ਵਾਲੀਆਂ ਅਤੇ ਪੜ੍ਹਾਈ ਵਿਚ ਹੁਸ਼ਿਆਰ ਹੁੰਦੀਆਂ ਹਨ। ਉਹ ਕੇਵਲ ਡਿਗਰੀ ਲਈ ਨਹੀਂ ਸਗੋਂ ਕੁਝ ਸਿੱਖਣ ਲਈ ਆਉਂਦੀਆਂ ਹਨ। ਹੁਸ਼ਿਆਰ ਬੱਚਿਆਂ ਵਿਚ ਮਿਹਨਤੀ ਅਧਿਆਪਕ ਹੀ ਟਿਕ ਸਕਦੇ ਹਨ। ਇਸ ਕਾਲਜ ਦੇ ਅਧਿਆਪਕ ਵੀ ਆਪਣਾ ਫ਼ਰਜ਼ ਤਹਿ ਦਿਲੋਂ ਨਿਭਾਉਂਦੇ ਹਨ।ਅਧਿਆਪਕਾਂ ਦਾ ਪੜ੍ਹਾਈ ਦਾ ਪੱਧਰ ਵੀ ਸ਼ਲਾਘਾ ਯੋਗ ਰਿਹਾ ਹੈ। ਇੱਥੇ ਪੰਜਾਬੀ ਦੀ ਐਮ.ਏ. ਵੀ ਕਰਵਾਈ ਜਾਂਦੀ ਹੈ। ਇਸ ਕਾਰਨ ਵੀ ਇਸ ਕਾਲਜ ਵਿਚ ਪੰਜਾਬੀ ਸਾਹਿਤ ਨਾਲ ਮੱਸ ਰੱਖਣ ਵਾਲੀਆਂ ਵਿਦਿਆਰਥਣਾਂ ਦੇ ਨਾਲ-ਨਾਲ ਅਧਿਆਪਕਾਂ ਦੀ ਗਿਣਤੀ ਵੀ ਆਮ ਕਾਲਜਾਂ ਨਾਲੋਂ ਵੱਧ ਹੁੰਦੀ ਹੈ।

ਕੋਰਸਾਂ ਵਿਚ ਪੜ੍ਹੇ ਦੋ ਨਾਵਲਾਂ ਦੇ ਨਾਵਲਕਾਰ ਨੂੰ ਬੱਚਿਆਂ ਦੇ ਸਨਮੁੱਖ ਕਰਨਾ, ਫੇਰ ਲੇਖਕ ਵਲੋਂ ਆਪਣੇ ਪਾਠਕਾਂ ਮਿਲ ਕੇ ਨਾਵਲਾਂ ਦੀਆਂ ਅਣਛੋਹੀਆਂ ਪਰਤਾਂ ਨੂੰ ਉਧੇੜਨ ਵਰਗਾ ਕਾਰਜ ਇਸ ਕਾਲਜ ਵਿਚ ਹੀ ਸੰਭਵ ਸੀ।

ਕਾਲਜ ਦੀਆਂ ਵਿਦਿਆਰਥਣਾਂ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਮੈਨੂੰ, 29 ਮਾਰਚ 2012 ਨੂੰ ਉਨ੍ਹਾਂ ਦੀ ਕਚਿਹਰੀ ਵਿਚ ਪੇਸ਼ ਹੋਣ ਦਾ ਹੁਕਮ ਹੋਇਆ।

                                                                                  

ਇਸ ਸਮੇਂ ਤੱਕ ਮੈਂ ਕਰੀਬ ਪੰਜਾਹ ਕਾਲਜਾਂ ਵਿਚ ਆਪਣੇ ਨਾਵਲਾਂ ਦੀ ਸਿਰਜਣ ਪ੍ਰਕ੍ਰਿਆ ਬਾਰੇ ਵਿਦਿਆਰਥੀਆਂ ਦੇ ਰੁ-ਬ-ਰੂ ਹੋ ਚੁੱਕਾ ਸੀ। ਬਹੁਤੇ ਪ੍ਰਵਚਨਾਂ ਵਿਚ ਨਿਰਾਸ਼ਾ ਹੀ ਹੁੰਦੀ ਰਹੀ। ਵਿਦਿਆਰਥੀਆਂ ਦੇ ਨਾਵਲ ਨਾ ਪੜ੍ਹਨ ਦੀ ਪ੍ਰਵਿਰਤੀ ਤਾਂ ਆਮ ਸੀ ਪਰ ਕੁਝ ਕਾਲਜਾਂ ਵਿਚ ਜਦੋਂ ਨਾਵਲ ਪੜ੍ਹਾ ਰਹੇ ਅਧਿਆਪਕਾਂ ਵੱਲੋਂ ਵੀ ਨਾਵਲ ਨਾ ਪੜ੍ਹੇ ਜਾਣ ਦੀ ਸੂਹ ਮਿਲਦੀ ਤਾਂ ਮਨ ਨੂੰ ਵੱਡੀ ਠੇਸ ਲੱਗਦੀ। ਇਸ ਕਾਲਜ ਵਿਚ ਅਜਿਹੇ ਕਿਸੇ ਗਿਲੇ-ਸ਼ਿਕਵੇ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਈ। ਹਰ ਵਿਦਿਆਰਥੀ ਨੇ ਨਾਵਲ ਡੂੰਘਾਈ ਨਾਲ ਪੜ੍ਹਿਆ ਹੋਇਆ ਸੀ। ਵਿਦਿਆਰਥੀਆਂ ਵੱਲੋਂ ਪ੍ਰਸ਼ਨਾਂ ਦੀ ਝੜੀ ਲਾਈ ਗਈ। ਇਸ ਕਾਲਜ ਵਿਚ ਹੋਇਆ ਇਹ ਰੁ-ਬ-ਰੂ ਅਤੇ ਵਿਦਿਆਰਥਣਾਂ ਕੋਲੋਂ ਮਿਲਿਆ ਪਿਆਰ ਅਤੇ ਸਨਮਾਨ ਪੰਜਾਹ ਕਾਲਜਾਂ ਦੇ ਇਕੱਠੇ ਸਨਮਾਨ ਨਾਲੋਂ ਵੱਧ ਦਿਲ-ਟੁੰਬਵਾਂ ਰਿਹਾ। (1 ਨਵੰਬਰ 2020)

_______________________________________________

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵੂਮੈਨ ਝਾੜ ਸਾਹਿਬ(ਲੁਧਿਆਣਾ) ਦੀਆਂ ਵਿਦਿਆਰਥਣਾਂ ਵਲੋਂ ਪਿਆਰ ਅਤੇ ਸਨਮਾਨ

12 ਅਪਰੈਲ 2016 ਨੂੰ, ਇਸ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਤੋਂ ਵੀ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਵਰਗਾ ਯਾਦਹਾਰੀ ਮਾਣ ਸਤਿਕਾਰ ਮਿਲਿਆ।

_______________________________________________

ਮਾਲਵਾ ਸਾਹਿਤ ਸਭਾ ਵਲੋਂ ਲੋਹੜੀ ਤੇ ਵਿਸ਼ੇਸ਼ ਸਨਮਾਣ

ਬਰਨਾਲੇ ਨੂੰ ‘ਸਾਹਿਤਕਾਰਾਂ ਦਾ ਮੱਕਾ’ ਹੋਣ ਦੇ ਮਿਲੇ ਸਨਮਾਨ ਨੂੰ, ਮਾਲਵਾ ਸਾਹਿਤ ਸਭਾ ਬਰਨਾਲਾ ਸਹੀ ਸਿੱਧ ਕਰਨ ਲਈ ਨਵੀਆਂ ਪਿਰਤਾਂ ਪਾ ਰਹੀ ਹੈ। ਪੰਜਾਬ ਵਿਚ ਤਿਥ-ਤਿਓਹਾਰਾਂ ਅਤੇ ਪਰਿਵਾਰਕ ਸਮਾਗਮਾਂ ਤੇ ਲੇਖਕਾਂ ਦੀ ਵਿਸ਼ੇਸ਼ ਪੁੱਛ-ਪ੍ਰਤੀਤ ਦਾ ਰਿਵਾਜ਼ ਨਹੀਂ ਹੈ। ਪਰ ਮਾਲਵਾ ਸਾਹਿਤ ਸਭਾ ਪਿਛਲੇ 35 ਸਾਲਾਂ ਤੋਂ ਇਹ ਰਿਵਾਇਤ ਤੋੜਦੀ ਆ ਰਹੀ ਹੈ। ਸਭਾ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਸਭਾ ਦੇ ਕਿਸੇ ਮੈਂਬਰ ਦੇ ਘਰ ਕਿਸੇ ਜੀਅ ਦਾ ਵਿਆਹ ਹੋਵੇ ਜਾਂ ਘਰ ਦੀ (ਮੁੰਡਾ ਜਾਂ ਕੁੜੀ ਜੰਮਣ) ਵੇਲ੍ਹ ਵਧੀ ਹੋਵੇ ਤਾਂ ਅਜਿਹੀ ਖੁਸ਼ੀ ਵਿਚ ਮਨਾਏ ਜਾਣ ਵਾਲੇ ਉੱਤਸਵ, ਸਮੇਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਰਸਮਾਂ ਦੇ ਨਾਲ-ਨਾਲ ਇੱਕ ਸਾਹਿਤਕ ਰਸਮ ਵੀ ਨਿਭਾਈ ਜਾਏਗੀ। ਇਹ ਰਸਮ ਹੈ ਇੱਕ ਲੋਕ-ਪੱਖੀ ਅਤੇ ਅਗਾਂਹ-ਵਧੂ ਲੇਖਕ ਦਾ ਲੋਕਾਂ ਦੀ ਸੱਥ ਵਿਚ ਭਰਵਾਂ ਸਨਮਾਨ ਕਰਨ ਦੀ।

ਸਾਲ 2010 ਵਿਚ ਸਭਾ ਦੇ ਸਰਪ੍ਰਸਤ ਡਾ.ਜਸਵੰਤ ਸਿੰਘ ਸੇਖੋਂ ਨੂੰ ਕਾਕਾ ਸਾਹਿਲਦੀਪ ਸਿੰਘ ਦੇ ਰੂਪ ਵਿਚ ਪੋਤੇ ਦੀ ਦਾਤ ਪ੍ਰਾਪਤ ਹੋਈ ਸੀ। ਸਭਾ ਦੀ ਰੀਤ ਅਨੁਸਾਰ, ਮੇਰੇ ਸਾਹਿਤਕ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਮੁੰਡੇ ਦੀ ਪਹਿਲੀ ਲੋਹੜੀ ਤੇ ਮੈਨੂੰ ਮਾਣ ਬਖ਼ਸ਼ਣ ਲਈ ਚੁਣਿਆ ਗਿਆ।

ਸਨਮਾਨ ਵਿਚ ਲੋਈ, ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਤਾਂ ਸਨ ਹੀ। ਨਾਲ 5100/- ਰੁਪਏ ਦੀ ਵੱਡੀ ਧਨ-ਰਾਸ਼ੀ ਵੀ ਸੀ। ਇੱਥੇ ਹੀ ਬਸ ਨਹੀਂ, ਸਮਾਗਮ ਵਿਚ ਸ਼ਾਮਲ ਹੋਣ ਲਈ ਮੇਰੇ ਨਾਲ ਗਈ ਮੇਰੀ ਪਤਨੀ ਅਤੇ ਬੇਟੇ ਦਾ ਵੀ ਉਨੇ ਹੀ ਤਿਓ ਨਾਲ ਲੋਈ/ਸ਼ਾਲ ਨਾਲ ਸਨਮਾਨ ਕੀਤਾ ਗਿਆ। ਲੇਖਕ ਮੈਂਬਰਾਂ ਨੇ ਆਪਣੀਆਂ ਪੁਸਤਕਾਂ ਨਾਲ ਨਿਵਾਜਿਆ।

ਇਹ ਪਹਿਲੀ ਵਾਰ ਸੀ ਜਦੋਂ ਮੇਰੇ ਨਾਲ ਮੇਰੇ ਪਰਿਵਾਰ ਦੇ ਜੀਆਂ ਦਾ ਵੀ ਭਰਪੂਰ ਸਨਮਾਨ ਹੋਇਆ ਸੀ।

ਇਸ ਸਮਾਗਮ ਦੀ ਵੱਡੀ ਖ਼ੂਬੀ ਇਹ ਸੀ ਕਿ ਪਰਿਵਾਰ ਅਤੇ ਸਭਾ ਦਾ ਹਰ ਮੈਂਬਰ ਤਹਿ ਦਿਲੋਂ ਸਾਡੀ ਆਓ-ਭਗਤ ਅਤੇ ਖਾਤਰਦਾਰੀ ਵਿਚ ਜੁਟਿਆ ਹੋਇਆ ਸੀ। ਸਭ ਦੀਆਂ ਅੱਖਾਂ ਵਿਚ, ਸਮੱਰਪਣ ਦੀ ਭਾਵਨਾਂ ਚਮਕ ਰਹੀ ਸੀ।

ਇਸ ਵਿਲੱਖਣ ਸਾਹਿਤ ਰਿਵਾਜ਼ ਵਿਚ ਮੈਂ ਇੱਕ ਨਵੀਂ ਧਾਰਾ ਜੋੜਨ ਦਾ ਯਤਨ ਕੀਤਾ। ਪਰਿਵਾਰ ਦੇ ਮੋਢੀ ਮੈਂਬਰਾਂ ਨੂੰ ਮੈਂ ਆਪਣੇ ਨਾਵਲਾਂ ਦੇ ਸੈਟ, ਪੋਤੇ ਨੂੰ ਸ਼ਗਨ ਵਜੋਂ ਭੇਂਟ ਕੀਤੇ।

ਸਨਮਾਨ ਬਾਅਦ ਲੋਹੜੀ ਦੀ ਅਗਲੀ ਰਸਮ ਹੋਈ। ਖਾਣ-ਪੀਣ ਅਤੇ ਕਵਿਤਾ-ਪਾਠ ਦੀ।

ਆਪਣੇ ਘਰ ਪੁੱਤ ਜੰਮਣ ਦੀ ਲੋਹੜੀ ਅਸੀਂ ਵੀ ਮਨਾਈ ਸੀ। ਪਰ ਇਸ ਵਿਲੱਖਣ ਲੋਹੜੀ ਦੀ ਯਾਦ ਉਸ ਲੋਹੜੀ ਨਾਲੋਂ ਵੱਧ ਦਿਲ ਖਿਚਵੀਂ ਅਤੇ ਸਦੀਵੀ ਹੈ। (1 ਨਵੰਬਰ 2020)

————————————————————-

ਕੁਲਦੀਪ ਸਿੰਘ ਯਾਦਗਾਰੀ ਪੁਰਸਕਾਰ

          ਸਾਲ 1983 ਵਿਚ ਮੇਰੀ ਬਦਲੀ ਰਾਮਪੁਰਾਫੂਲ ਦੀ ਹੋ ਗਈ। ਦਰਸ਼ਨ ਗਿੱਲ ਉਸ ਇਲਾਕੇ ਵਿਚ ਅਕਸਾਈਜ਼ ਇੰਸਪੈਕਟਰ ਲੱਗਾ ਹੋਇਆ ਸੀ। ਪੁਲਿਸ ਜਦੋਂ ਕਿਸੇ ਮੁਲਜ਼ਮ ਤੋਂ ਨਜਾਇਜ਼ ਸ਼ਰਾਬ ਦੀ ਭੱਠੀ ਜਾਂ ਲਾਹਣ ਬਰਾਮਦ ਕਰਦੀ ਹੈ ਤਾਂ ਅਕਸਾਈਜ਼ ਇੰਸਪੈਕਟਰ ਤੋਂ ਲਾਹਣ ਟੈਸਟ ਕਰਵਾ ਕੇ ਉਸ ਦੀ ਰਿਪੋਰਟ ਹਾਸਲ ਕਰਦੀ ਹੈ। ਫੇਰ ਅਕਸਾਈਜ਼ ਇੰਸਪੈਕਟਰ ਨੂੰ ਅਦਾਲਤ ਵਿਚ ਆ ਕੇ ਗਵਾਹੀ ਦੇਣੀ ਪੈਂਦੀ ਹੈ।

          ਉਸ ਸਮੇਂ ਰਾਮਪੁਰਾਫੂਲ ਦੇ ਕਈ ਇਲਾਕਿਆਂ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਵੱਡੇ ਪੱਧਰ ਤੇ ਚੱਲਦਾ ਸੀ। ਇਸ ਲਈ ਦਰਸ਼ਨ ਗਿੱਲ ਹਫ਼ਤੇ ਵਿਚ ਚਾਰ-ਪੰਜ ਦਿਨ ਗਵਾਹੀ ਦੇਣ ਅਦਾਲਤ ਵਿਚ ਆਉਂਦਾ ਸੀ। ਪਹਿਲਾਂ-ਪਹਿਲ ਸਾਡੀ ਪਹਿਚਾਣ ਇੱਕ ਸਰਕਾਰੀ ਵਕੀਲ ਅਤੇ ਇੱਕ ਅਕਸਾਈਜ਼ ਇੰਸਪੈਕਟਰ ਵਾਲੀ ਰਸਮੀ ਜਿਹੀ ਸੀ। ਇੱਕ ਵਾਰ ਅਚਾਨਕ ਗੱਲਬਾਤ ਦੌਰਾਨ ਸਾਡੇ ਦੋਹਾਂ ਦੇ ਸਾਹਿਤਕਾਰ ਹੋਣ ਦੇ ਭੇਤ ਖੁੱਲ ਗਏ। ਦਿਨਾਂ ਵਿਚ ਸਾਡੀ ਰਸਮੀ ਜਾਣ-ਪਹਿਚਾਣ ਗੂੜ੍ਹੀ ਦੋਸਤੀ ਵਿਚ ਬਦਲ ਗਈ।

    ਦਰਸ਼ਨ ਗਿੱਲ ਨੇ ਮੈਥੋਂ ਕਹਾਣੀਆਂ ਫੜੀਆਂ ਅਤੇ ਬਿਨ੍ਹਾਂ ਦੱਸੇ ਰਵੀ ਸਾਹਿਤ ਪ੍ਰਕਾਸ਼ਨ ਨੂੰ ਪੁਸਤਕ ਰੂਪ ਵਿਚ ਛਾਪਣ ਲਈ ਭੇਜ ਦਿੱਤੀਆਂ। ਪ੍ਰਕਾਸ਼ਕ ਵੱਲੋਂ ਲਏ ਜਾਂਦੇ ਪੈਸੇ ਉਸ ਨੇ ਆਪਣੀ ਜੇਬ ਵਿਚੋਂ ਦਿੱਤੇ। ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਉਸ ਨੇ ਇਨ੍ਹਾਂ ਕਹਾਣੀਆਂ ਦਾ ਕਹਾਣੀ-ਸੰਗ੍ਰਹਿ ‘ਪੁਨਰਵਾਸ’ ਮੈਨੂੰ ਭੇਂਟ ਕੀਤਾ। ਉਸ ਦੀ ਪ੍ਰੇਰਣਾ ਤੇ ਮੈਂ ਮੁੜ ਕਲਮ ਚੁੱਕ ਲਈ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਦਰਸ਼ਨ ਗਿੱਲ ਨੇ ਮੈਨੂੰ ਕਾਮਰੇਡ ਸੁਰਜੀਤ ਗਿੱਲ ਨਾਲ ਮਿਲਾਇਆ। ਦਸ ਸਾਲ ਤੋਂ ਗੁਰਸ਼ਰਨ ਭਾਅ ਜੀ ਕੋਲ ਪ੍ਰਕਾਸ਼ਨ ਲਈ ਪਿਆ ‘ਕਾਫ਼ਲਾ’ ਨਾਵਲ ਅਸੀਂ ਪ੍ਰਕਾਸ਼ਤ ਕਰਵਾਇਆ। ਦਰਸ਼ਨ ਗਿੱਲ ਨੇ ਬਠਿੰਡੇ ਇਸ ਨਾਵਲ ਨੂੰ ਲੋਕ-ਅਰਪਣ ਕਰਨ ਦਾ ਸਮਾਗਮ ਰਚਾਇਆ ਅਤੇ ਬਠਿੰਡੇ ਦੇ ਸਿਰਕੱਢ ਲੇਖਕਾਂ ਦੇ ਨਾਲ-ਨਾਲ ਡਾ.ਟੀ.ਆਰ. ਵਿਨੋਦ ਨਾਲ ਦੋਸਤੀ ਪਵਾਈ। ਇੰਝ ਮੇਰੇ ਅਗਲੇ ਸਾਹਿਤਕ ਪੜਾਅ ਵਿਚ ਦਰਸ਼ਨ ਗਿੱਲ ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ।

          ਮੇਰੀ ਹੀ ਨਹੀਂ ਦਰਸ਼ਨ ਗਿੱਲ ਦੀ ਹਰ ਸਾਹਿਤਕਾਰ ਦੀ ਦਿਲੋਂ ਸਹਾਇਤਾ ਕਰਨ ਦੀ ਆਦਤ ਸੀ। ਉਸ ਦਾ ਇੱਕ ਮਿੱਤਰ ਕੁਲਦੀਪ ਸਿੰਘ ਕਵਿਤਾ ਲਿਖਦਾ ਸੀ। ਉਹ ਵਧੀਆ ਰੋਟੀ-ਰੋਜ਼ੀ ਦੀ ਤਲਾਸ਼ ਵਿਚ ਜਰਮਨ ਚਲਾ ਗਿਆ। ਉਸ ਦੇ ਦੋ ਭਰਾ ਮਨਜੀਤ ਸਿੰਘ ਅਤੇ ਅਜੀਤ ਸਿੰਘ ਬਠਿੰਡੇ ਵਿਚ ਅਸਲੇ ਦੀ ਦੁਕਾਨ ਕਰਦੇ ਸਨ। ਕਿਸੇ ਕਾਰਨ ਕੁਲਦੀਪ ਸਿੰਘ ਦੀ ਜਰਮਨ ਵਿਚ ਹੀ ਮੌਤ ਹੋ ਗਈ। ਉਸ ਦੇ ਬੈਂਕ ਖਾਤੇ ਵਿਚ ਉਸ ਸਮੇਂ ਦਸ ਲੱਖ ਰੁਪਏ ਜਮਾਂ ਸਨ। ਉਸ ਦਸ ਲੱਖ ਦੇ ਵਾਰਸ ਅਜੀਤ ਸਿੰਘ ਅਤੇ ਮਨਜੀਤ ਸਿੰਘ ਸਨ। ਸਰਦੇ-ਪੁੱਜਦੇ ਹੋਣ ਕਾਰਨ ਅਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਫ਼ੈਸਲਾ ਕੀਤਾ ਕਿ ਉਹ ਕੁਲਦੀਪ ਸਿੰਘ ਦੇ ਪੈਸਿਆਂ ਨੂੰ ਹੱਥ ਨਹੀਂ ਲਾਉਣਗੇ। ਦਰਸ਼ਨ ਗਿੱਲ ਦੇ ਸੁਝਾਅ ਤੇ ਦੋਹਾਂ ਭਰਾਵਾਂ ਨੇ ਕੁਲਦੀਪ ਸਿੰਘ ਯਾਦਗਾਰੀ ਟਰੱਸਟ ਦੀ ਸਥਾਪਨਾ ਕਰ ਦਿੱਤੀ ਅਤੇ ਬੈਂਕ ਵਿਚ ਜਮ੍ਹਾਂ ਰਕਮ ਤੋਂ ਪ੍ਰਾਪਤ ਹੋਣ ਵਾਲੇ ਵਿਆਜ ਨਾਲ ਹਰ ਸਾਲ ਉਸ ਦੀ ਯਾਦ ਵਿਚ ਸਮਾਗਮ ਰਚਾਉਣ ਅਤੇ ਇੱਕ ਲੋਕ-ਪੱਖੀ ਸਾਹਿਤਕਾਰ ਨੂੰ ਚੰਗੀ-ਚੌਖੀ ਰਕਮ ਵਾਲਾ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ। ਨਾਲ ਇਹ ਫ਼ੈਸਲਾ ਵੀ ਕੀਤਾ ਕਿ ਇਹ ਪੁਰਸਕਾਰ, ਹਰ ਹਾਲ, ਬਿਨ੍ਹਾਂ ਕਿਸੇ ਭੇਦ-ਭਾਵ ਅਤੇ ਨਿੱਜੀ ਦਬਾਅ ਦੇ ਦਿੱਤਾ ਜਾਵੇ। ਟਰੱਸਟ ਵੱਲੋਂ ਇਸ ਫ਼ੈਸਲੇ ਤੇ ਅੱਜ ਤੱਕ ਪਹਿਰਾ ਦਿੱਤਾ ਜਾ ਰਿਹਾ ਹੈ। ਇਸ ਨਿਰਪੱਖਤਾ ਕਾਰਨ ਇਸ ਪੁਰਸਕਾਰ ਨੇ ਚੰਗੀ ਚੌਖੀ ਪ੍ਰਸਿੱਧੀ ਪ੍ਰਾਪਤ ਕੀਤੀ ਹੋਈ ਹੈ।

ਮੈਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ 28 ਸਤੰਬਰ 2008 ਨੂੰ ਪ੍ਰਾਪਤ ਹੋਇਆ।

_______________________________________________

ਨਾਵਲ ‘ਸੁਧਾਰ ਘਰ’ ਲਈ ਸਾਹਿਤ ਅਕੈਡਮੀ ਪੁਰਸਕਾਰ 2008

          ਡਾ.ਸਤਿੰਦਰ ਸਿੰਘ ਨੂਰ ਦੀ, ਆਖਰੀ ਸਾਹ ਤੱਕ, ਦਿੱਲੀ ਦੀ ਸਾਹਿਤਕ ਸਿਆਸਤ ਤੇ ਪੂਰੀ ਪਕੜ ਰਹੀ। ਉਹ ਸਾਹਿਤ ਅਕੈਡਮੀ, ਪੰਜਾਬੀ ਅਕੈਡਮੀ ਦਿੱਲੀ ਅਤੇ ਨੈਸ਼ਨਲ ਬੁੱਕ ਟਰੱਸਟ ਵਰਗੀਆਂ ਸਰਕਾਰੀ ਸੰਸਥਾਵਾਂ ਦੇ ਨਾਲ-ਨਾਲ ਗਿਆਨਪੀਠ ਵਰਗੀ ਨਿੱਜੀ ਸੰਸਥਾ ਵਿਚ ਹੁੰਦੇ ਫ਼ੈਸਲੇ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦੇ ਸਨ।

       ਕਿਸੇ ਨਾ ਕਿਸੇ ਸਮਾਗਮ ਵਿਚ ਹਿੱਸਾ ਲੈਣ ਉਹ ਹਰ ਚੌਥੇ ਦਿਨ ਪੰਜਾਬ ਗੇੜਾ ਮਾਰਦੇ ਸਨ। ਪੰਜਾਬ ਵਿਚ ਹੁੰਦੀ ਹਰ ਸਾਹਿਤਕ ਸਰਗਰਮੀ ਦੀ ਉਨ੍ਹਾਂ ਨੂੰ ਸੂਚਨਾ ਹੁੰਦੀ ਸੀ। ਉਹ ਪੜ੍ਹਦੇ ਬਹੁਤ ਸਨ। ਖੋਜ-ਪੱਤਰ ਅਤੇ ਪੁਸਤਕਾਂ ਦੇ ਮੁੱਖ ਬੰਧ ਲਿਖਣ ਲੱਗੇ ਘੋਲ ਨਹੀਂ ਸਨ ਕਰਦੇ। ਇਸ ਲਈ ਵੀ ਉਨ੍ਹਾਂ ਨੂੰ ਪੰਜਾਬੀ ਦੀ ਹਰ ਨਵੀਂ ਛਪੀ ਪੁਸਤਕ ਦੇ ਗੁਣਾਂ-ਔਗੁਣਾਂ ਦਾ ਪਤਾ ਹੁੰਦਾ ਸੀ।

          ਮੇਰੀ ਉਨ੍ਹਾਂ ਨਾਲ ਕੋਈ ਨਿੱਜੀ ਸਾਂਝ ਨਹੀਂ ਸੀ। ਲੁਧਿਆਣੇ ਕਿਸੇ ਸਮਾਗਮ ਤੇ ਮਿਲਣ ਤੇ, ਉਨ੍ਹਾਂ ਨਾਲ ਰਸਮੀ ਦੁਆ-ਸਲਾਮ ਹੁੰਦੀ ਸੀ।

          ‘ਕੌਰਵ ਸਭਾ’ 2003 ਵਿਚ ਛਪਿਆ ਸੀ। ਨਾਵਲ ਦੇ ਛਪਦਿਆਂ ਹੀ, ਧਰੂ ਤਾਰੇ ਵਾਂਗ, ਇਸ ਦੀ ਚਰਚਾ ਚਾਰੇ ਪਾਸੇ ਹੋਣ ਲੱਗ ਪਈ । ਉਸ ਸਮੇਂ ਡਾ.ਨੂਰ ਸਾਹਿਤ ਅਕੈਡਮੀ ਦਿੱਲੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਕਨਵੀਨਰ ਸਨ। ਪੰਜਾਬੀ ਦੀ ਪੁਰਸਕਾਰ ਦੀ ਹੱਕਦਾਰ ਪੁਸਤਕ ਦੀ ਚੋਣ ਇਸੇ ਬੋਰਡ ਦੇ ਜਿੰਮੇ ਹੁੰਦੀ ਹੈ। ਬਾਕੀ ਸਭ ਉਪਚਾਰਕਤਾਵਾਂ ਸਨ। ਸਾਹਿਤ ਅਕੈਡਮੀ ਪੁਰਸਕਾਰ ਉਸੇ ਨੂੰ ਮਿਲਦਾ ਸੀ ਜਿਸ ਨੂੰ ਡਾ.ਨੂਰ ਦਵਾਉਣਾ ਚਾਹੁੰਦੇ ਹੁੰਦੇ ਸਨ।

   ਲੁਧਿਆਣੇ ਹੋਈਆਂ ਇੱਕ-ਦੋ ਮਿਲਣੀਆਂ ਸਮੇਂ ਉਨ੍ਹਾਂ ਨੇ ਮੈਨੂੰ ਜਤਾਇਆ ਕਿ ‘ਕੌਰਵ ਸਭਾ’ ਇਸ ਪੁਰਸਕਾਰ ਦੇ ਹਾਣ ਦਾ ਹੋ ਗਿਆ ਹੈ। ਉਨ੍ਹਾਂ ਨੇ ਮੈਨੂੰ ਭਰੋਸਾ ਵੀ ਦਵਾਇਆ ਕਿ ਉਹ ਮੈਨੂੰ ਬਣਦਾ ਹੱਕ ਦਵਾਉਣ ਦਾ ਯਤਨ ਕਰਨਗੇ।   ਸਾਲ 2006 ਦੇ ਪੁਰਸਕਾਰ ਲਈ, ਰਸਤੇ ਵਿਚਲੀਆਂ ਸਾਰੀਆਂ ਔਕੜਾਂ ਸਰ ਕਰਕੇ, ਇਹ ਨਾਵਲ ਜਿਊਰੀ ਤੱਕ ਅੱਪੜ ਗਿਆ। ਜਿਊਰੀ ਦੇ ਤਿੰਨੇ ਮੈਂਬਰ ਵੀ ਇਸੇ ਨਾਵਲ ਨੂੰ ਪੁਰਸਕਾਰ ਦੇਣਾ ਚਾਹੁੰਦੇ ਸਨ। ਬਾਅਦ ਵਿਚ ਮੈਨੂੰ ਨੂਰ ਸਾਹਿਬ ਨੇ ਦੱਸਿਆ ਕਿ ਕੋਈ ਹੋਰ ਸੱਜਣ, ਆਪਣੀ ਗੰਭੀਰ ਬਿਮਾਰੀ ਦਾ ਵਾਸਤਾ ਪਾ ਕੇ, ਜਿਊਰੀ ਦੀ ਹਮਦਰਦੀ ਜਿੱਤਣ ਵਿਚ ਕਾਮਯਾਬ ਹੋ ਗਿਆ। ਉਸ ਸਾਲ ਕੌਰਵ ਸਭਾ ਪੁਰਸਕਾਰ ਪ੍ਰਾਪਤ ਕਰਨੋ ਖੂੰਝ ਗਿਆ।

          ‘ਸੁਧਾਰ ਘਰ’ 2006 ਵਿਚ ਪ੍ਰਕਾਸ਼ਿਤ ਹੋਇਆ। ਸਾਲ 2008 ਤੱਕ ਇਸ ਦੀਆਂ ਪੁਰਸਕਾਰ ਪ੍ਰਾਪਤ ਕਰਨ ਦੀਆਂ ਸ਼ਰਤਾਂ ਪੂਰੀਆਂ ਹੋ ਗਈਆਂ। ਇਹ ਨਾਵਲ ਭਾਵੇਂ ‘ਕੌਰਵ ਸਭਾ’ ਜਿੰਨਾ ਨਾਮਣਾ ਨਹੀਂ ਸੀ ਖੱਟ ਸਕਿਆ ਪਰ ਨੂਰ ਸਾਹਿਬ ਨੇ ਆਪਣਾ ਵਚਨ ਨਿਭਾਇਆ ਅਤੇ ਕੌਰਵ ਸਭਾ ਵਾਲੀ ਕਸਰ ਪੂਰੀ ਕਰ ਦਿੱਤੀ।

          ਇਸ ਵਿਚ ਰੱਤੀ ਭਰ ਝੂਠ ਨਹੀਂ ਕਿ ਇਹ ਪੁਰਸਕਾਰ ਮੈਨੂੰ ਨੂਰ ਸਾਹਿਬ ਦੀ ਮੇਹਰਬਾਨੀ ਸਦਕਾ ਮਿਲਿਆ । ਇਹ ਵੀ ਸੱਚ ਹੈ ਕਿ ਇਹ ਪੁਰਸਕਾਰ ਦਿਵਾਉਣ ਲਈ ਨਾ ਖੁਦ ਮੈਂ ਕਦੇ ਉਨ੍ਹਾਂ ਨੂੰ ਕਿਹਾ ਅਤੇ ਨਾ ਹੀ ਕਦੇ ਕਿਸੇ ਤੋਂ ਸਿਫ਼ਾਰਸ਼ ਕਰਵਾਈ । ਪੁਰਸਕਾਰ ਦੇਣ ਦਾ ਫ਼ੈਸਲਾ ਉਨ੍ਹਾਂ ਦਾ ਆਪਣਾ ਸੀ।

          ਮੈਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਣ ਤੇ ਸਾਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਾਹਿਤਕ ਸੰਸਥਾਵਾਂ, ਸਭਾਵਾਂ, ਸਾਹਿਤਕਾਰਾਂ, ਪਾਠਕਾਂ ਅਤੇ ਖੱਬੀਆਂ ਧਿਰਾਂ ਨੇ ਇਸ ਪੁਰਸਕਾਰ ਦਾ ਭਰਪੂਰ ਸਵਾਗਤ ਕੀਤਾ।

          ਇਕ ਲੋਕ ਪੱਖੀ ਨਾਵਲ ਨੂੰ ਮਿਲੇ ਇਸ ਸਨਮਾਨ ਦਾ ਜਸ਼ਨ ਮਨਾਉਣ ਲਈ, ਸਾਰਾ ਸਾਲ, ਸਾਰੇ ਪੰਜਾਬ ਵਿਚ ਸਮਾਗਮ ਹੁੰਦੇ ਰਹੇ।

          ਪੁਰਸਕਾਰ ਜਿੰਨਾ ਹੀ ਮਹੱਤਵਪੂਰਣ ਸੀ, ਲੋਕਾਂ ਵੱਲੋਂ ਮਿਲਿਆ ਅਥਾਹ ਪਿਆਰ ਅਤੇ ਸਤਿਕਾਰ।

——————————

ਸੱਦਾ ਪੱਤਰ

ਸੋਵੀਨੀਅਰ ਅਤੇ ਸ਼ੋਭਾ ਪੱਤਰ

ਸਵਾਗਤ 16 ਫਰਵਰੀ 2009

ਪੁਰਸਕਾਰ ਦੇਣ ਦੀ ਸ਼ਾਨਦਾਰ ਰਸਮ 17 ਫਰਵਰੀ 2009

ਅਗਲੇ ਦਿਨ, 17 ਫਰਵਰੀ 2009, ਲੇਖਕ ਮਿਲਨੀ ਤੇ ਆਪਣੀ ਸਿਰਜਣ ਪ੍ਰਕਿਰਿਆ ਸਾਂਝੀ ਕਰਦੇ ਹੋਏ

ਪ੍ਰਵਚਣ ਦਾ ਲਿੰਕ

http://www.mittersainmeet.in/wp-content/uploads/2020/11/ਹਨੇਰੀਆਂ-ਅਤੇ-ਬੰਦ-ਗਲੀਆਂ-ਵਿਚ-ਦੀਵੇ-ਬਾਲਣ-ਦਾ-ਉਪਰਾਲਾ.pdf

—————————————————————————————————-

ਸਾਹਿਤ ਅਕੈਡਮੀ ਪੁਰਸਕਾਰ ਮਿਲਣ ਤੇ ਆਪਣੀ ਕਰਮ-ਭੂਮੀ ਦੇ ਲੇਖਕਾਂ ਅਤੇ ਮਿੱਤਰ ਪਿਆਰਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ

          ਬਰਨਾਲਾ ਮੇਰੀ ਸਾਹਿਤਕ ਕਰਮ-ਭੂਮੀ ਹੈ। ਸਾਹਿਤ ਸਿਰਜਣ ਦੀ ਚੇਟਕ ਮੈਨੂੰ ਸਕੂਲ ਵਿਚ ਪੜਦਿਆਂ ਹੀ ਲੱਗ ਗਈ ਸੀ। ਸਾਲ 1967 ਵਿਚ ਮੇਰੀ ਪਹਿਲੀ ਬਾਲ ਕਹਾਣੀ ਪ੍ਰੀਤ ਨਗਰ ਤੋਂ ਨਿਕਲਦੇ ਪ੍ਰਸਿੱਧ ਸਾਹਿਤਕ ਰਸਾਲੇ ‘ਬਾਲ ਸੰਦੇਸ਼’ ਵਿਚ ਛਪ ਗਈ ਸੀ। ਫੇਰ ਚੱਲ ਸੋ ਚੱਲ।

          ਸਰਕਾਰੀ ਵਕੀਲ ਦੀ ਨੌਕਰੀ ਮਿਲ ਜਾਣ ਕਾਰਨ ਮੈਨੂੰ ਸਾਲ 1979 ਵਿਚ ਬਰਨਾਲਾ ਛੱਡਣਾ ਪਿਆ। ਚਾਹੁੰਦਾ ਹੋਇਆ ਵੀ, ਅੱਜ ਤੱਕ ਮੈਂ ਮੁੜ ਬਰਨਾਲੇ ਪੱਕੀ ਰਿਹਾਇਸ਼ ਨਹੀਂ ਕਰ ਸਕਿਆ। ਬਰਨਾਲੇ ਤੋਂ ਦੂਰ ਰਹਿਣ ਦੇ ਬਾਵਜੂਦ ਮੈਂ ਇੱਕ ਦਿਨ ਲਈ ਵੀ ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟਿਆ। ਅੱਜ ਤੱਕ ਮੈਂ ਆਪਣੇ ਆਪ ਨੂੰ ‘ਬਰਨਾਲੇ ਦਾ ਸਾਹਿਤਕਾਰ’ ਹੀ ਕਹਿੰਦਾ ਆ ਰਿਹਾ ਹਾਂ।

          ਬਰਨਾਲੇ ਹੁੰਦੇ ਹਰ ਛੋਟੇ-ਵੱਡੇ ਸਾਹਿਤਕ ਸਮਾਗਮ ਵਿਚ ਮੈਂ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ। ਸਾਹਿਤਕ ਸਰਗਰਮੀਆਂ ਚਾਹੇ ਮੈਂ ਜਗਰਾਓਂ ਕੀਤੀਆਂ ਚਾਹੇ ਲੁਧਿਆਣੇ, ਬਰਨਾਲੇ ਦੇ ਸਾਹਿਤਕਾਰਾਂ ਨੂੰ ਕਦੇ ਨਹੀਂ ਭੁੱਲਿਆ। ਉਨ੍ਹਾਂ ਨੂੰ ਵੱਖ-ਵੱਖ ਸਮਾਗਮਾਂ ਵਿਚ ਬੁਲਾ ਕੇ ਸਤਿਕਾਰ ਦਿੰਦਾ ਅਤੇ ਸਨਮਾਨਤ ਕਰਦਾ ਰਿਹਾ।

          ਸ਼ਾਇਰ ਤਰਸੇਮ ਨਾਲ ਮਿਲ ਕੇ ‘ਸਾਹਿਤ ਵਿਚਾਰ ਮੰਚ ਬਰਨਾਲਾ’ ਦੀ ਸਥਾਪਨਾ ਕੀਤੀ। ਇਸ ਅਦਾਰੇ ਵੱਲੋਂ, ਬਰਨਾਲੇ ਵਿਚ ਘੱਟੋ-ਘੱਟ ਛੇ ਯਾਦਗਾਰੀ ਸਮਾਗਮ ਰਚੇ ਗਏ। ਇਨ੍ਹਾਂ ਸਮਾਗਮਾਂ ਵਿਚ ਵੱਡੇ ਲੇਖਕਾਂ ਦੇ ਜਨਮ ਦਿਨ ਮਨਾਉਣ ਦੀ ਪਿਰਤ ਪਾਈ ਗਈ ਅਤੇ ਕਾਮਰੇਡ ਸੁਰਜੀਤ ਗਿੱਲ, ਡਾ.ਜੋਗਿੰਦਰ ਸਿੰਘ ਰਾਹੀ, ਡਾ.ਟੀ.ਆਰ. ਵਿਨੋਦ, ਡਾ.ਸਤਿੰਦਰ ਸਿੰਘ ਨੂਰ, ਡਾ.ਕਰਨਜੀਤ ਸਿੰਘ ਅਤੇ ਮੋਹਨਜੀਤ ਦੇ ਜਨਮ ਦਿਨ ਮਨਾਏ।

          ਬਰਨਾਲੇ ਦੇ ਲੇਖਕਾਂ ਬਾਰੇ ਧਾਰਨਾ ਹੈ ਕਿ ਇੱਥੇ ਲੇਖਕਾਂ ਨਾਲੋਂ ਵੱਧ ‘ਲੇਖਕਾਂ ਦੇ ਧੜੇ’ ਹਨ। ਇੱਕ ਧੜੇ ਨਾਲ ਸਬੰਧਤ ਲੇਖਕ, ਦੂਜੇ ਧੜੇ ਵੱਲੋਂ ਰਚੇ ਗਏ ਸਮਾਗਮ ਵਿਚ ਸ਼ਾਮਲ ਨਹੀਂ ਹੁੰਦੇ। ਸ਼ਾਇਦ ਬਰਨਾਲੇ ਤੋਂ ਬਹਰ ਰਹਿਣ ਕਾਰਨ ਜਾਂ ਬਰਨਾਲੇ ਦੇ ਸਾਰੇ ਸਾਹਿਤਕਾਰਾਂ ਦਾ ਬਰਾਬਰ ਦਾ ਸਤਿਕਾਰ ਕਰਦੇ ਹੋਣ ਕਾਰਨ, ਮੈਨੂੰ ਕਦੇ ਵੀ ਅਜਿਹੀ ਔਕੜ ਦਾ ਸਾਹਮਣਾ ਨਹੀਂ ਕਰਨਾ ਪਿਆ। ਮੈਂ ਜਦੋਂ ਵੀ ਬਰਨਾਲੇ ਕੋਈ ਸਮਾਗਮ ਕੀਤਾ ਤਾਂ ਸਾਰੇ ਹੀ ਧੜਿਆਂ ਦੇ ਲੇਖਕਾਂ ਨੇ ਸਮਾਗਮ ਵਿਚ ਵਧ-ਚੜ੍ਹ ਕੇ ਸ਼ਿਰਕਤ ਕੀਤੀ। ਸਮਾਗਮ ਦੀ ਰੌਣਕ ਅਤੇ ਮੇਰਾ ਮਾਣ ਵਧਾਇਆ।

          ਸਾਹਿਤਕਾਰਾਂ ਵਾਂਗ, ਬਰਨਾਲੇ ਦੀ ਆਪਣੀ ਮਿੱਤਰ-ਮੰਡਲੀ ਨਾਲ ਵੀ ਮੈਂ ਨੇੜੇ ਦੇ ਸਬੰਧ ਬਣਾਈ ਰੱਖੇ। ਕੁਝ ਸਹਿਪਾਠੀ ਵਪਾਰੀ ਬਣ ਗਏ, ਕੁਝ ਸਿਆਸਤਦਾਨ। ਕੁਝ ਵਕੀਲ ਅਤੇ ਵੱਡੇ ਸਰਕਾਰੀ ਅਧਿਕਾਰੀ। ਵਿਆਹ-ਸ਼ਾਦੀਆਂ ਰਾਹੀਂ ਉਨ੍ਹਾਂ ਨਾਲ ਵੀ ਮੇਲ-ਮਿਲਾਪ ਜਾਰੀ ਰਿਹਾ।

          ਸਾਲ 2008 ਵਿਚ ਜਦੋਂ ਮੈਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਣ ਦਾ ਐਲਾਨ ਹੋਇਆ ਤਾਂ ਹੋਰਾਂ ਦੇ ਨਾਲ-ਨਾਲ ਬਰਨਾਲੇ ਦੇ ਸਾਹਿਤਕ ਖੇਤਰ ਵਿਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਰਾਮ ਸਰੂਪ ਅਣਖੀ ਤੋਂ ਬਾਅਦ ਬਰਨਾਲੇ ਦੇ ਕਿਸੇ ਸਾਹਿਤਕਾਰ ਨੂੰ ਮਿਲਿਆ ਇਹ ਦੂਜਾ ਸਾਹਿਤ ਅਕੈਡਮੀ ਪੁਰਸਕਾਰ ਸੀ। ਸਾਹਿਤਕਾਰਾਂ ਅਤੇ ਬਾਕੀ ਵਰਗਾਂ ਨਾਲ ਸਬੰਧਤ ਮਿੱਤਰ-ਪਿਆਰਿਆਂ ਨੇ ਇਸ ਖੁਸ਼ੀ ਨੂੰ ਵੱਡੇ ਪੱਧਰ ਤੇ ਮਨਾਉਣ ਦਾ ਮਨ ਬਣਾ ਲਿਆ।

          ਫ਼ਰਵਰੀ 2009 ਵਿਚ ਪੁਰਸਕਾਰ ਮਿਲਿਆ। 14 ਅਪ੍ਰੈਲ ਨੂੰ ਬਰਨਾਲੇ ਸਮਾਗਮ ਰੱਖ ਲਿਆ ਗਿਆ।

ਫ਼ਲ ਆਪਣੇ ਆਪ ਹੀ ਨਹੀਂ ਉੱਗ ਪੈਂਦਾ। ਉਸ ਦੀ ਉਤਪਤੀ ਵਿਚ, ਉਸ ਤੋਂ ਵੱਧ ਯੋਗਦਾਨ ਫ਼ਲ ਵਾਲੇ ਦਰੱਖਤ ਦੀਆਂ ਜੜਾਂ, ਤਣੇ, ਟਹਿਣੀਆਂ, ਪੱਤਿਆਂ ਅਤੇ ਫ਼ੁੱਲਾਂ ਦਾ ਹੁੰਦਾ ਹੈ। ਮੈਨੂੰ ਅਹਿਸਾਸ ਸੀ ਕਿ ਮਿਲਿਆ ਇਹ ਰਾਸ਼ਟਰੀ ਪੁਰਸਕਾਰ ਮੇਰੇ ਇਕੱਲੇ ਦੀ ਮਿਹਨਤ ਦਾ ਸਿੱਟਾ ਨਹੀਂ ਹੈ। ਇਸ ਸਨਮਾਨ ਦਾ ਜਸ਼ਨ ਉਨਾ ਚਿਰ ਅਧੂਰਾ ਰਹੇਗਾ ਜਿੰਨਾ ਚਿਰ ਮੈਂ ਆਪਣੀਆਂ ਜੜਾਂ, ਤਣੇ, ਟਹਿਣੀਆਂ ਅਤੇ ਫ਼ੁੱਲ-ਪੱਤਿਆਂ ਨੂੰ ਵੀ ਜਸ਼ਨ ਵਿਚ ਸ਼ਾਮਲ ਨਹੀਂ ਕਰਦਾ। ਮੈਂ ਆਪਣੇ ਸਕੂਲ ਅਤੇ ਕਾਲਜ ਦੇ ਅਧਿਆਪਕਾਂ ਨਾਲ ਸੰਪਰਕ ਕੀਤਾ। ਜਿਨ੍ਹਾਂ ਗੁਰੂਆਂ ਨੂੰ ਸਾਹਿਤ ਵਿਚ ਦਿਲਚਸਪੀ ਨਹੀਂ ਸੀ ਉਨ੍ਹਾਂ ਲਈ ‘ਬਰਨਾਲਾ ਕਲੱਬ’ ਵਿਚ ਡਿਨਰ ਦਾ ਪ੍ਰਬੰਧ ਕੀਤਾ। ਭਰਵੇਂ ਅਤੇ ਭਾਵੁਕ ਸਮਾਗਮ ਵਿਚ ਉਨ੍ਹਾਂ ਦੇ ਗੋਡੀਂ ਹੱਥ ਲਾਏ। ਅਗਲੇ ਸਫ਼ਰ ਲਈ ਆਸ਼ੀਰਵਾਦ ਲਿਆ।           ਸਾਹਿਤਕ ਖੇਤਰ ਵਿਚ ਮੇਰੀ ਉਂਗਲ ਫੜ੍ਹ ਅਤੇ ਮੈਨੂੰ ਲਿਖਣ ਦੀ ਜਾਂਚ ਸਿਖਾਉਣ ਵਾਲੇ ਸਾਹਿਤਕਾਰਾਂ ਅਤੇ ਚਿੰਤਕਾਂ ਦਾ ਉਸੇ ਸਨਮਾਨ ਸਮਾਗਮ ਵਿਚ ਸਨਮਾਨ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ।

ਇਸ ਵਿਲੱਖਣ ਸਮਾਗਮ ਵਿਚ ਲੇਖਕਾਂ, ਵਪਾਰੀਆਂ, ਸਿਆਸੀ ਨੇਤਾਵਾਂ, ਅਧਿਆਪਕਾਂ, ਜੱਦੀ ਪਿੰਡ ਅਤੇ ਜਨਮ-ਭੋਇੰ ਪਿੰਡਾਂ ਦੀਆਂ ਪੰਚਾਇਤਾਂ, ਆਰੀਆ ਸਮਾਜ ਸਭਾ ਅਤੇ ਵਕੀਲਾਂ ਨੇ ਆਪਣੀ ਖੁਸ਼ੀ ਦਾ ਭਰਪੂਰ ਪ੍ਰਗਟਾਵਾ ਕੀਤਾ।

ਬਚਪਨ ਦੇ ਸਾਥੀਆਂ, ਗੁਰੂਆਂ ਅਤੇ ਨਗਰ ਵਾਸੀਆਂ ਹੱਥੋਂ ਮਿਲੇ ਇਸ ਸਤਿਕਾਰ ਨੇ ਸਮਾਜ ਵਿਚ ਮੇਰਾ ਸਿਰ ਕਈ ਗੁਣਾ ਉੱਚਾ ਕੀਤਾ।

————————————————————-

ਲਾਲ ਬਹਾਦਰ ਸ਼ਾਸਤਰੀ ਮਹਿਲਾ ਕਾਲਜ, ਬਰਨਾਲਾ ਵਲੋਂ ਸੇਵਾਵਾਂ ਨੂੰ ਮਾਨਤਾ

          ਅੱਧੀ ਸਦੀ ਪਹਿਲਾਂ, ਲੜਕੀਆਂ ਦੀ ਉੱਚ ਪੜ੍ਹਾਈ ਨੂੰ ਉਤਸ਼ਾਹਿਤ ਕਰਨ ਲਈ ਆਰੀਆ ਸਮਾਜ ਵੱਲੋਂ ਬਰਨਾਲੇ ਵਿਚ ਲਾਲ ਬਹਾਦਰ ਸ਼ਾਸਤਰੀ ਮਹਿਲਾ ਕਾਲਜ ਖੋਲਿਆ ਗਿਆ। ਐਡਵੋਕੇਟ ਭਾਰਤ ਭੂਸ਼ਣ ਮੈਨਨ ਹਮ-ਪੇਸ਼ਾ ਹੋਣ ਕਾਰਨ ਮੇਰਾ ਗੂੜ੍ਹਾ ਮਿੱਤਰ ਹੈ। ਭਾਰਤ ਭੂਸ਼ਣ ਮੈਨਨ ਅਤੇ ਪੰਜਾਬ ਦੇ ਮੰਨੇ-ਪ੍ਰਮੰਨੇ ਕਵੀ ਸੀ. ਮਾਰਕੰਡਾ ਇਸ ਕਾਲਜ ਦੀ ਪ੍ਰਬੰਧਕੀ ਟੀਮ ਦੇ ਮੈਂਬਰ ਹਨ। ਅਸੀਂ ਜਦੋਂ ਵੀ ਕੋਈ ਸਾਹਿਤਕ ਸਮਾਗਮ ਰਚਣਾ ਹੁੰਦਾ ਤਾਂ ਇਨ੍ਹਾਂ ਦੋਸਤਾਂ ਰਾਹੀਂ ਅਸੀਂ ਕਾਲਜ ਦੀ ਪ੍ਰਿੰਸੀਪਲ ਤੱਕ ਪਹੁੰਚ ਕਰਦੇ। ਕਾਲਜ ਦੀ ਇਮਾਰਤ, ਕੰਟੀਨ ਅਤੇ ਆਲਾ-ਦੁਆਲਾ ਲਾਜਵਾਬ ਹੈ। ਕੋਈ ਵੀ ਸਮਾਗਮ ਬਿਨ੍ਹਾਂ ਕਿਸੇ ਤਕਲੀਫ਼ ਦੇ ਇੱਥੇ ਸਫ਼ਲਤਾ ਪੂਰਵਕ ਰਚਿਆ ਜਾ ਸਕਦਾ ਹੈ। ਝੱਟ ਸਾਨੂੰ ਸਮਾਗਮ ਕਰਨ ਦੇ ਨਾਲ-ਨਾਲ ਕਾਲਜ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਵੀ ਮਿਲ ਜਾਂਦਾ ਸੀ। ਕਈ ਮਹੱਤਵਪੂਰਨ ਸਮਾਗਮ ਅਸੀਂ ਇਸ ਕਾਲਜ ਵਿਚ ਰਚ ਚੁੱਕੇ ਸਾਂ। ਉਨ੍ਹਾਂ ਸਮਾਗਮਾਂ ਕਾਰਨ, ਅਕਾਦਮਿਕ ਖੇਤਰ ਵਿਚ, ਕਾਲਜ ਦੀ ਪ੍ਰਸ਼ੰਸਾ ਹੋਈ ਸੀ। ਇਸ ਲਈ ਪ੍ਰਿੰਸੀਪਲ ਨੂੰ ਵੀ, ਸਮਾਗਮ ਲਈ ਹਾਂ ਕਰਨ ਵਿਚ ਕੋਈ ਔਖਿਆਈ ਨਹੀਂ ਸੀ ਹੁੰਦੀ।

 ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਣ ਤੇ ਬਰਨਾਲਾ ਖੇਤਰ ਦੀਆਂ ਸਾਹਿਤਕ ਅਤੇ ਹੋਰ ਸੰਸਥਾਵਾਂ ਨੇ ਮੇਰੇ ਸਨਮਾਨ ਲਈ ਜੋ ਸਮਾਗਮ ਕਰਨਾ ਸੀ ਉਹ ਵੀ ਇਸੇ ਕਾਲਜ ਵਿਚ ਹੋਣਾ ਸੀ। ਜਿਉਂ ਹੀ ਮੈਨੂੰ ਸਾਹਿਤ ਦੇ ਖੇਤਰ ਵਿਚ ਰਾਸ਼ਟਰੀ ਪੁਰਸਕਾਰ ਮਿਲਨ ਦੀ ਸੂਚਨਾ ਪ੍ਰਬੰਧਕੀ ਕਮੇਟੀ ਕੋਲ ਪੁੱਜੀ ਤਾਂ ਝੱਟ ਪ੍ਰਬੰਧਕਾਂ ਨੇ ਕਾਲਜ ਵੱਲੋਂ ਵੀ, ਇੱਕ ਵੱਖਰੇ ਸਮਾਗਮ ਵਿਚ, ਮੇਰੀਆਂ ਸਾਹਿਤਕ ਪ੍ਰਾਪਤੀਆਂ ਨੂੰ ਮਾਨਤਾ ਦੇਣ ਦਾ ਫ਼ੈਸਲਾ ਕਰ ਲਿਆ।

________________________________________________

ਵੱਡ-ਵਡੇਰਿਆਂ ਦੇ ਜੱਦੀ ਪਿੰਡ ਦੇ ਬੱਚੇ-ਬੱਚੇ ਵੱਲੋਂ ਪਿਆਰ

          ਜਿਵੇਂ ਮੈਂ ਪਹਿਲਾਂ ਵ ਕਈ ਵਾਰ ਜ਼ਿਕਰ ਕਰ ਚੁੱਕਾ ਹਾਂ, ਮੇਰੇ ਪਿਤਾ ਜੀ ਪਟਵਾਰੀ ਸਨ। ਉਨ੍ਹਾਂ ਨੂੰ ਨੌਕਰੀ ਮੇਰੇ ਜਨਮ ਤੋਂ ਪਹਿਲਾਂ ਹੀ ਮਿਲ ਗਈ ਸੀ। ਪਰਿਵਾਰ ਉਨ੍ਹਾਂ ਦੇ ਨਾਲ ਰਹਿੰਦਾ ਸੀ। ਪਿਤਾ ਜੀ ਦਾ ਜਨਮ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿਚ ਹੋਇਆ ਸੀ। ਦਸਵੀਂ ਜਮਾਤ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਨਾਲ ਦੇ ਮਸ਼ਹੂਰ ਪਿੰਡ ਧੌਲਾ ਤੋਂ ‘ਪੈਦਲ ਜਾ-ਜਾ ਕੇ ਕੀਤੀ ਸੀ।

          ਮੇਰੇ ਤਾਏ-ਚਾਚੇ ਵਧੀਆ ਰੁਜ਼ਗਾਰ ਦੀ ਭਾਲ ਵਿਚ ਨੇੜੇ ਦੀਆਂ ਮੰਡੀਆਂ (ਬਰੇਟਾ, ਮਾਨਸਾ) ਵਿਚ ਜਾ ਵਸੇ। ਪਿੰਡ ਇੱਕ ਤਾਇਆ ਹੀ ਰਹਿ ਗਿਆ। ਭਾਦੋਂ ਮਹੀਨੇ ਵਿਚ ਪਿੰਡ ਵਿਚ ਵੱਡੇ-ਵਡੇਰਿਆਂ ਦੀ ਮਿੱਟੀ ਨਿਕਲਦੀ ਹੈ। ਜਦੋਂ ਕਿਸੇ ਪਰਿਵਾਰ ਵਿਚ ਕੋਈ ਨਵਾਂ ਜੀਅ ਸ਼ਾਮਲ ਹੋਇਆ ਹੋਵੇ, (ਨੂੰਹ ਜਾਂ ਪੋਤੇ ਦੇ ਰੂਪ ਵਿਚ) ਤਾਂ ਉਹ ਪਰਿਵਾਰ ਮਿੱਟੀ ਕੱਢਣ ਪਿੰਡ ਜ਼ਰੂਰ ਆਉਂਦਾ ਹੈ। ਪਿੰਡ ਮੇਰਾ ਗੇੜਾ ਮਿੱਟੀ ਕੱਢਣ ਦੀ ਰਸਮ ਨਿਭਾਉਣ ਗਏ ਪਰਿਵਾਰ ਨਾਲ ਜਾਂ ਤਾਏ ਦੇ ਘਰ ਰੱਖੀ ਕਿਸੇ ਵਿਆਹ-ਸ਼ਾਦੀ ਸਮੇਂ ਹੀ ਵੱਜਦਾ ਸੀ। ਆਉਣ-ਜਾਣ ਹੀ ਹੋਣ ਕਾਰਨ, ਤਾਏ ਦੇ ਪਰਿਵਾਰ ਦੇ ਜੀਆਂ ਤੋਂ ਬਿਨ੍ਹਾਂ, ਪਿੰਡ ਦਾ ਕੋਈ ਵੀ ਵਿਅਕਤੀ ਮੈਨੂੰ ਨਹੀਂ ਸੀ ਪਹਿਚਾਣਦਾ।

          ਜਦੋਂ ਮੈਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਣ ਦੇ ਫ਼ੈਸਲੇ ਦੀਆਂ ਖ਼ਬਰਾਂ ਰੇਡੀਓ ਅਤੇ ਟੀ.ਵੀ. ਤੇ ਪ੍ਰਸਾਰਤ ਹੋਇਆ ਤਾਂ ਉਨ੍ਹਾਂ ਵਿਚ ਮੇਰੇ ਜੱਦੀ ਪਿੰਡ ਰੂੜੇਕੇ ਦਾ ਜ਼ਿਕਰ ਵੀ ਹੋਇਆ। ਰਵਾਇਤ ਅਨੁਸਾਰ, ਪੱਤਰਕਾਰ ਮੇਰੇ ਜੱਦੀ ਘਰ ਦੀਆਂ ਫੋਟੋਆਂ ਖਿੱਚਣ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਯਾਦਾਂ ਸਾਂਝੀਆਂ ਕਰਨ ਲਈ ਰੂੜੇਕੇ ਕਲਾਂ ਪਹੁੰਚ ਗਏ। ਕਈ ਘੰਟੇ ਪਿੰਡ ਗਾਹ ਕੇ ਮਸਾਂ ਉਨ੍ਹਾਂ ਨੂੰ ਮੇਰੀ ਉੱਘ-ਸੁੱਗ ਲੱਗੀ। ਪੱਤਰਕਾਰ ਉਸ ਸਮੇਂ ਵੱਧ ਹੈਰਾਨ ਹੋਏ ਜਦੋਂ ਮੇਰੇ ਤਾਏ ਦੇ ਪੋਤੇ ਅਤੇ ਪੋਤ-ਨੂੰਹਾਂ ਤੱਕ ਨੂੰ ਮੇਰੇ ਇੱਕ ਸਾਹਿਤਕਾਰ ਹੋਣ ਬਾਰੇ ਜਾਣਕਾਰੀ ਨਾ ਹੋਣ ਬਾਰੇ ਪਤਾ ਲਗਿਆ। ਫੇਰ ਵੀ ਪੱਤਰਕਾਰਾਂ ਨੇ, ਆਪਣੇ ਢੰਗ ਨਾਲ ਜੱਦੀ ਘਰ ਦੀਆਂ ਤਸਵੀਰਾਂ ਖਿੱਚੀਆਂ ਅਤੇ ਤਾਏ ਦੇ ਪਰਵਾਰ ਦੇ ਮੈਂਬਰਾਂ ਨਾਲ ਮੇਰੀਆਂ ਯਾਦਾਂ ਸਾਂਝੀਆਂ ਕੀਤੀਆਂ।

          ਅਖ਼ਬਾਰਾਂ ਵਿਚ ਖ਼ਬਰਾਂ ਅਤੇ ਮੇਰੇ ਬਾਰ ਕਈ ਲੇਖ ਛਪਣ ਬਾਅਦ, ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਇਹ ਨਾਮਣਾ, ਪਿੰਡ ਦੇ ਪੁਰਾਣੇ ਸ਼ਾਹੂਕਾਰ ਰਾਮ ਬਖ਼ਸ਼ ਦੇ ਪਟਵਾਰੀ ਪੁੱਤ ਸਹਿਜ ਰਾਮ ਦੇ ਸਰਕਾਰੀ ਵਕੀਲ ਪੁੱਤ ਨੇ ਖੱਟਿਆ ਹੈ। ਪਿੰਡ ਵਾਲੇ ਮੇਰੇ ਨਾਲ-ਨਾਲ ਪਿੰਡ ਨੂੰ ਵੀ ਸਨਮਾਨਤ ਹੋਇਆ ਮਹਿਸੂਸ ਕਰਨ ਲੱਗੇ।

30 ਜਨਵਰੀ 2011 ਨੂੰ ਇੱਕ ਸਾਦੇ ਪਰ ਭਾਵੁਕ ਸਮਾਗਮ ਵਿਚ, ਪਿੰਡ ਦੀ ਪੰਚਾਇਤ ਤੋਂ ਲੈ ਕੇ ਪਿੰਡ ਦੀ ਹਰ ਛੋਟੀ-ਵੱਡੀ ਸੰਸਥਾ ਨੇ ਆਪਣੀਆਂ ਸੱਚੀਆਂ-ਸੁੱਚੀਆਂ ਸ਼ੁੱਭ ਇੱਛਾਵਾਂ ਨਾਲ ਮੇਰੀ ਝੋਲੀ ਭਰ ਦਿੱਤੀ। ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਸੱਚਮੁੱਚ ਪੂਰਵਜਾਂ ਦੀ ਮਿੱਟੀ ਦੇ ਜਾਇਆਂ ਤੋਂ ਮਿਲੇ ਪੁਰਸਕਾਰ ਅਮੁੱਲ ਅਤੇ ਅਭੁੱਲ ਹੁੰਦੇ ਹਨ।

_______________________________________________

ਪ੍ਰੋ.ਮੋਹਨ ਸਿੰਘ ਮੇਲੇ ਤੇ ਮਿਲਿਆ ‘ਪ੍ਰਿੰਸੀਪਲ ਸੰਤ ਸਿੰਘ ਪੁਰਸਕਾਰ’

ਜਗਦੇਵ ਸਿੰਘ ਜੱਸੋਵਾਲ ਅਤੇ ਉਸ ਦੀ ਟੀਮ ਵੱਲੋਂ ਪ੍ਰੋ.ਮੋਹਨ ਸਿੰਘ ਦੀ ਯਾਦ ਵਿਚ ਕਰਵਾਏ ਜਾਂਦੇ ਮੇਲੇ ਨੇ ਦੁਨੀਆ ਭਰ ਵਿਚ ਨਾਮਣਾ ਖੱਟਿਆ। ਦਸ ਤੋਂ ਵੀਹ ਹਜ਼ਾਰ ਤੱਕ ਦੇ ਇਕੱਠਾਂ ਵਿਚ ਸਨਮਾਨ ਪ੍ਰਾਪਤ ਕਰਨਾ ਹਰ ਲੇਖਕ ਅਤੇ ਕਲਾਕਾਰ ਦੀ ਰੀਝ ਹੁੰਦੀ ਹੈ। ਮੇਲੇ ਦੇ ਪ੍ਰਬੰਧਕਾਂ ਵੱਲੋਂ ਸਨਮਾਨੇ ਜਾਣ ਵਾਲੇ ਲੇਖਕ ਨੂੰ ਵੀ.ਆਈ.ਪੀ. ਟਰੀਟਮੈਂਟ ਦਿੱਤੀ ਜਾਂਦੀ ਹੈ। ਸਨਮਾਨਿਤ ਹੋਣ ਵਾਲੇ ਵਿਅਕਤੀ ਨੂੰ, ਪੂਰੇ ਇੱਜ਼ਤ-ਮਾਣ ਨਾਲ, ਸਨਮਾਨਿਤ ਵਿਅਕਤੀਆਂ ਲਈ ਰਾਖਵੀਂ ਇੱਕ ਵੱਖਰੀ ਗੈਲਰੀ ਵਿਚ ਲਿਜਾ ਕੇ ਬਿਠਾਇਆ ਜਾਂਦਾ ਹੈ। ਇੱਕ ਵੱਡਾ ਸੋਵੀਨਰ ਛਾਪਿਆ ਜਾਂਦਾ ਹੈ। ਸੋਵੀਨਰ ਵਿਚ ਹਰ ਸਨਮਾਨਿਤ ਵਿਅਕਤੀ ਦਾ ਬਾਇਓ ਡਾਟਾ ਅਤੇ ਦਿੱਤੇ ਜਾਣ ਵਾਲੇ ਸਨਮਾਨ ਪੱਤਰ ਦੀ ਇਬਾਰਤ ਛਾਪੀ ਜਾਂਦੀ ਹੈ। ਪੁਰਸਕਾਰ ਵੱਡੇ ਵਿਅਕਤੀਆਂ ਦੇ ਨਾਂਵਾਂ ਤੇ ਦਿੱਤੇ ਜਾਂਦੇ ਹਨ। ਜਿਸ ਕਾਰਨ ਵੀ ਸਨਮਾਨ ਪ੍ਰਾਪਤ ਕਰਨ ਵਾਲੇ ਵਿਅਕਤੀ ਆਪਣੇ ਆਪ ਨੂੰ ਵੱਡਾ-ਵੱਡਾ ਮਹਿਸੂਸ ਕਰਦੇ ਹਨ।

ਇਹ ਸਨਮਾਨ ਪ੍ਰਾਪਤ ਕਰਨ ਦੀ ਮੇਰੀ ਰੀਝ 2009 ਵਿਚ ਪੂਰੀ ਹੋਈ।

ਇਸ ਮੇਲੇ ਤੇ ਮਿਲੇ ਪੁਰਸਕਾਰ ਦੀ ਮੇਰੇ ਲਈ ਮਹੱਤਤਾ ਇਸ ਲਈ ਹੋਰ ਵੱਧ ਜਾਂਦੀ ਸੀ ਕਿਉਂਕਿ ਮੇਰੀ ਜਨਮ ਮਿਤੀ ਵੀ ਪ੍ਰੋ.ਮੋਹਨ ਸਿੰਘ ਵਾਲੀ ਜਨਮ ਮਿਤੀ, ਯਾਨੀ 20 ਅਕਤੂਬਰ ਹੀ ਹੈ। ਪ੍ਰੋ.ਮੋਹਨ ਸਿੰਘ ਦੀ ਲੋਕ-ਪੱਖੀ ਵਿਚਾਰਧਾਰਾ ਨੂੰ ਹੀ ਮੈਂ ਪ੍ਰਣਾਇਆ ਹੋਇਆ ਹੈ। ਪ੍ਰਿੰਸੀਪਲ ਸੰਤ ਸਿੰਘ ਪੁਰਸਕਾਰ ਮਿਲਣਾ ਵੀ ਵੱਡੀ ਪ੍ਰਾਪਤੀ ਸੀ।

ਇਨ੍ਹਾਂ ਤਿੰਨ ਕਾਰਨਾਂ ਕਾਰਨ ਮੈਨੂੰ ਇਹ ਸਨਮਾਨ ਵੱਡਾ-ਵੱਡਾ ਲੱਗਦਾ ਹੈ।

ਉਸ ਮੇਲੇ ਵਿਚ ਮੇਰੇ ਨਾਲ, ਸੰਸਾਰ ਭਰ ਵਿਚ ਆਪਣੀ-ਆਪਣੀ ਪ੍ਰਤਿਭਾ ਦੇ ਝੰਡੇ ਗੱਡ ਚੁੱਕੇ ਸੁਰਿੰਦਰ ਫ਼ਰਿਸ਼ਤਾ (ਹਾਸਰਸ ਕਲਾਕਾਰ), ਅਸ਼ੋਕ ਮਸਤੀ (ਪੌਪ ਗਾਇਕ), ਡੋਲੀ ਗੁਲੇਰੀਆ (ਲੋਕ ਗਾਇਕਾ), ਡਾ.ਸਤਿੰਦਰ ਸਿੰਘ ਨੂਰ (ਸਾਹਿਤਕਾਰ), ਸਤਿੰਦਰ ਸਰਤਾਜ (ਗਾਇਕ) ਵਰਗੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਨੂੰ ਵੀ ਸਨਮਾਨਿਤ ਹੋਏ। ਅਜਿਹੀਆਂ ਹਸਤੀਆਂ ਨਾਲ ਸਨਮਾਨਿਤ ਹੋਣ ਦਾ ਮਾਣ ਵਿਰਲੇ-ਵਿਰਲੇ ਨੂੰ ਹੀ ਮਿਲਦਾ ਹੈ।

ਇਹ ਸਨਮਾਨ ਹਾਸਲ ਕਰਨ ਬਾਅਦ ਅੱਜ ਤੱਕ ਮੈਨੂੰ ਆਪਣਾ ਆਪ ਵਿਰਲਾ ਮਹਿਸੂਸ ਹੁੰਦਾ ਆ ਰਿਹਾ ਹੈ।(1 ਨਵੰਬਰ 2020)

                                                                                         

_______________________________________________

ਮਾਲਵੇ ਦੀਆਂ ਪ੍ਰਮੁੱਖ ਸਾਹਿਤ ਸੰਸਥਾਵਾਂ ਵੱਲੋਂ ਮੇਰੇ ਸੇਵਾ ਮੁਕਤ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ

          ਸਰਕਾਰੀ ਵਕੀਲ ਬਣਨ ਬਾਅਦ ਮੈਨੂੰ ਫ਼ੌਜਦਾਰੀ ਨਿਆਂ-ਪ੍ਰਬੰਧ ਦੇ ਇੱਕ ਮਹੱਤਵਪੂਰਨ ਪੁਰਜੇ ਦੇ ਤੌਰ ਤੇ ਵਿਚਰਨ ਦਾ ਮੌਕਾ ਮਿਲਿਆ। ਸੈਂਕੜੇ ਫ਼ੌਜਦਾਰੀ ਮੁਕੱਦਮੇ ਮੇਰੇ ਹੱਥੋਂ ਨਿਕਲਣ ਲੱਗੇ। ਹਰ ਮੁਕੱਦਮੇ ਵਿਚ ਇੱਕ ਨਾਵਲ ਜਿੰਨੇ ਤੱਥ ਸਮੋਏ ਹੁੰਦੇ ਹਨ। ਵਾਰਦਾਤ/ਜੁਰਮ ਦਾ ਕਾਰਨ ਕੋਈ ਸਮਾਜਕ, ਆਰਥਕ ਜਾਂ ਰਾਜਨੀਤਕ ਬੁਰਾਈ ਹੁੰਦੀ ਹੈ। ਮੈਂ ਦੇਖਿਆ ਕਿ ਇਸ ਪ੍ਰਬੰਧ ਨਾਲ ਸਬੰਧਤ ਤਿੰਨੋਂ ਸੰਸਥਾਵਾਂ (ਪੁਲਿਸ, ਨਿਆਂ-ਪਾਲਿਕਾ ਅਤੇ ਜੇਲ੍ਹ ਪ੍ਰਬੰਧ) ਆਪਣੇ ਮੂਲ ਉਦੇਸ਼ਾਂ ਤੋਂ ਭਟਕੀਆਂ ਹੋਈਆਂ ਹਨ। ਇਨ੍ਹਾਂ ਸੰਸਥਾਵਾਂ ਵਿਚ ਕਾਰਜਸ਼ੀਲ ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਧਿਕਾਰੀ ਤੱਕ, ਇਨਸਾਫ਼ ਦੀ ਥਾਂ, ਨਿੱਜੀ ਸਵਾਰਥੀ ਹਿਤਾਂ ਦੀ ਪੂਰਤੀ ਵਿਚ ਜੁਟੇ ਹੋਏ ਹਨ। ਸੁਭਾਵਕ ਤੌਰ ਤੇ ਮੇਰਾ ਗਿਆਨ ਚਕਸ਼ੂ ਖੁੱਲਣ ਲੱਗਿਆ।

          ਨੌਕਰੀ ਕਾਰਨ, ਮੈਨੂੰ ਇੱਕ ਨਿਵੇਕਲੇ ਅਤੇ ਅਣਛੋਹੇ ਸਰਕਾਰੀ ਤੰਤਰ (ਫ਼ੌਜਦਾਰੀ ਨਿਆਂ-ਪ੍ਰਬੰਧ) ਨੂੰ ਸਮਝਣ ਅਤੇ ਚਿਤਰਨ ਲਈ ਭਰਪੂਰ ਸਮੱਗਰੀ ਪ੍ਰਾਪਤ ਹੋਣ ਲੱਗੀ। ਮਿਲੇ ਮੌਕੇ ਦਾ ਭਰਪੂਰ ਫਾਇਦਾ ਉਠਾ ਕੇ ਅਤੇ ਇੱਕ ਪ੍ਰੋਜੈਕਟ ਬਣਾ ਕੇ, ਮੈਂ ਸਮੁੱਚੇ ਨਿਆਂ-ਪ੍ਰਬੰਧ ਦੀਆਂ ਖ਼ਾਮੀਆਂ ਨੂੰ ਚਾਰ ਨਾਵਲਾਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਿਚ ਜੁਟ ਗਿਆ।          ਇਨ੍ਹਾਂ  ਨਾਵਲਾਂ ਦੀ ਸਿਰਜਣਾ ਕਾਰਨ ਮੇਰੇ ਤੇ ‘ਜਿਸ ਥਾਲੀ ਵਿਚ ਖਾਣਾ ਉਸੇ ਵਿਚ ਛੇਦ ਕਰਨਾ’ ਦੇ ਦੋਸ਼ ਲੱਗੇ। ਬਦਲੀਆਂ ਹੋਈਆਂ। ਸਮਾਜਕ ਗੁੱਸੇ-ਗ਼ਿਲਿਆਂ ਦਾ ਸਾਹਮਣਾ ਹੋਇਆ। ਇਸ ਸਭ ਕਾਸੇ ਦੇ ਬਾਵਜੂਦ ਮੈਂ ਆਪਣੀ ਸਿਰਜਣ ਪ੍ਰਕ੍ਰਿਆ ਜਾਰੀ ਰੱਖੀ।

          ਕੰਡਿਆਂ ਦੇ ਨਾਲ-ਨਾਲ ਫੁੱਲ ਵੀ ਮਿਲੇ। ਇੱਕ ਵੱਖਰੇ ਵਿਸ਼ੇ ਦੀ ਸਫ਼ਲ ਪੇਸ਼ਕਾਰੀ ਨੇ ਮੈਨੂੰ ਸਫ਼ਲਤਾ ਦੀਆਂ ਵੱਡੀਆਂ ਮੰਜਲਾਂ ਤੇ ਪਹੁੰਚਾਇਆ। ਹੋਰ ਤਾਂ ਹੋਰ ਪੁਲਿਸ ਅਤੇ ਨਿਆਂ-ਪਾਲਿਕਾ, ਦੋਹਾਂ ਨੇ ਵੀ ਵੱਡੇ ਸਨਮਾਨਾਂ ਨਾਲ ਨਵਾਜ਼ਿਆ।

          ਚਾਰ ਨਾਵਲਾਂ ਵਿਚ, ਪੂਰਾ ਫ਼ੌਜਦਾਰੀ ਨਿਆਂ-ਪ੍ਰਬੰਧ ਚਿਤਰਨ ਬਾਅਦ, ਮੇਰਾ ਅੰਦਰ ਜਿਵੇਂ ਖਾਲੀ ਹੋ ਗਿਆ। ਮੇਰੀ ਕਲਮ ਰੁੱਕ ਗਈ।

          ਇਸੇ ਦੌਰਾਨ, ਸਾਲ 2006 ਵਿਚ ਮੇਰੀ ਤਰੱਕੀ ਹੋ ਗਈ। ਮੈਂ ਜ਼ਿਲ੍ਹਾ ਲੁਧਿਆਣੇ ਦਾ ਜ਼ਿਲ੍ਹਾ ਅਟਾਰਨੀ ਬਣ ਕੇ ਇਸ ਜ਼ਿਲ੍ਹੇ ਦੇ ਤਿੰਨ ਪੁਲਿਸ ਜ਼ਿਲ੍ਹਿਆਂ ਦੇ ਮੁੱਖੀਆਂ ਨੂੰ ਕਾਨੂੰਨੀ ਰਾਵਾਂ ਦੇਣ ਵਿਚ ਰੁੱਝ ਗਿਆ। ਸਾਲ 2007 ਵਿਚ, ਜਦੋਂ ਅਕਾਲੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਤੇ ਫ਼ੌਜਦਾਰੀ ਮੁਕੱਦਮਾ ਦਰਜ ਕਰਵਾਇਆ ਤਾਂ ਇਸ ਮੁਕੱਦਮੇ ਵਿਚ ਸਰਕਾਰ ਦਾ ਪੱਖ ਪੂਰਨ ਦੀ ਜ਼ਿੰਮੇਵਾਰੀ ਵੀ ਮੇਰੇ ਮੋਢਿਆਂ ਤੇ ਆ ਪਈ। ਜ਼ਿਲ੍ਹਾ ਅਟਾਰਨੀ ਦੀ ਖਾਲੀ ਪਈ ਦੂਜੀ ਅਸਾਮੀ ਵੀ ਮੇਰੇ ਹਵਾਲੇ ਹੋ ਗਈ। ਇਸ ਤਰ੍ਹਾਂ, ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਦੇ ਦੋ ਅਧਿਕਾਰੀਆਂ ਦੀ ਜ਼ਿੰਮੇਵਾਰੀ ਇਕੱਲੇ ਨੂੰ ਨਿਭਾਉਣੀ ਪੈ ਜਾਣ ਕਾਰਨ ਮੇਰੀ ਸਿਰਜਣ ਪ੍ਰਕ੍ਰਿਆ ਵਿਚ ਖੜੌਤ ਆ ਗਈ। ਇਸ ਘਾਟ ਨੂੰ ਪੂਰਾ ਕਰਨ ਲਈ ਮੈਂ ਆਪਣੀਆਂ ਸਾਹਿਤਕ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਆਪਣੀ ਨਵੀਂ ਸਰਕਾਰੀ ਜ਼ਿੰਮੇਵਾਰੀ ਦੌਰਾਨ, ਤਿੰਨ ਵੱਡੇ ਸਮਾਗਮ ਰਚਾ ਕੇ, ਮੈਂ ਹਿੰਦੀ ਦੇ ਲਗਭਗ ਇੱਕ ਦਰਜਨ ਉੱਚ ਕੋਟੀ ਦੇ ਵਿਦਵਾਨਾਂ ਨੂੰ, ਪੰਜਾਬ ਦੇ ਲੇਖਕਾਂ, ਪਾਠਕਾਂ ਅਤੇ ਚਿੰਤਕਾਂ ਦੇ ਰੁ-ਬ-ਰੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ।

          ਮੈਂ 31 ਅਕਤੂਬਰ 2010 ਨੂੰ ਸੇਵਾ-ਮੁਕਤ ਹੋਣਾ ਸੀ। ਦੋਸਤਾਂ-ਮਿੱਤਰਾਂ, ਸ਼ੁੱਭ-ਚਿੰਤਕਾਂ ਅਤੇ ਮੇਰੇ ਪਾਠਕਾਂ ਨੂੰ ਲੱਗ ਰਿਹਾ ਸੀ ਜਿਵੇਂ ਮੇਰੇ ਦਫ਼ਤਰੀ ਰੁਝੇਵੇਂ ਮੇਰੀ ਸਿਰਜਣ ਪ੍ਰਕ੍ਰਿਆ ਵਿਚ ਰੁਕਾਵਟ ਬਣ ਰਹੇ ਹਨ। ਉਹ ਮੇਰੇ ਸੇਵਾ-ਮੁਕਤ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਚਾਰ ਸਾਲ, ਇੱਕ ਹਾਈ ਪ੍ਰੋਫਾਈਲ ਰਾਜਨੀਤਕ ਮੁਕੱਦਮੇ ਦੀ ਸਫ਼ਲਤਾ ਨਾਲ ਪੈਰਵਾਈ ਕਰਨ ਕਾਰਨ, ਮੁਕੱਦਮੇ ਦੀ ਪੈਰਵਾਈ ਲਈ ਮੇਰੀ ਹੋਰ ਲੋੜ ਮਹਿਸੂਸ ਕੀਤੀ ਗਈ। ਸਰਕਾਰ ਨੇ ਮੇਰੇ ਕਾਰਜਕਾਲ ਵਿਚ ਇੱਕ ਸਾਲ ਦਾ ਵਾਧਾ ਕਰ ਦਿੱਤਾ। ਮੇਰੇ ਸ਼ੁੱਭ-ਚਿੰਤਕਾਂ ਦੀ ਇੱਛਾ ਪੂਰਾ ਇੱਕ ਸਾਲ ਹੋਰ ਲਟਕ ਗਈ।

ਅਖੀਰ ਦੋਸਤਾਂ-ਮਿੱਤਰਾਂ ਦੀਆਂ ਇੱਛਾਵਾਂ ਨੂੰ ਬੂਰ ਪਿਆ। 31 ਅਕਤੂਬਰ 2011 ਨੂੰ ਮੈਂ ਸੇਵਾ-ਮੁਕਤ ਹੋ ਗਿਆ। ਮਾਲਵਾ ਖੇਤਰ ਦੇ ਲੇਖਕ ਵਰਗ ਨੇ ਮੇਰੇ ਗਲੋਂ ਸੁੱਖ-ਸਾਂਦ ਨਾਲ ਸਰਕਾਰੀ ਪੰਜਾਲੀ ਲਹਿ ਜਾਣ, ਅਗਾਂਹ ਤੋਂ ਮੇਰੇ ਹੋਰ ਨਿਧੜਕ ਹੋ ਕੇ ਕਲਮ ਚਲਾਉਣ ਅਤੇ ਵੱਧ ਸਮਾਂ ਸਿਰਜਣ ਪ੍ਰਕ੍ਰਿਆ ਨੂੰ ਦੇਣ ਦੀ ਆਸ ਨਾਲ ਮੇਰੇ ਸੇਵਾ-ਮੁਕਤ ਹੋਣ  ਤੇ ਵੱਡਾ ਜਸ਼ਨ ਮਨਾਉਣ ਦਾ ਫ਼ੈਸਲਾ ਕੀਤਾ।

          ਮੇਰੇ ਜੀਵਨ ਦੇ ਇੱਕ ਪੜਾਅ ਦੀ ਸਮਾਪਤੀ ਅਤੇ ਦੂਜੇ ਦੀ ਸ਼ੁਰੂਆਤ ਤੇ 05 ਨਵੰਬਰ 2011 ਨੂੰ, ਮਾਲਵੇ ਦੀਆਂ ਲਗਭਗ ਸਾਰੀਆਂ ਸਰਗਰਮ ਸੰਸਥਾਵਾਂ ਵੱਲੋਂ ਇੱਕ ਯਾਦਗਾਰੀ ਸਨਮਾਨ ਸਮਾਗਮ ਰਚ ਕੇ ਮੈਨੂੰ ਮੇਰੀ ਨਵੀਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਗਿਆ।

ਯਾਦਗਾਰੀ ਸਨਮਾਨ ਪੱਤਰ

_______________________________________________

ਲੁਆਇਨਜ਼ ਕਲੱਬ ਲੁਧਿਆਣਾ ਵੱਲੋਂ ਆਪਣੀਆਂ ਰਵਾਇਤਾਂ ਤੋੜ ਕੇ ਦਿੱਤਾ ਗਿਆ ਸਨਮਾਨ

ਸਨਅਤੀ ਸ਼ਹਿਰ ਹੋਣ ਕਾਰਨ ਲੁਧਿਆਣੇ ਵਿਚ ਪੈਸੇ ਦੀ ਭਰਮਾਰ ਹੈ। ਵਪਾਰਕ ਅਤੇ ਨਿੱਜੀ ਸਬੰਧ ਬਣਾਉਣ ਲਈ ਅਮੀਰਜ਼ਾਦਿਆਂ ਨੇ ਭਾਂਤ-ਭਾਂਤ ਦੇ ਕਲੱਬ ਬਣਾਏ ਹੋਏ ਹਨ। ਕਹਿਣ ਨੂੰ ਇਹ ਕਲੱਬ ਸਮਾਜ ਸੇਵਾ ਲਈ ਬਣੇ ਹਨ ਪਰ ਇਨ੍ਹਾਂ ਦਾ ਮੁੱਖ ਉਦੇਸ਼ ਦਾਰੂ ਸਿੱਕਾ ਪੀਣਾ ਅਤੇ ਮੌਜ-ਮੇਲਾ ਕਰਨਾ ਹੈ। ਮੇਰੀ ਸ਼ੁਰੂ ਤੋਂ ਇਹ ਧਾਰਨਾ ਰਹੀ ਹੈ ਕਿ ਅਜਿਹੇ ਕਲੱਬਾਂ ਦਾ ਮੈਂਬਰ ਬਣਨ ਨਾਲ ਸਿਰਜਣ ਪ੍ਰਕ੍ਰਿਆ ਵਿਚ ਰੁਕਾਵਟ ਪੈਂਦੀ ਹੈ। ਜ਼ਿਲ੍ਹਾ ਅਟਾਰਨੀ ਵਰਗੇ ਉੱਚੇ ਅਹੁੱਦੇ ਤੇ ਤਾਇਨਾਤ ਹੋਣ ਕਾਰਨ, ਆਪਣੇ ਕੰਮ ਕਢਾਉਣ ਦੀ ਇੱਛਾ ਕਾਰਨ, ਕਲੱਬਾਂ ਦੇ ਪ੍ਰਬੰਧਕਾਂ ਵੱਲੋਂ ਮੈਨੂੰ ਅਕਸਰ ਉਨ੍ਹਾਂ ਦੇ ਕਲੱਬ ਦੇ ਮੈਂਬਰ ਬਣਨ ਦੀਆਂ ਪੇਸ਼ਕਸ਼ਾਂ ਆਉਂਦੀਆਂ ਸਨ। ਹਰ ਵਾਰ ਮੈਂ ਪੇਸ਼ਕਸ਼ ਨੂੰ ਟਾਲ ਦਿੰਦਾ ਸੀ।

ਲੁਆਇੰਨਜ਼ ਕਲੱਬ ਹੀ ਇੱਕ ਅਜਿਹਾ ਕਲੱਬ ਜਿਸ ਦੀ ਸ਼ਹਿਰ ਦੇ ਪੋਸ਼ ਏਰੀਏ ਵਿਚ ਆਪਣੀ ਵਿਸ਼ਾਲ ਇਮਾਰਤ ਹੈ। ਅਸਰ ਰਸੂਖ਼ ਵਾਲੇ ਵਿਅਕਤੀਆਂ ਦੇ ਨਾਲ ਵੱਡੀ ਗਿਣਤੀ ਵਿਚ ਵਕੀਲ ਇਸ ਦੇ ਮੈਂਬਰ ਹਨ। ਕਲੱਬ ਦੇ ਅਹੁੱਦੇਦਾਰਾਂ ਦੀ ਚੋਣ ਸਮੇਂ ਵਕੀਲਾਂ ਦੀ ਮਰਜ਼ੀ ਚੱਲਦੀ ਹੈ। 2007 ਵਿਚ ਐਡਵੋਕੇਟ ਕੇ.ਕੇ. ਬਘਈ ਇਸ ਕਲੱਬ ਦੇ ਪ੍ਰਧਾਨ ਸਨ। ਵਾਰ-ਵਾਰ ਜ਼ੋਰ ਪਾ ਕੇ ਉਨ੍ਹਾਂ ਨੇ ਮੈਨੂੰ ਕਲੱਬ ਦਾ ਮੈਂਬਰ ਬਣਾ ਹੀ ਲਿਆ।

ਮੈਂਬਰਾਂ ਦੇ ਆਪਣੇ-ਆਪਣੇ ਗਰੁੱਪ ਸਨ। ਕੋਈ ਵਕੀਲਾਂ ਦਾ, ਕੋਈ ਸਿਆਸਤਦਾਨਾਂ ਦਾ ਅਤੇ ਕੋਈ ਕਾਰੋਬਾਰੀਆਂ ਦਾ। ਖਾਣ-ਪੀਣ ਦੇ ਦੌਰ ਵਿਚ ਮੈਂਬਰ ਆਪਣੇ-ਆਪਣੇ ਗਰੁੱਪ ਨਾਲ ਜਾ ਬੈਠਦੇ ਸਨ। ਇੱਕ ਗਰੁੱਪ ਦਾ ਦੂਜੇ ਨਾਲ ਬਹੁਤਾ ਲਾਗਾ-ਦੇਗਾ ਨਹੀਂ ਸੀ ਹੁੰਦਾ।

ਮੇਰੀ ਲੋਕਾਂ ਨਾਲ ਝੱਟ ਘੁਲ-ਮਿਲ ਜਾਣ ਦੀ ਆਦਤ ਨਹੀਂ ਹੈ। ਦੋ ਸਾਲ ਬਾਅਦ ਤੱਕ ਵੀ ਵਕੀਲਾਂ ਤੋਂ ਇਲਾਵਾ ਦੂਜੇ ਮੈਂਬਰ ਮੈਨੂੰ ਪਛਾਣਦੇ ਤੱਕ ਨਹੀਂ ਸਨ।

ਦਸੰਬਰ 2008 ਵਿਚ ਜਦੋਂ ਮੇਰੇ ਨਾਵਲ ‘ਸੁਧਾਰ ਘਰ’ ਨੂੰ ਸਾਹਿਤ ਅਕੈਡਮੀ ਪੁਰਸਕਾਰ ਮਿਲਣ ਦੀ ਖ਼ਬਰ ਅਖ਼ਬਾਰਾਂ ਵਿਚ ਛਪੀ ਤਾਂ ਖ਼ਬਰ ਦੇ ਨਾਲ-ਨਾਲ ਮੇਰੀ ਫੋਟੋ ਵੀ ਲੱਗੀ। ਕਈ ਅਖ਼ਬਾਰਾਂ ਨੇ ਫੀਚਰ ਅਤੇ ਇੰਟਰਵਿਊ ਛਾਪੇ।

ਖ਼ਬਰਾਂ ਛਪਣ ਬਾਅਦ ਜਦੋਂ ਕਲੱਬ ਦੀ ਅਗਲੀ ਮੀਟਿੰਗ ਹੋਈ ਤਾਂ ਕੁਝ ਵਕੀਲਾਂ ਨੂੰ ਛੱਡ ਕੇ ਕਲੱਬ ਦੇ ਕਿਸੇ ਵੀ ਮੈਂਬਰ ਨੂੰ ਇਹ ਪਤਾ ਨਹੀਂ ਸੀ ਕਿ ਇਹ ਵੱਡਾ ਸਨਮਾਨ ਪ੍ਰਾਪਤ ਕਰਨ ਵਾਲਾ ਮੈਂ ਹਾਂ। ਮੀਟਿੰਗ ਬਾਅਦ ਕੁਝ ਮੈਂਬਰ ਮੇਰੇ ਕੋਲ ਇਹ ਹੈਰਾਨੀ ਪ੍ਰਗਟ ਕਰਨ ਆਏ ਕਿ ਮੇਰੀ ਸ਼ਕਲ ਉਸ ਨਾਵਲਕਾਰ ਨਾਲ ਮਿਲਦੀ ਹੈ ਕਿ ਜਿਸ ਨੂੰ ਕਿ ਵੱਡਾ ਪੁਰਸਕਾਰ ਪ੍ਰਾਪਤ ਹੋਇਆ ਹੈ। ਮੇਰੇ ਇਹ ਦੱਸਣ ਤੇ ਕਿ ਉਹ ਮੈਂ ਹੀ ਹਾਂ ਕਈਆਂ ਨੂੰ ਯਕੀਨ ਤੱਕ ਨਾ ਆਇਆ।

ਕਲੱਬ ਦੇ ਵਕੀਲ ਮੈਂਬਰਾਂ ਨੇ ਫ਼ੈਸਲਾ ਕੀਤਾ। ਕਲੱਬ ਦੇ ਇੱਕ ਮੈਂਬਰ ਨੂੰ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਹੈ, ਇਸ ਲਈ ਉਸ ਮੈਂਬਰ ਦਾ ਢੁਕਵਾਂ ਸਨਮਾਨ ਕੀਤਾ ਜਾਵੇ। ਕਲੱਬ ਵੱਲੋਂ ਸਮਾਜਕ ਸਮਾਗਮ ਤਾਂ ਅਕਸਰ ਰਚੇ ਜਾਂਦੇ ਹਨ ਪਰ ਕੋਈ ਸਾਹਿਤਕ ਸਮਾਗਮ ਰਚਣਾ ਪ੍ਰਬੰਧਕਾਂ ਦੇ ਵੱਸੋਂ ਬਾਹਰ ਸੀ। ਇਸ ਲਈ ਸਮਾਗਮ ਦੀ ਸਾਰੀ ਰੂਪ-ਰੇਖਾ ਉਲੀਕਣ ਦੀ ਜ਼ਿੰਮੇਵਾਰੀ ਮੇਰੇ ਉੱਪਰ ਹੀ ਛੱਡ ਦਿੱਤੀ ਗਈ।

5 ਮਈ 2009 ਨੂੰ ਵੱਡੇ ਪੱਧਰ ਤੇ ਮਨਾਏ ਜਾਣ ਵਾਲੇ ਇਸ ਸਨਮਾਨ ਸਮਾਗਮ ਵਿਚ ‘ਮੇਰੇ ਨਾਵਲਾਂ ਦੀ ਵਿਲੱਖਣਤਾ’ ਵਿਸ਼ੇ ਤੇ ਪ੍ਰਵਚਨ ਦੇਣ ਲਈ ਸੱਦਾ ਹਿੰਦੀ ਦੇ ਵਿਸ਼ਵ ਪੱਧਰ ਦੇ ਵਿਦਵਾਨ ਪ੍ਰੋ.ਰਮੇਸ਼ ਕੁੰਤਲ ਮੇਘ ਨੂੰ ਦਿੱਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਪ੍ਰੋ.ਰਾਕੇਸ਼ ਕੁਮਾਰ ਨੂੰ ਸੌਂਪੀ ਗਈ। ਪ੍ਰੋ.ਹਰੀਸ਼ ਪੁਰੀ ਅਤੇ ਡਾ. ਟੀ.ਆਰ. ਵਿਨੋਦ ਵੀ ਮਹਿਮਾਨਾਂ ਵਜੋਂ ਆਏ। 30-40 ਵਕੀਲ ਅਤੇ ਸਰਕਾਰੀ ਵਕੀਲ ਵੀ ਇਸ ਸਮਾਗਮ ਦੀ ਰੌਣਕ ਬਣੇ। ਸਨਅਤਕਾਰ ਤਾਂ ਇਸ ਕਲੱਬ ਦੇ ਮੈਂਬਰ ਹਨ ਹੀ, ਉਨੜ੍ਹਾਂ ਦੇ ਨਾਲ ਮੇਰੇ ਸੱਦੇ ਤੇ ਮਜ਼ਦੂਰਾਂ ਵਿਚ ਕੰਮ ਕਰਨ ਵਾਲੇ ਸਮਾਜ ਸੇਵਕ ਵੀ ਹਾਜਰ ਹੋਏ।

ਇੰਝ ਸਰਸਵਤੀ ਅਤੇ ਲਕਸ਼ਮੀ ਦੇ ਸੁਮੇਲ ਵਾਲਾ ਇਹ ਸਮਾਗਮ ਮੇਰੇ ਸਾਹਿਤਕ ਸਫ਼ਰ ਵਿਚ ਵੱਖਰੀ ਥਾਂ ਬਣਾ ਗਿਆ। (1 ਨਵੰਬਰ 2020)

  1. ਡਾ ਰਮੇਸ਼ ਕੁੰਤਲ ਮੇਘ ਦਾ ਪ੍ਰਵਚਨ

2. ਮਿੱਤਰ ਸੈਨ ਮੀਤ ਵਲੋਂ ਧੰਨਵਾਦ

3. ਕਲੱਬ ਦੇ ਡਿਸਟਰਿਕ ਗਵਰਨਰ ਦੇ ਵਿਚਾਰ

———————————————————

ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਬਣਦਾ ਸਤਿਕਾਰ ਦਿਵਾਉਣ ਸ਼ੁਰੂ ਕੀਤੇ ਯਤਨਾਂ ਨੂੰ ਪੰਜਾਬੀ ਸੱਥ ਵੱਲੋਂ ਸਤਿਕਾਰ

ਪੰਜਾਬੀ ਸੱਥ ਲਾਂਬੜਾ ਦੀਆਂ 100 ਤੋਂ ਵੱਧ ਦੇਸ਼ਾਂ ਵਿਚ ਜੜ੍ਹਾਂ ਹਨ। ਇਹ ਸੰਸਥਾ ਚੁੱਪ-ਚਾਪ ਆਪਣੇ ਕੰਮ ਵਿਚ ਮਸਤ ਰਹਿੰਦੀ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਵਿਚ ਇਸ ਨੇ ਵੀਸੀਆਂ ਨਵੀਆਂ ਲੀਹਾਂ ਪਾਈਆਂ ਹਨ। ਇਸ ਸੰਸਥਾ ਵਲੋਂ ਖੁਦ ਜਾਂ ਇਸ ਦੀ ਕਿਸੇ  ਇਕਾਈ ਵੱਲੋਂ ਆਪਣੇ ਸਮਾਗਮਾਂ ਦੌਰਾਣ ਚੋਟੀ ਦੇ ਸਾਹਿਤਕਾਰਾਂ, ਕਲਾਕਾਰਾਂ ਅਤੇ ਚਿੰਤਕਾਂ ਦਾ ਢੁੱਕਵੇਂ ਢੰਗ ਨਾਲ ਸਤਿਕਾਰ ਕੀਤਾ ਜਾਂਦਾ ਹੈ।

1990 ਵਿਚ ‘ਤਫ਼ਤੀਸ਼’ ਨਾਵਲ ਦੇ ਪ੍ਰਕਾਸ਼ਿਤ ਹੋਣ ਨਾਲ ਪੰਜਾਬੀ ਸਾਹਿਤ ਵਿਚ ਮੇਰੀ ਥਾਂ ਨਿਸ਼ਚਿਤ ਹੋ ਗਈ। 2003 ਵਿਚ ‘ਕੌਰਵ ਸਭਾ’ ਦੇ ਪ੍ਰਕਾਸ਼ਿਤ ਹੋਣ ਨਾਲ ਇਹ ਥਾਂ ਪੱਕੀ ਹੋ ਗਈ। ਇਸ ਸਮੇਂ ਦੌਰਾਨ ਪੰਜਾਬੀ ਸੱਥ ਲਾਂਬੜਾ ਵੱਲੋਂ ਸੈਂਕੜੇ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ। ਉਮੀਦ ਰਹੀ ਕਿ ਕਦੇ ਲਾਂਬੜਾ ਵਾਲਿਆਂ ਨੂੰ ਮੇਰੇ ਕੰਮ ਦੀ ਯਾਦ ਵੀ ਆਵੇਗੀ। ਸ਼ਾਇਦ ਮੈਂ ਉਨ੍ਹਾਂ ਦੇ ਮਾਪਦੰਡਾਂ ਤੇ ਪੂਰਾ ਨਹੀਂ ਸੀ ਉਤਰ ਰਿਹਾ । ਇਸ ਲਈ ਸਾਹਿਤਕ ਖੇਤਰ ਵਿਚ ਮੇਰੇ ਯੋਗਦਾਨ ਨੂੰ ਉੱਥੋਂ ਮਾਨਤਾ ਪ੍ਰਾਪਤ ਨਾ ਹੋਈ।

ਸਾਲ 2015 ਵਿਚ ਮੈਨੂੰ ਅਹਿਸਾਸ ਹੋਇਆ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਹੋਂਦ ਨੂੰ ਸੱਚਮੁੱਚ ਖਤਰਾ ਹੈ। ਇਸ ਖਤਰੇ ਦੇ ਕਾਰਨਾਂ ਨੂੰ ਸਮਝਣ ਲਈ, ਮੈਂ ਇੱਕ ਵੱਖਰੇ, ਕਾਨੂੰਨੀ, ਪੱਖ ਤੋਂ ਛਾਣ-ਬੀਣ ਸ਼ੁਰੂ ਕੀਤੀ। ਸੰਵਿਧਾਨਕ ਵਿਵਸਥਾਵਾਂ, ਖੇਤਰੀ ਭਾਸ਼ਾਵਾਂ ਨਾਲ ਸਬੰਧਤ ਕੇਂਦਰ ਸਰਕਾਰ ਅਤੇ ਵੱਖ-ਵੱਖ ਰਾਜਾਂ ਦੇ ਰਾਜ ਭਾਸ਼ਾ ਐਕਟਾਂ ਦੇ ਅਧਿਐਨ ਬਾਅਦ, ਮੈਨੂੰ ਰੋਸ਼ਣੀ ਦੀ ਕਿਰਨ ਦਿਖਾਈ ਦਿੱਤੀ। ਸਮਝ ਪਈ ਕੇ ਪੰਜਾਬੀ ਦੇ ਪਛੜਣ ਦੀ ਜੜ ਇਹ ਦੀ ਪ੍ਰਫੁਲਤਾ ਲਈ ਬਣੇ “ਪੰਜਾਬ ਰਾਜ ਭਾਸ਼ਾ ਐਕਟ” ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦੇਣਾ ਹੈ। ਮੈਂ ਇਸ ਐਕਟ ਦੀਆਂ ਖਾਮੀਆਂ ਗਿਣਾਉਂਦੇ ਮੈਂ 10 ਖੋਜ-ਪੱਤਰ ਲਿਖੇ। ਇਹ ਸਾਰੇ ਦੇ ਸਾਰੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਪੰਨਿਆਂ ਤੇ ਛਪੇ। ਇਨਾਂ ਲੇਖਾਂ ਨੇ ਪੰਜਾਬੀ ਦੇ ਮਾਣ ਸਨਮਾਨ ਨੂੰ ਬਹਾਲ ਕਰਾਉਣ ਲਈ ਸੰਘਰਸ਼ਸ਼ੀਲ ਚਿੰਤਕਾਂ ਨੂੰ ਨਵੀਂ ਸਮਗਰੀ ਉੱਪਲਬਦ ਕਰਾਈ।

ਇਹ ਚਰਚਾ ਪੰਜਾਬੀ ਸੱਥ ਵਾਲਿਆਂ ਦੇ ਕੰਨੀਂ ਵੀ ਪੈ ਗਈ। ਮੇਰੇ ਯਤਨਾਂ ਨੂੰ ਹੋਰ ਬਲ ਬਖਸ਼ਣ ਲਈ, ਅਖੀਰ ‘ਸੱਥ ਬਰਵਾਲੀ ਇਕਾਈ’ ਵਾਲਿਆ ਨੇ ਮੈਨੂੰ ਹਾਕ ਮਾਰੀ। ਅਤੇ ਆਪਣੇ ਵੀਹਵੇਂ ਸਲਾਨਾ ‘ਸਾਹਿਤਕ ਅਤੇ ਸਨਮਾਨ ਸਮਾਗਮ’ ਤੇ ‘ਡਾ.ਕੇਸਰ ਸਿੰਘ ਬਰਵਾਲ਼ੀ ਯਾਦਗਾਰੀ ਪੁਰਸਕਾਰ’ ਨਾਲ ਨਵਾਜਿਆ।

ਬਾਕੀ ਦੀ ਰਿਪੋਰਟ ਇਨ੍ਹਾਂ ਖਬਰਾਂ ਤੋਂ

ਅਖੀਰ ਮੇਰੀ ਸਾਲਾਂ ਦੀ ਰੀਝ ਪੂਰੀ ਹੋ ਹੀ  ਗਈ।

————————————————————————————

ਪਹਿਲਾ ਅੰਤਰਰਾਸ਼ਟਰੀ ਸਨਮਾਨ : ਵਿਸ਼ਵ ਭਾਸ਼ਾ ਸੰਮੇਲਨ ਕੈਨੇਡਾ 2008