July 16, 2024

Mitter Sain Meet

Novelist and Legal Consultant

ਮਾਂ ਬੋਲੀ ਪੰਜਾਬੀ ਦੇ ਕੈਨੇਡੀਅਨ ਵਾਰਸ

ਮਾਂ ਬੋਲੀ ਪੰਜਾਬੀ ਦੇ ਕੈਨੇਡੀਅਨ ਵਾਰਸ

ਕਿਰਪਾਲ ਸਿੰਘ ਗਰਚਾ ਦਾ ਜੱਦੀ ਪਿੰਡ ਸੱਲ ਕਲਾਂ ਤਹਿਸੀਲ ਬੰਗਾ ਵਿਚ ਪੈਂਦਾ ਹੈ। ਕੈਨੇਡਾ ਆਇਆਂ ਨੂੰ ਅੱਧੀ ਸਦੀ ਹੋ ਗਈ ਹੈ। ਪਿੰਡ ਅਤੇ ਭਾਈਚਾਰੇ ਨਾਲ ਮੋਹ ਹਾਲੇ ਤੱਕ ਟੁੱਟਿਆ ਨਹੀਂ। ਉਹ ਭੌਂ, ਜਿਸ ਵਿਚ ਉਨ੍ਹਾਂ ਦੇ ਬਾਪੂ ਨੇ ਪਸੀਨਾ ਬਹਾਇਆ ਸੀ, ਉਨ੍ਹਾਂ ਨੂੰ ਹਾਕਾਂ ਮਾਰਦੀ ਰਹਿੰਦੀ ਹੈ। ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ, ਘੱਟੋ-ਘੱਟ ਦੋ ਸਾਲ ਵਿਚ ਇੱਕ ਵਾਰ, ਉਹ ਪਿੰਡ ਗੇੜਾ ਜ਼ਰੂਰ ਮਾਰਦੇ ਹਨ। 

2014 ਵਿਚ ਜਦੋਂ ਭਾਰਤ ਆਏ ਤਾਂ ਉਨ੍ਹਾਂ ਨੂੰ ਕਿਸੇ ਕੰਮ ਦੇ ਸਬੰਧ ਵਿਚ ਨਗਰ ਪਾਲਿਕਾ ਬੰਗਾ ਦੇ ਦਫ਼ਤਰ ਜਾਣਾ ਪਿਆ। ਦਫ਼ਤਰ ਦੇ ਵਿਹੜੇ ਵਿਚ ਖੜੇ ਕਮੇਟੀ ਦੇ ਵਾਹਨਾਂ ਤੇ ਪੰਜਾਬੀ ਅੱਖਰਾਂ ਵਿਚ ਲਿਖਿਆ ਕਮੇਟੀ ਦਾ ਨਾਂ ਮਿਟਾਇਆ ਜਾ ਰਿਹਾ ਸੀ। ਪੰਜਾਬੀ ਦੀ ਥਾਂ ਹਿੰਦੀ ਲੈ ਰਹੀ ਸੀ। ਮਾਂ ਬੋਲੀ ਦੇ ਹੋ ਰਹੇ ਇਸ ਨਿਰਾਦਰ ਨੇ ਉਨ੍ਹਾਂ ਅੰਦਰ ਸੁਸਤ ਹੋ ਚੁੱਕੇ ਜੁਝਾਰੂ ਪੁੱਤ ਨੂੰ ਝੰਜੋੜ ਦਿੱਤਾ। ਅੱਗ ਭਬੂਲਾ ਹੋਏ ਉਹ ਕਮੇਟੀ ਦੇ ਸਬੰਧਤ ਅਧਿਕਾਰੀ ਦੇ ਦਫ਼ਤਰ ਜਾ ਧਮਕੇ। ਪੰਜਾਬੀ ਸੂਬੇ ਵਿਚ ਹੀ ਪੰਜਾਬੀ ਦੇ ਹੋ ਰਹੇ ਘਾਣ ਤੇ ਸਖ਼ਤ ਰੋਸ ਪ੍ਰਗਟਾਇਆ। ਜਿੰਨਾ ਚਿਰ ਅਫ਼ਸਰ ਨੇ ਗਲਤੀ ਸੁਧਾਰਨ ਦਾ ਵਾਅਦਾ ਨਹੀਂ ਕੀਤਾ, ਗਰਚਾ ਸਾਹਿਬ ਨੇ ਅਫ਼ਸਰ ਦਾ ਖਿਹੜਾ ਨਹੀਂ ਛੱਡਿਆ।

ਇਸ ਘਟਨਾ ਨੇ ਕੈਨੇਡਾ ਵਿਚ ਹੋਏ ਇਨ੍ਹਾਂ ਪਹਿਲੇ (ਚਾਰ) ਵਿਸ਼ਵ ਸੰਮੇਲਨਾਂ ਦਾ ਬੀਜ ਬੀਜਿਆ। ਕੈਨੇਡਾ ਵਾਪਸ ਆ ਕੇ, ਸਭ ਤੋਂ ਪਹਿਲਾਂ ਉਨ੍ਹਾਂ ਨੇ, ਸਿੱਖ ਭਾਈਚਾਰੇ ਵਿਚ ਸਭ ਤੋਂ ਵੱਧ ਸਤਿਕਾਰੇ ਜਾਂਦੇ ਸ.ਮੋਤਾ ਸਿੰਘ ਝੀਤਾ ਨਾਲ ਗੱਲ ਕੀਤੀ। ਸ.ਮੋਤਾ ਸਿੰਘ ਝੀਤਾ ਜੀ ਦੇ ਸਿੱਖ ਕਮਿਊਨਟੀ ਲਈ ਕੀਤੇ ਕੰਮਾਂ ਦਾ ਵੇਰਵਾ ਏਨਾ ਵਿਸ਼ਾਲ ਹੈ ਕਿ ਉਨ੍ਹਾਂ ਕੰਮਾਂ ਦਾ ਕੁਝ ਸਤਰਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਕੁਝ ਜਾਣਕਾਰੀ South Asian Canadian Heritage ਵਿਚ ਉਨ੍ਹਾਂ ਬਾਰੇ ਛਪੇ ਲੇਖ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਲੇਖ ਦਾ ਲਿੰਕ ਹੈ:

https://www.southasiancanadianheritage.ca/hari-sharma/hari-sharma-1960-1970/mota-singh-jheeta/

ਝੀਤਾ ਸਾਹਿਬ ਉੱਚ ਕੋਟੀ ਦੇ ਲਿਖਾਰੀ ਵੀ ਹਨ। ਕੈਨੇਡਾ ਵਿਚ ਸਿੱਖ ਧਰਮ ਅਤੇ ਭਾਈਚਾਰੇ ਦੇ ਸਤਿਕਾਰ ਨੂੰ ਬਹਾਲ ਕਰਾਉਣ ਅਤੇ ਸਿੱਖ ਧਰਮ ਦੇ ਪ੍ਰਚਾਰ-ਪਸਾਰ ਲਈ ਪਾਏ ਯੋਗਦਾਨ ਬਾਰੇ ਚਾਨਣਾ ਇੱਕ ਵੱਡਆਕਾਰੀ ਪੁਸਤਕ ‘ਸਾਚੁ ਕਹੋਂ’ (ਪੰਨਾ 457) ਲਿਖੀ ਹੈ।

ਇਸ ਪੁਸਤਕ ਦੀ ਮਹੱਤਤਾ ਅਤੇ ਮਹਾਨਤਾ ਨੈਟ ਰਸਾਲੇ ‘Indian Book World’ ਵਿਚ ਛਪੇ ਰੀਵਿਊ ਤੋਂ ਹੋ ਜਾਂਦੀ ਹੈ। ਇਸ ਦਾ ਲਿੰਕ http:// https://indiabookworld.ca/products/sach-kaho-truthful-account-1947-2013

(ਨੋਟ: ਤਕਨੀਕੀ ਕਾਰਨ ਕਰਕੇ ਇਹ ਲਿੰਕ ਇੱਥੇ ਨਹੀਂ ਖੁੱਲੇਗਾ। ਇਸ ਨੂੰ ਕਾਪੀ ਕਰਕੇ ਗੂਗਲ ਵਿਚ ਜਾ ਕੇ ਸਰਚ ਕਰਨਾ ਪਏਗਾ।)

On Sikh Channel https://www.youtube.com/watch?v=R0nJS4L63sI

ਝੀਤਾ ਸਾਹਿਬ ਦੀ ਇਹ ਵੀ ਧਾਰਨਾ ਹੈ ਕਿ ‘ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਸਮਝਣ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ’। ਇਸ ਕਾਰਨ ਝੀਤਾ ਸਾਹਿਬ ਨੇ ਝੱਟ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾ ਦਿੱਤੀ।

ਕੇ.ਆਰ.ਪੀ.ਆਈ. 1550 ਏ.ਐਮ. ਰੇਡੀਓ ਦਾ ‘ਦਿਲਾਂ ਦੀ ਸਾਂਝ’ ਪ੍ਰੋਗ੍ਰਾਮ ਸਾਰੀ ਦੁਨੀਆਂ ਵਿਚ ਧਿਆਨ ਨਾਲ ਸੁਣਿਆ ਜਾਂਦਾ ਹੈ।

ਇਸ ਪ੍ਰੋਗ੍ਰਾਮ ਦੇ ਮੇਜ਼ਬਾਨ ਕੁਲਦੀਪ ਸਿੰਘ ਹਨ ਜਿਨ੍ਹਾਂ ਨੂੰ ਕੈਨੇਡਾ ਦੇ ਘਰ-ਘਰ ਵਿਚ ‘ਪਾਖੰਡੀ ਬਾਬਿਆਂ ਦੀਆਂ ਵੈਨਕੂਵਰ ਵਿਚੋਂ ਜੜ੍ਹਾਂ ਪੁੱਟਣ ਵਾਲੇ’ ਦੇ ਤੌਰ ਤੇ ਜਾਣਿਆ ਜਾਂਦਾ ਹੈ। ਪੰਜਾਬੀ ਪ੍ਰੈਸ ਕਲੱਬ ਬੀ.ਸੀ. ਸਰੀ ਨਯੂਟਨ ਰੋਟਰੀ ਕਲੱਬ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਸਿੱਖ ਚੈਨਲ ਬੀ.ਸੀ. ਕੈਨੇਡਾ ਦੇ ਇੰਚਾਰਜ ਵੀ ਰਹੇ ਹਨ। ਉਹ ਹਰ ਉਸ ਸੰਸਥਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਨ ਜੋ ਮਨੁੱਖਤਾ ਦੇ ਭਲੇ ਲਈ ਅੱਗੇ ਆਉਂਦੀ ਹੈ।  ਸਰੀਰ ਭਾਵੇਂ ਉਨ੍ਹਾਂ ਦਾ ਕੈਨੇਡਾ ਵਿਚ ਹੈ ਪਰ ਰੂਹ ਪੰਜਾਬ ਵਿਚ ਵਸਦੀ ਹੈ। ‘ਦਿਲਾਂ ਦੀ ਸਾਂਝ’ ਪ੍ਰੋਗ੍ਰਾਮ ਵਿਚ ਉਹ ਪੰਜਾਬ ਅਤੇ ਪੰਜਾਬੀ ਦੀ ਸਥਿਤੀ ਸਬੰਧੀ ਅਕਸਰ ਪ੍ਰੋਗ੍ਰਾਮ ਕਰਦੇ ਰਹਿੰਦੇ ਹਨ। ਗਰਚਾ ਸਾਹਿਬ ਅਤੇ ਮੋਤਾ ਸਿੰਘ ਝੀਤਾ ਦੀ ਜੋੜੀ ਨੇ ਉਨ੍ਹਾਂ ਨਾਲ ਸੰਪਰਕ ਸਾਧਿਆ। ਚਿਰਾਂ ਤੋਂ ਮਾਂ ਬੋਲੀ ਪੰਜਾਬੀ ਲਈ ਕੁਝ ਕਰਨ ਦੀ ਕੁਲਦੀਪ ਸਿੰਘ ਦੀ ਤਾਂਘ ਨੂੰ ਜਿਵੇਂ ਬੂਰ ਪੈ ਗਿਆ। ਕੁਲਦੀਪ ਸਿੰਘ ਦੇ ਕੰਮ ਦੀ ਪਹਿਚਾਣ ਉਨ੍ਹਾਂ ਦੀਆਂ ਯੂ ਟਿਊਬ ਤੇ ਉਪਲਬਧ ਸੈਂਕੜੇ ਇੰਟਰਵਿਊਆਂ ਤੋਂ ਪ੍ਰਾਪਤ ਹੋ ਜਾਂਦੀ ਹੈ।

ਜੋੜੀ ਤਿੱਕੜੀ ਵਿਚ ਬਦਲ ਗਈ। ਪਹਿਲੀ ਬੈਠਕ ਵਿਚ ਹੀ ‘ਮਾਂ ਬੋਲੀ ਪੰਜਾਬੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਗਹਿਰਾਈ ਨਾਲ ਘੋਖਣ ਲਈ’, ਨਿਰੋਲ ਪੰਜਾਬੀ ਭਾਸ਼ਾ ਨੂੰ ਸਮੱਰਪਿਤ ਇੱਕ ਵਿਸ਼ਵ ਪੱਧਰੀ ਕਾਨਫ਼ਰੰਸ ਰਚਾਉਣ ਦਾ ਫ਼ੈਸਲਾ ਹੋ ਗਿਆ। ‘ਪੰਜਾਬੀ ਇੱਕ ਫ਼ਿਰਕੇ ਦੀ ਨਹੀਂ ਸਭ ਪੰਜਾਬੀਆਂ ਦੀ ਮਾਂ ਬੋਲੀ ਹੈ’। ਇਸ ਧਾਰਨਾ ਨੂੰ ਮਨਾਂ ਵਿਚ ਵਸਾ ਕੇ ਸੰਮੇਲਨਾਂ ਦੇ ਪ੍ਰਬੰਧਾਂ ਅਤੇ ਵਕਤਾਵਾਂ ਦੀ ਚੋਣ ਹੋਣ ਲੱਗੀ। ਲੋੜ ‘ਨਿਰੋਲ ਵਿਦਵਾਨਾਂ’ ਦੀ ਥਾਂ ਜ਼ਮੀਨੀ ਪੱਧਰ ਤੇ, ਪੰਜਾਬੀ ਦੀ ਪ੍ਰਫ਼ੁੱਲਤਾ ਲਈ, ਕਰਨ ਵਾਲੇ ਕਾਮਿਆਂ ਦੀ ਮਹਿਸੂਸ ਕੀਤੀ ਗਈ। ਕਾਮਿਆਂ ਵਿਚ ਮੁਸਲਮਾਨ ਹੋਣ। ਸਿੱਖ ਅਤੇ ਹਿੰਦੂ ਵੀ। ਚੜ੍ਹਦੇ ਪੰਜਾਬ ਨੂੰ ਪ੍ਰਤੀਨਿਧਤਾ ਮਿਲੇ ਅਤੇ ਲਹਿੰਦੇ ਨੂੰ ਵੀ। ਸੰਵਾਦ ਵਿਚ ਅਮਰੀਕਨ ਪੰਜਾਬੀ ਸ਼ਾਮਲ ਹੋਣ ਅਤੇ ਕੈਨੇਡਾ ਵਾਲੇ ਵੀ। ਭਾਰਤੀ ਪੰਜਾਬ ਵਿਚੋਂ ਹਿੰਦੂਆਂ ਦੀ ਪ੍ਰਤੀਨਿਧਤਾ ਲਈ ਮਹਿੰਦਰ ਸਿੰਘ ਸੇਖੋਂ ਨੇ ਮੇਰਾ ਨਾਂ ਸੁਝਾਇਆ। ਸ਼ਾਇਦ ਮੇਰੇ ਕੰਮ ਦੀ ਪਰਖ ਲਈ ਕੁਲਦੀਪ ਸਿੰਘ ਹੁਰਾਂ ਨੇ 22 ਜਨਵਰੀ 2018 ਵਿਚ ‘ਦਿਲਾਂ ਦੀ ਸਾਂਝ’ ਪ੍ਰੋਗ੍ਰਾਮ ਵਿਚ ਮੇਰੇ ਨਾਲ ਪੰਜਾਬ ਰਾਜ ਭਾਸ਼ਾ ਐਕਟ 1967 ਦੇ ਸੰਦਰਭ ਵਿਚ ਪੰਜਾਬ ਵਿਚ ਪੰਜਾਬੀ ਦੀ ਸਥਿਤੀ ਬਾਰੇ ਗੱਲਬਾਤ ਕੀਤੀ। ਇਸ ਗੱਲਬਾਤ ਦਾ ਲਿੰਕ ਹੈ: https://youtu.be/Wp6Ly4Nf1V4

ਮਈ 2018 ਵਿਚ। ਲੋਕ ਭਾਸ਼ਾ ਵਿਚ, ਬੇਬਾਕੀ ਨਾਲ ਉਠਾਏ ਮੁੱਦਿਆਂ ਨੇ ਸਰੋਤਿਆਂ ਨੂੰ ਚੰਗਾ ਪ੍ਰਭਾਵਿਤ ਕੀਤਾ। ਭਾਵੁਕ ਹੋਏ ਕੁਲਦੀਪ ਸਿੰਘ ਹੁਰਾਂ ਨੇ ਗੱਲਬਾਤ ਦੌਰਾਨ ਹੀ ਮੈਨੂੰ ਪਹਿਲੇ ਵਿਸ਼ਵ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ। ਇਸ ਗੱਲਬਾਤ ਦਾ ਲਿੰਕ ਹੈ:

https://youtu.be/tzl364SE3J8

ਤਿੱਕੜੀ ਨੂੰ ਵਿਸ਼ਵ ਪੱਧਰ ਦੀ ਪੰਜਾਬੀ ਕਾਨਫ਼ਰੰਸ ਕਰਾਉਣ ਦਾ ਉੱਕਾ ਤਜਰਬਾ ਨਹੀਂ ਸੀ। ਇਸ ਲਈ ਕਿਸੇ ਸੰਸਥਾ ਦਾ ਸਹਿਯੋਗ ਲੈਣਾ ਚੰਗਾ ਸਮਝਿਆ ਗਿਆ। ਕੈਨੇਡਾ ਵਿਚ ਅਜਿਹੀਆਂ ਬਹੁਤ ਸੰਸਥਾਵਾਂ ਹਨ ਜਿਹੜੀਆਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਆਯੋਜਿਤ ਕਰਦੀਆਂ ਰਹਿੰਦੀਆਂ ਹਨ। ਪਰ ਉਨ੍ਹਾਂ ਵਿਚੋਂ ਬਹੁਤੀਆਂ ਸੰਸਥਾਵਾਂ ਦਾ ਉਦੇਸ਼, ਪੈਸਾ ਕਮਾਉਣਾ ਅਤੇ ਭਾਈ-ਭਤੀਜਿਆਂ ਨੂੰ ਕੈਨੇਡਾ ਦੀ ਸੈਰ ਕਰਾਉਣਾ ਹੁੰਦਾ ਹੈ। ਅਜਿਹੀ ਕਿਸੇ ਸੰਸਥਾ ਤੋਂ ਸਹਿਯੋਗ ਲੈਣਾ ਉਚਿਤ ਨਹੀਂ ਸਮਝਿਆ ਗਿਆ। ਘੁੰਮਦੀ-ਘੁੰਮਦੀ ਸੋਚ ਦੀ ਸੂਈ ‘ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ’ ਤੇ ਆ ਕੇ ਟਿਕੀ। ਲੰਬੇ ਸਮੇਂ ਤੋਂ ਇਹ ਸੰਸਥਾ ਸਿੱਖ ਕਮਿਊਨਟੀ ਲਈ ਉੱਚ ਪੱਧਰ ਦੀਆਂ ਵਿਸ਼ਵ ਕਾਨਫ਼ਰੰਸਾਂ ਰਚਾਉਣ ਦਾ ਤਜਰਬਾ ਰੱਖਦੀ ਸੀ। ਤਾਜ਼ਾ-ਤਾਜ਼ਾ (ਸਾਲ 2013 ਵਿਚ) ਸੋਸਾਇਟੀ ਵੱਲੋਂ ‘ਵਿਸ਼ਵ ਸਿੱਖ ਗ਼ਦਰ ਲਹਿਰ’ ਵਿਸ਼ੇ ਤੇ ਗੰਭੀਰ ਸੰਵਾਦ ਰਚਾਇਆ ਗਿਆ ਸੀ।

ਉਨ੍ਹੀਂ ਦਿਨੀਂ ਇਸ ਸੰਸਥਾ ਦੇ ਪ੍ਰਧਾਨ ਸ.ਸਤਨਾਮ ਸਿੰਘ ਜੌਹਲ ਸਨ। ਭੂਗੋਲ ਵਿਚ ਮਾਸਟਰਜ਼ ਦੀ ਡਿਗਰੀ ਪ੍ਰਾਪਤ ਕਰਕੇ 1978 ਵਿਚ ਕੈਨੇਡਾ ਆ ਵਸੇ। ਸਤਨਾਮ ਸਿੰਘ ਜੌਹਲ ਦੀ ਸਾਹਿਤਕ ਸੂਝ ਅਤੇ ਪ੍ਰਬੰਧਕੀ ਕਾਬਲੀਅਤ ਦੀ ਉਦਾਹਰਣ ਉਨ੍ਹਾਂ ਦੀ ਸ.ਜਸਬੀਰ ਸਿੰਘ ਮਾਨ ਮਿਲ ਕੇ ਸੰਪਾਦ ਕੀਤੀ ਪੁਸਤਕ ‘ਸਿੱਖ ਗ਼ਦਰ ਲਹਿਰ’ (ਪੰਨੇ 571, ਪ੍ਰਕਾਸ਼ਨ ਸਾਲ-2016) ਤੋਂ ਲਾਈ ਜਾ ਸਕਦੀ ਹੈ।

ਪੁਸਤਕ ਦੀ ਜਾਣ-ਪਹਿਚਾਣ amazon.com ਵਿਚ ਛਪੇ ਲੇਖ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਿਸ ਦਾ ਲਿੰਕ ਹੈ

http://:Singh/dp/0986298794.

(ਨੋਟ: ਤਕਨੀਕੀ ਕਾਰਨ ਕਰਕੇ ਇਹ ਲਿੰਕ ਇੱਥੇ ਨਹੀਂ ਖੁੱਲੇਗਾ। ਇਸ ਨੂੰ ਕਾਪੀ ਕਰਕੇ ਗੂਗਲ ਵਿਚ ਜਾ ਕੇ ਸਰਚ ਕਰਨਾ ਪਏਗਾ।)

ਗ਼ਦਰ ਲਹਿਰ ਅਤੇ ਸਿੱਖ ਧਰਮ ਬਾਰੇ ਵੱਖ-ਵੱਖ ਟੀ.ਵੀ. ਚੈਨਲਾਂ ਤੇ ਉਨ੍ਹਾਂ ਅਤੇ ਡਾ.ਪੂਰਨ ਸਿੰਘ ਗਿੱਲ ਵੱਲੋਂ ਪ੍ਰਗਟਾਏ ਵਿਚਾਰਾਂ ਦੇ ਇਕ ਨਮੂਨੇ ਦਾ ਲਿੰਕ:’ Akal Channel ਤੇ

https://www.youtube.com/watch?v=O26m6nUt8b4

ਉਨ੍ਹਾਂ ਨੂੰ ਵੀ ਇਹ ਵਿਚਾਰ ਬਹੁਮੁੱਲਾ ਲੱਗਾ। ਅਜਿਹੀ ਹੀ ਪਿੱਠ-ਭੂਮੀ ਵਾਲੀ ਦੂਜੀ ਸੰਸਥਾ ‘ਫ਼ੈਡਰੇਸ਼ਨ ਆਫ ਕੈਨੇਡੀਅਨ ਸਿੱਖ ਸੋਸਾਇਟੀਜ਼’ ਨੇ ਵੀ ਮੋਢਾ ਜੋੜਨ ਲਈ ਹੁੰਘਾਰਾ ਭਰ ਦਿੱਤਾ। ਸੋਸਾਇਟੀ ਅਤੇ ਫ਼ੈਡਰੇਸ਼ਨ ਵੱਲੋਂ, ਇਸ ਕਾਰਜ ਨੂੰ ਸਿਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਡਾ.ਪੂਰਨ ਸਿੰਘ ਗਿੱਲ, ਦਵਿੰਦਰ ਸਿੰਘ ਘਟੌੜਾ ਅਤੇ ਲਛਮਣ ਸਿੰਘ ਦੀ ਲੱਗੀ।

ਡਾ.ਪੂਰਨ ਸਿੰਘ ਗਿੱਲ ਸਾਹਿਬ ਇਤਿਹਾਸ ਵਿਚ ਪੀ.ਐਚ.ਡੀ., ਰਾਜਨੀਤੀ ਵਿਗਿਆਨ ਵਿਚ ਮਾਸਟਰਜ਼ ਅਤੇ ਲਾਇਬ੍ਰੇਰੀ ਸਾਇੰਸ ਦੇ ਗ੍ਰੈਜੂਏਟ ਹਨ। ਸੰਸਾਰ ਪ੍ਰਸਿੱਧ ਖੋਜ ਪੱਤਰਿਕਾ ‘ਸਿੱਖ ਮਾਰਗ’ ਦੇ ਸੰਪਾਦਕ ਹਨ। ਉਨ੍ਹਾਂ ਵੱਲੋਂ ਰਚੀਆਂ ਪੁਸਤਕਾਂ ਦੀ ਲਿਸਟ ਲੰਬੀ ਹੈ।  ਇਸ ਤਰ੍ਹਾਂ ਪੰਜਾਬੀ ਮਾਂ ਦੇ ਅੱਧੀ ਦਰਜਨ ਕੈਨੇਡੀਅਨ ਵਾਰਸਾਂ ਦੀ ਟੀਮ ਤਿਆਰ ਹੋ ਗਈ। ਦਵਿੰਦਰ ਸਿੰਘ ਘਟੌੜਾ ਦਾ ਵੱਖ-ਵੱਖ ਸਮਾਜਕ ਜੱਥੇਬੰਦੀਆਂ ਦੀ ਕਮਾਨ ਸੰਭਾਲਣ ਦਾ ਲੰਬਾ-ਚੌੜ੍ਹਾ ਤਜਰਬਾ ਹੈ। ਵੈਨਕੂਵਰ ਵਿਚ ਤਾਂ ਸਾਡਾ ਉਨ੍ਹਾਂ ਨਾਲ ਬਹੁਤਾ ਵਾਹ ਨਹੀਂ ਪਿਆ। ਕੈਲਗਰੀ ਅਤੇ ਵਿਨੀਪੈਗ ਵਿਚ ਉਨ੍ਹਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਠੰਡੇ ਮਿੱਠ-ਬੋਲੜੇ ਅਤੇ ਹਰ ਔਖਿਆਈ ਨੂੰ ਠਰੰਮੇ ਨਾਲ ਨਜਿੱਠਣ ਦੀ ਉਨ੍ਹਾਂ ਦੀ ਪ੍ਰਬੰਧਕੀ ਕੁਸ਼ਲਤਾ ਦੀ ਪਹਿਚਾਣ ਸਾਨੂੰ ਉੱਥੇ ਹੋਈ। ਲਛਮਣ ਸਿੰਘ ਹੁਰਾਂ ਨੇ ਪ੍ਰੋਫ਼ੈਸਰ ਸਿੱਧੂ ਦੀ ਮੇਜ਼ਬਾਨੀ ਓਟੀ ਅਤੇ ਬਾਖ਼ੂਬੀ ਨਿਭਾਈ।

ਪ੍ਰਬੰਧਕ, ਵਿਆਹ ਵਰਗੇ ਚਾਅ ਨਾਲ, ਸੰਮੇਲਨਾਂ ਦੇ ਪ੍ਰਬੰਧਾਂ ਵਿਚ ਜੁਟ ਗਏ। ਮੰਦਰਾਂ, ਗੁਰੂ ਘਰਾਂ, ਮਸੀਤਾਂ ਅਤੇ ਚਰਚਾਂ ਵਿਚ ਜਾ ਕੇ ਹਰ ਪੰਜਾਬੀ ਨੂੰ ਸੰਮੇਲਨਾਂ ਦੇ ਉਦੇਸ਼ ਸਮਝਾ ਕੇ ਉਨ੍ਹਾਂ ਨੂੰ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

( ਸੰਮੇਲਨਾਂ ਦੇ ਪ੍ਰਬੰਧਕ , ਰਾਓ ਸਟਰੀਟ ਚੀਫ ਖਾਲਸਾ ਦਿਵਾਨ ਸੋਸਾਇਟੀ ਦੁਰੂਦਵਾਰੇ ਦੀ ਪ੍ਰਬੰਧਕੀ ਕਮੇਟੀ ਦੇ ਜਰਨੈਲ ਸਿੰਘ ਪੰਡਾਲ, ਮਲਕੀਤ ਸਿੰਘ ਧਾਮੀ ਅਤੇ ਪ੍ਰੀਤਮ ਸਿੰਘ ਹੋਰਾਂ ਨੂੰ ਸੱਦਾ ਪੱਤਰ ਦਿੰਦੇ ਹੋਏ।)

ਪ੍ਰਬੰਧਕਾਂ ਦੇ ਸਾਫ਼ ਸੁਥਰੇ ਅਕਸ ਕਾਰਨ, ਸਾਰੇ ਕੈਨੇਡਾ ਦੇ ਪੰਜਾਬੀਆਂ ਨੇ ਭਰਵਾਂ ਹੁੰਘਾਰਾ ਭਰਿਆ। ਧਨ ਦੇ ਗੱਫ਼ੇ ਵੀ ਦਿੱਤੇ। ਚਾਲੀ-ਪੰਜਾਹ ਹਜ਼ਾਰ ਡਾਲਰ ਖਰਚ ਕਰਨ ਬਾਅਦ ਵੀ ਸੋਸਾਇਟੀ ਕੋਲ ਕਾਫ਼ੀ ਰਕਮ ਬਚ ਗਈ।

ਕੈਨੇਡਾ ਹੀ ਨਹੀਂ ਸਗੋਂ ਸੰਸਾਰ ਭਰ ਦੇ ਪੰਜਾਬੀਆਂ ਨੂੰ ਮੀਡੀਏ ਰਾਹੀਂ ਜਾਗਰੂਕ ਕਰਨਾ ਜ਼ਰੂਰੀ ਸੀ। ਕੈਨੇਡੀਅਨ ਮੀਡੀਏ ਤੋਂ ਸਹਿਯੋਗ ਪ੍ਰਾਪਤ ਕਰਨ ਦਾ ਬੀੜਾ ਕੁਲਦੀਪ ਸਿੰਘ ਹੋਰਾਂ ਨੇ ਚੁੱਕਿਆ। ਪਹਿਲਾਂ ਟੀਮ ਦੇ ਮੈਂਬਰਾਂ ਨੇ ਖੁਦ ਰੇਡੀਓ ਤੇ ਟੀ.ਵੀ. ਚੈਨਲਾਂ ਦੇ ਸਟੂਡੀਓਜ਼ ਵਿਚ ਜਾ ਕੇ ਪ੍ਰਮੋਸ਼ਨਲ ਇੰਟਰਵਿਊ ਦਿੱਤੇ।

ਸਾਡੇ (ਮਿੱਤਰ ਸੈਨ ਮੀਤ, ਮਹਿੰਦਰ ਸਿੰਘ ਸੇਖੋਂ, ਪ੍ਰੋ. ਪਰਮਜੀਤ ਸਿੰਘ ਸਿੱਧੂ) ਕੈਨੇਡਾ ਪੁੱਜਦਿਆਂ ਹੀ ਸਾਨੂੰ ਵੀ ਇਸ ਕਾਰਜ ਵਿਚ ਸ਼ਾਮਲ ਕਰ ਲਿਆ ਗਿਆ। ਸਵੇਰ ਤੋਂ ਸ਼ਾਮ ਤੱਕ ਅਸੀਂ ਕਿਸੇ ਸਟੂਡੀਓ ਜਾਣਾ ਹੁੰਦਾ ਸੀ ਜਾਂ ਕਿਸੇ ਸੰਸਥਾ ਦੇ ਮੈਂਬਰਾਂ ਨੂੰ ਪ੍ਰੇਰਿਤ ਕਰਨ।

ਬਿਨ੍ਹਾਂ ਕੁਝ ਪੁੱਛੇ-ਦੱਸੇ ਸਾਨੂੰ ਸਵੇਰੇ ਹੀ ਕਾਰਾਂ ਵਿਚ ਬਿਠਾ ਲਿਆ ਜਾਂਦਾ। ਕਿੱਥੇ ਜਾਣਾ ਹੈ, ਅਤੇ ਕਿਸ ਨੂੰ ਮਿਲਣਾ ਹੈ ਇਸ ਦੀ ਜਾਣਕਾਰੀ ਕੇਵਲ ਪ੍ਰਬੰਧਕਾਂ ਨੂੰ ਹੁੰਦੀ। ਮੈਨੂੰ ਮਹਿਸੂਸ ਹੋਣ ਲੱਗਿਆ ਜਿਵੇਂ ਅਸੀਂ ਨਵੀਆਂ ਵਿਆਹ ਕੇ ਆਈਆਂ ਨੂੰਹਾਂ ਬਣ ਗਏ ਸਾਂ ਅਤੇ ਮੇਜਬਾਨ ਸਾਡੀਆਂ ਸਖ਼ਤ ਸੱਸਾਂ। ਸੱਸ ਜਿਵੇਂ ਨੂੰਹ ਨੂੰ ਹੁਕਮ ਝਾੜਦੀ ਕਹਿੰਦੀ ਸੀ ‘ਚੱਲ ਕੁੜੇ ਤਿਆਰ ਹੋ ਅੱਜ ਆਪਾਂ ਲੰਬੜਾਂ ਦੇ ਰੋਟੀ ਤੇ ਜਾਣਾ ਹੈ’। ਨੂੰਹ ਜਿਵੇਂ ‘ਸੱਤ ਵਚਨ’ ਕਹਿ ਕੇ ਜਿਵੇਂ ਸੱਸ ਪਿੱਛੇ ਲੱਗ ਜਾਂਦੀ ਸੀ। ਹਾਸੇ-ਠੱਠੇ ਨਾਲ ਮੈਂ ਇਹ ਗੱਲ ਕਈ ਵਾਰ ਆਪਣੇ ਮਹਿਮਾਨਾਂ ਕੋਲ ਚਿਤਾਰੀ ਵੀ।

ਅਸੀਂ ਤਿੰਨ ਜੂਨ ਨੂੰ ਕੈਨੇਡਾ ਪਹੁੰਚ ਗਏ ਸੀ। ਪਹਿਲਾ ਸੰਮੇਲਨ ਦਸ ਜੂਨ ਨੂੰ ਹੋਣਾ ਸੀ। ਨੌ ਜੂਨ ਤੱਕ ਅਸੀਂ ਕੈਨੇਡਾ ਦੀਆਂ ਸੜਕਾਂ, ਟੀ.ਵੀ.-ਰੇਡੀਓ ਸਟੂਡੀਓਜ਼, ਮੀਟਿੰਗਾਂ ਵਾਲੇ ਕਮਿਊਨਟੀ ਸੈਂਟਰਾਂ ਅਤੇ ਬੈਂਕੂਟ ਹਾਲਾਂ ਤੋਂ ਬਿਨ੍ਹਾਂ ਕੁਝ ਨਹੀਂ ਸੀ ਦੇਖਿਆ। ਕੈਨੇਡਾ ਆਉਣ ਤੋਂ ਪਹਿਲਾਂ ਮੈਂ ਵੈਨਕੂਵਰ ਵਿਚ ਦੇਖਣ ਵਾਲੀਆਂ ਥਾਵਾਂ ਦੀ ਲੰਬੀ-ਚੌੜੀ ਸੂਚੀ ਤਿਆਰ ਕਰ ਲਈ ਸੀ। ਉਨ੍ਹਾਂ ਵਿਚੋਂ 9 ਜੂਨ ਤੱਕ ਅਸੀਂ ਇੱਕ ਵੀ ਥਾਂ ਨਹੀਂ ਸੀ ਦੇਖੀ। ‘ਮੈਨੂੰ ਲੱਗਦੈ ਤੁਸੀਂ ਸਾਥੋਂ ਬਾਰਾਂ ਸਾਲ ਭੱਠ ਝੁਕਾ ਕੇ, ਬਿਨ੍ਹਾਂ ਕੈਨੇਡਾ ਦਿਖਾਏ, ਬੇਰੰਗ ਵਾਪਸ ਭੇਜਣ ਦਾ ਮਨ ਬਣਾਇਆ ਹੋਇਆ’। ਮਜਾਕ-ਮਜਾਕ ਵਿਚ ਮੈਂ ਕਈ ਵਾਰ ਪ੍ਰਬੰਧਕਾਂ ਕੋਲ ਆਪਣਾ ਖਦਸਾ ਜ਼ਾਹਰ ਕੀਤਾ। ‘ਸੰਮੇਲਨ ਨੂੰ ਸਫ਼ਲ ਹੋ ਲੈਣ ਦਿਓ। ਅਸੀਂ ਤੁਹਾਡੇ ਮਨ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰ ਦੇਵਾਂਗੇ’। ਪਰਾਈ ਧਰਤੀ ਤੇ ਅੱਧੀ ਸਦੀ ਤੋਂ ਵੱਧ ਸੰਘਰਸ਼ ਕਰਕੇ, ਮਜ਼ਦੂਰਾਂ ਤੋਂ ਕੈਨੇਡਾ ਦੇ ਸਿਰਕੱਢ ਬਣੇ ਧਨਾਢ ਪ੍ਰਬੰਧਕਾਂ ਨੇ, ਸਚਮੁਚ ਸਭ ਕੁਝ ਸੁਚੱਜੇ ਢੰਗ ਨਾਲ ਉਲੀਕਿਆ ਹੋਇਆ ਸੀ। ਸਾਡੀ ਹਰ ਰੀਝ ਉਨ੍ਹਾਂ ਨੇ ਤਨ-ਮਨ ਨਾਲ ਪੂਰੀ ਕੀਤੀ।

ਕੈਲਗਰੀ ਦਾ ਮਾਂ ਬੋਲੀ ਦਾ ਸਪੂਤ ਜਸਪਾਲ ਸਿੰਘ

ਆਪਣੇ ਹੋਰ ਹਰਉਮਰਾਂ ਵਾਂਗ, ਚੜ੍ਹਦੀ ਜਵਾਨੀ ਵਿਚ ਹੀ ਜਸਪਾਲ ਸਿੰਘ ਨੇ ਵਿਦੇਸ਼ਾਂ ਵਿਚ ਕਿਸਮਤ ਅਜ਼ਮਾਉਣ ਦਾ ਫ਼ੈਸਲਾ ਕਰ ਲਿਆ। ਉਹ ਪੰਜ ਭਰਾ ਹਨ। ਉਹ ਵਿਚਕਾਰਲਾ ਹੈ। ਸਭ ਤੋਂ ਪਹਿਲਾਂ ਉਸ ਨੇ ਅਮਰੀਕਾ ਲਈ ਉਡਾਣ ਭਰੀ। ਲੱਗਦੇ ਹੱਥ ਦੋ ਭਰਾ ਹੋਰ ਬੁਲਾ ਲਏ। ਭਰਾਵਾਂ ਨੂੰ ਉਥੇ ਵਸਾ ਕੇ ਆਪ ਹੋਰ ਵੱਡੀਆਂ ਹਰੀਆਂ ਚਾਰਾਗਾਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਆਪਣੀ ਤਕਨੀਕੀ ਸਿੱਖਿਆ ਦੇ ਅਦਾਰ ਤੇ ਕੈਨੇਡਾ ਲਈ ਰਾਹ ਪੱਧਰਾ ਕਰ ਲਿਆ। ਅਮਰੀਕਾ ਤੋਂ ਬੋਰੀਆ ਬਿਸਤਰਾ ਗੋਲ ਕਰ ਕੇ ਵੈਨਕੂਵਰ ਵਾਲੇ ਜਹਾਜ ਚੜ ਗਿਆ।

ਪੱਤਰਕਾਰਤਾ ਵਿਚ ਪੈਰ ਕੁਲਦੀਪ ਸਿੰਘ ਨੇ ਆਪ ਜਮਾ ਲਏ। ‘ਦਿਲਾਂ ਦੀ ਸਾਂਝ’ ਪ੍ਰੋਗਰਾਮ ਰਾਹੀਂ ਸਾਰੀ ਦੁਨੀਆ ਦੇ ਪੰਜਾਬੀਆਂ ਦੇ ਦਿਲਾਂ ‘ਚ ਘਰ ਬਣਾ ਲਿਆ। ਕੁਲਦੀਪ ਸਿੰਘ ਨੂੰ ਵੈਨਕੂਵਰ ਸੈਟ ਕਰਕੇ ਆਪ ਕੈਲਗਰੀ ਲਈ ਚਾਲੇ ਪਾ ਲਏ। ਅੱਜ ਚਾਰੋਂ ਭਰਾ ਸਫ਼ਲਤਾ ਦੀਆਂ ਸਿਖ਼ਰਾਂ ਤੇ ਹਨ। ਪੰਜਵਾਂ ਭਾਰਤੀ ਰੇਲਵੇ ਵਿਚ ਇੰਜਨੀਅਰ ਹੈ। ਪਟਿਆਲੇ ਰਹਿ ਕੇ ਸਰਕਾਰੀ ਨੌਕਰੀ ਦੇ ਨਾਲ ਨਾਲ ਉਹ ਪੰਜਾਬ ਆਏ ਚਾਰੇ ਭਰਾਵਾਂ ਅਤੇ ਉਨਾਂ ਦੇ ਮਿੱਤਰਾਂ-ਬੇਲੀਆਂ ਦੀ ਖਿਦਮਤ ਦੀ ਜਿੰਮੇਵਾਰ ਨਿਭਾਉਂਦਾ ਹੈ।

               ਪੈਸਾ ਜਸਪਾਲ ਸਿੰਘ ਨੇ ਖੂਬ ਕਮਾਇਆ ਹੈ। ਪਰ ਨਾਂ ਉਸ ਨੇ, ਨਵੇਂ ਪੰਜਾਬੀਆਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ (ਕਿੱਤੇ ਦੀ ਥਾਂ ਸਮਾਜ ਸੇਵਾ, ਕਮਿਊਨਟੀ ਸਰਵਿਸ ਦੇ ਤੌਰ ਤੇ ਅਪਣਾ ਕੇ) ਸੁਲਝਾਅ ਕੇ ਕਮਾਇਆ ਹੈ। ਉਹ ਯਾਰਾਂ ਦਾ ਯਾਰ ਹੈ। ਅਤੇ ਪ੍ਰਾਹੁਣਚਾਰੀ ਲਈ ਮਸ਼ਹੂਰ ਹੈ। ਗਰਮੀਆਂ ਵਿਚ ਉਸ ਦੇ ਘਰ ਮਹਿਮਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਮਹਿਮਾਨਾਂ ਦੀ ਸਹੂਲਤ ਲਈ ਹੁਣ ਉਸ ਨੇ ਨਵੀਂ ਬਣਾਈ ਕੋਠੀ ਦੀ ਬੇਸਮੈਂਟ ਨੂੰ ਬਦਨਾਮ ਬੇਸਮੈਨਟਾਂ ਦੀ ਥਾਂ ‘ਪੰਜ ਸਿਤਾਰਾ ਹੋਟਲ’ ਵਾਂਗ ਸਜਾਇਆ ਹੈ।

ਕੁਦਰਤ ਨੇ ਵੀ ਉਸ ਤੋਂ ਕੁਝ ਛੁਪਾ ਕੇ ਨਹੀਂ ਰੱਖਿਆ। ਪਤਨੀ ਬਿੰਦਰ ਨੇ ਆਪਣੇ ਪਿੱਤਰੀ ਸੰਸਕਾਰ ਹਾਲੇ ਤੱਕ ਨਹੀਂ ਛੱਡੇ। ਉਨ੍ਹਾਂ ਦਾ ਸਾਰਾ ਦਿਨ ਲੰਗਰ ਬਣਾਉਣ ਅਤੇ ਵਰਤਾਉਣ ਦੀ ਸੇਵਾ ਵਿਚ ਲੰਘਦਾ ਹੈ। ਧੀਅ ‘ਬਾਣੀ’ ਚਾਰਟਰਡ ਅਕਾਊਟੈਂਟ ਹੈ। ਬੇਟਾ ਅਰਸ਼ਪ੍ਰੀਤ ਪੜ੍ਹਾਈ ਦੇ ਨਾਲ—ਨਾਲ ਸਿਆਸਤ (ਯੂ.ਸੀ.ਪੀ.ਪਾਰਟੀ) ਵਿਚ ਸਰਗਰਮ ਹੈ। ਕੈਲਗਰੀ ਦੇ ਪੰਜਾਬੀ, ਅਰਸ਼ਪ੍ਰੀਤ ਨੂੰ ਕੈਲਗਰੀ ਦਾ ਭਵਿੱਖ ਦਾ ਵਿਧਾਇਕ  ਸਮਝਦੇ ਹਨ।

ਪ੍ਰਾਉਣਚਾਰੀ ਦੀਆਂ ਕੁਝ ਝਲਕੀਆਂ

Drum Heller hills ਅਤੇ Royal Tyrrell Museum ਦੇ ਨਾਂ ਪੂਰਾ ਇਕ ਦਿਨ

Horse Thief Canyon- ਵਾਪਸੀ

Banff National Park ਦੇ ਨਾਂ ਦੂਜਾ ਦਿਨ

ਸਵੇਰ


ਦੁਪਿਹਰLake Louis –

ਸ਼ਾਮ- Bow Fall Banff

Calgary City Tower ਦੇ ਨਾਂ ਇਕ ਸ਼ਾਮ

                ਹੋਰ ਸਮਾਜ ਸੇਵਾਵਾਂ ਦੇ ਨਾਲ ਨਾਲ ਹੁਣ ਜਸਪਾਲ ਸਿੰਘ ਨੇ ਮਾਂ ਬੋਲੀ ਪੰਜਾਬੀ ਨੂੰ, ਵਿਸ਼ਵ ਭਰ ਵਿਚ ਬੁਲੰਦੀਆਂ ਤੇ ਪਹੁੰਚਾਉਣ ਦਾ ਪ੍ਰਣ ਵੀ ਲੈ ਲਿਆ ਹੈ। ਕੈਲਗਰੀ ਵਿਚ ਸਫ਼ਲ ‘ਦੂਜਾ ਵਿਸ਼ਵ ਪੰਜਾਬੀ ਸੰਮੇਲਨ’ ਕਰਵਾ ਕੇ, ਉਸ ਨੇ ਇਸ ਦਿਸ਼ਾ ਵਿਚ ਪਹਿਲਾ ਕਦਮ ਵੀ ਚੁੱਕ ਲਿਆ ਹੈ।

ਵਿਨੀਪੈਗ ਦੇ ਪੰਜਾਬੀ ਮਾਂ ਦੇ ਸੁਲੱਗ ਪੁੱਤ-ਧੀਅ, ਡਾ.ਮਹਿੰਦਰ ਸਿੰਘ ਢਿੱਲੋਂ ਅਤੇ ਗੁਰਹਰਜੀਤ ਕੌਰ ਸੰਧੂ

ਡਾ.ਮਹਿੰਦਰ ਸਿੰਘ ਢਿੱਲੋਂ

ਡਾ.ਮਹਿੰਦਰ ਸਿੰਘ ਢਿੱਲੋਂ, ਰਾਮਪੂਰਾ ਫੂਲ ਨੇੜਲੇ ਮਸ਼ਹੂਰ ਪਿੰਡ ਪਿੱਥੋ ਦੇ ਹਨ। ਭਲੇ ਜ਼ਮਾਨਿਆਂ (ਸਾਲ 1954) ਵਿਚ ਉਨ੍ਹਾਂ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ। ਫੇਰ ‘ਬਾਰ ਐਟ ਲਾਅ’ ਕਰਨ ਲਈ ਇੰਗਲੈਂਡ ਚਲੇ ਗਏ। ਉੱਥੇ ਜਾ ਕੇ ਆਪਣਾ ਮਨ ਬਦਲ ਲਿਆ ਅਤੇ ਉਨ੍ਹੀਂ ਦਿਨੀਂ ਨਵੇਂ ਵਿਕਸਿਤ ਹੋ ਰਹੇ ਐਰੋਸਪੇਸ ਵਿਗਿਆਨ ਵਿਚ ਡਿਪਲੋਮਾ ਹਾਸਲ ਕਰ ਲਿਆ। ਰਾਕਟ ਬਣਾਉਣ ਵਾਲੀ ਕੰਪਨੀ ਵਿਚ ਭਰਤੀ ਹੋ ਕੇ 1967 ਵਿਚ ਵਿਨੀਪੈਗ ਆ ਗਏ। ਇੱਥੇ ਆਉਂਦੇ ਹੀ ਸਮਾਜ ਸੇਵਾ ਦੇ ਕੰਮ ਵਿਚ ਜੁਟ ਗਏ। ਭਾਈ ਕਾਹਨ ਸਿੰਘ ਨਾਭਾ ਫ਼ਾਊਂਡੇਸ਼ਨ ਦੀ ਸਥਾਪਨਾ ਕਰਕੇ ਸਾਹਿਤਕ ਅਤੇ ਸੱਭਿਆਚਾਰਕ ਸਰਗਰਮੀਆਂ ਸ਼ੁਰੂ ਕੀਤੀਆਂ। ਵਿਨੀਪੈਗ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ‘ਭਾਈ ਕਾਹਨ ਸਿੰਘ ਨਾਭਾ ਕੁਲੈਕਸ਼ਨ’ਕੋਨਾ  ਸਥਾਪਤ ਕਰਵਾਇਆ। ਸਿੱਖਿਆ ਵਿਚ ਉਚਾਈਆਂ ਛੋਹਣ ਵਾਲੇ ਵਿਦਿਆਰਥੀ ਨੂੰ ਸਲਾਨਾ ਵਜ਼ੀਫ਼ੇ ਦੇਣੇ ਸ਼ੁਰੂ ਕੀਤੇ।

                88 ਸਾਲ ਦੇ ਹੋਣ ਦੇ ਬਾਵਜੂਦ ਉਨ੍ਹਾਂ ਦੀਆਂ ਸਾਹਿਤਕ, ਸੱਭਿਆਚਾਰਕ ਅਤੇ ਧਾਰਮਿਕ ਸਰਗਰਮੀਆਂ ਉਵੇਂ ਜਾਰੀ ਹਨ।

                ਚੌਥੇ ਵਿਸ਼ਵ ਪੰਜਾਬੀ ਸੰਮੇਲਨ ਨੂੰ ਵਿਨੀਪੈਗ ਕਰਾਉਣ ਦਾ ਫੈਸਲਾ ਉਨ੍ਹਾਂ ਦਾ ਹੀ ਸੀ।

ਮਾਂ ਬੋਲੀ ਪੰਜਾਬੀ ਦੀ ਜੁਝਾਰੂ ਧੀਅ ਬੀਬੀ ਗੁਰਹਰਜੀਤ ਕੌਰ ਸੰਧੂ

               ਬੀਬੀ ਗੁਰ(ਹਰਜੀਤ) ਕੌਰ ਹੋਰਾਂ ਨੇ ਪਰਿਵਾਰ ਅਤੇ ਸਮਾਜ ਵਿਚ ਇਸਤਰੀ ਦੇ ਸਨਮਾਨ ਦੀ ਬਹਾਲੀ ਲਈ ਪਹਿਲਾਂ ਨਿੱਜੀ (ਸਫ਼ਲ) ਸੰਘਰਸ਼ ਕੀਤਾ। ਫੇਰ ਕਮਿਊਨਟੀ ਸਰਵਿਸ ਰਾਹੀਂ ਹੋਰ ਔਰਤਾਂ ਲਈ ਰਾਹ ਖੋਲੇ। ਆਪਣੇ ਆਪਣੇ ਦੇਸ਼ਾਂ ਵਿਚੋਂ ਉੱਚ ਸਿੱਖਿਆ ਪ੍ਰਾਪਤ ਕਰਕੇ ਕੈਨੇਡਾ ਆਏ ਪ੍ਰਵਾਸੀਆਂ ਨੂੰ, ਇਥੇ ਆ ਕੇ, ਮੁੜ ਸਿੱਖਿਆ ਪ੍ਰਾਪਤ ਕਰਨੀ ਪੈਂਦੀ ਸੀ। ਸਿੱਖਿਆ ਦੇ ਖੇਤਰ ਵਿਚ ਹੋਣ ਕਾਰਨ ਉਨ੍ਹਾਂ ਅਤੇ ਹੋਰ ਸਹਿਯੋਗੀਆਂ ਨੇ ਬਹੁਤ ਸਾਰੇ ਸਖ਼ਤ ਨਿਯਮਾਂ ਵਿਚ ਸੋਧ ਕਰਾਈ ਅਤੇ ਪੜ੍ਹਾਈ ਨੂੰ ਆਸਾਨ ਕਰਾਇਆ। ਇਨ੍ਹਾਂ ਸੇਵਾਵਾਂ ਕਾਰਨ, ਵਿਨੀਪੈਗ ਨਿਵਾਸੀ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹਨ।

                ਮਾਂ ਬੋਲੀ ਪੰਜਾਬੀ ਦੀ ਸੇਵਾ ਉਨ੍ਹਾਂ ਨੌਕਰੀ ਕਰਦਿਆਂ ਵੀ ਕੀਤੀ ਅਤੇ ਹੁਣ ਵੀ ਕਰ ਰਹੇ ਹਨ।