July 16, 2024

Mitter Sain Meet

Novelist and Legal Consultant

ਪ੍ਰਬੰਧਕਾਂ ਦਾ ਰੰਗਕਰਮੀਆਂ ਨਾਲ ਕਾਟੋ-ਕਲੇਸ਼

ਰੰਗਕਰਮੀ ਤਰਲੋਚਨ ਸਿੰਘ (ਰੰਗਮੰਚ ਰੰਗ ਨਗਰੀ) ਵੱਲੋਂ ਜਿੱਥੇ ਆਪਣੀ ਚਿੱਠੀ ਮਿਤੀ 26.08.2014 ਰਾਹੀਂ ਬਲਰਾਜ ਸਾਹਨੀ ਰੰਗਮੰਚ ਦੀ ਇਮਾਰਤ ਦੀ ਦੁਰਦਸ਼ਾ ਅਤੇ ਪ੍ਰਬੰਧਕਾਂ ਵੱਲੋਂ ਅਕਾਦਮੀ ਦੇ ਕੀਮਤੀ ਸਮਾਨ ਦੀ ਕੀਤੀ ਜਾ ਰਹੀ ਅਣਦੇਖੀ ਦੇ, ਤਸਵੀਰਾਂ ਰਾਹੀਂ, ਦਰਸ਼ਨ ਕਰਵਾਏ ਸਨ ਉੱਥੇ ਉਨ੍ਹਾਂ ਨੇ ਆਪਣੀਆਂ ਅਗਲੀਆਂ ਤਿੰਨ ਚਿੱਠੀਆਂ (ਮਿਤੀ 03.02.2015, 25.05.2015 ਅਤੇ 08.08.2015) ਰਾਹੀਂ ਉਸ ਸਮੇਂ ਦੇ ਪ੍ਰਬੰਧਕਾਂ ਵੱਲੋਂ ਰੰਗਕਰਮੀਆਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਅਤੇ ਪੱਖਪਾਤ ਦਾ ਰੋਣਹੱਕੇ ਅੰਦਾਜ਼ ਵਿਚ ਜ਼ਿਕਰ ਕੀਤਾ ਹੈ।

ਪ੍ਰਬੰਧਕਾਂ ਵੱਲੋਂ ਤਰਲੋਚਨ ਸਿੰਘ ਹੋਰਾਂ ਤੇ ਅਕਾਦਮੀ ਦੀਆਂ 70 ਕੀਮਤੀ ਲਾਈਟਾਂ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਆਪਣੀ 03 ਫ਼ਰਵਰੀ 2015 ਦੀ ਚਿੱਠੀ ਵਿਚ ਆਪਣੇ ਤੇ ਲੱਗੇ ਇਸ ਦੋਸ਼ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਅਕਾਦਮੀ ਨੇ ਇਹ ਲਾਈਟਾਂ ਕਦੇ ਖਰੀਦੀਆਂ ਹੀ ਨਹੀਂ। ਫੇਰ ਉਨ੍ਹਾਂ ਨੇ ਚੋਰੀ ਕਿਸ ਤਰਾਂ ਕਰ ਲਈਆਂ? ਜੇ ਖਰੀਦੀਆਂ ਹਨ ਤਾਂ ਅਕਾਦਮੀ ਖਰੀਦ ਦੇ ਬਿੱਲ ਪੇਸ਼ ਕਰੇ। ਉਲਟਾ ਉਨ੍ਹਾਂ ਨੇ ਪ੍ਰਬੰਧਕਾਂ ਉੱਪਰ ਹੀ ਕਈ ਦੋਸ਼ ਲਗਾਏ ਜਿਨ੍ਹਾਂ ਵਿਚ, ‘ਕਈ ਲੋਕਾਂ ਦਾ ਬਲਰਾਜ ਸਾਹਨੀ ਹਾਲ ਨੂੰ ਬਿਨ੍ਹਾਂ ਦੱਸੇ ਵਰਤਣਾ’, ‘ਸਸਪੈਂਡ ਕੀਤੇ ਕੇਅਰਟੇਕਰ ਦੇ ਦੋ ਕਮਰਿਆਂ ਤੇ ਕਬਜੇ ਨੂੰ ਨਾ ਛੁਡਾਉਣਾ’, ‘ਅਦਾਲਤ ਦੇ ਹੁਕਮਾਂ ਦੇ ਬਾਵਜੂਦ ਕੰਟੀਨ ਦੇ ਠੇਕੇਦਾਰ ਤੋਂ ਕੰਟੀਨ ਵਾਲੀ ਥਾਂ ਦਾ ਕਬਜਾ ਨਾ ਲੈ ਸਕਣਾ’, ‘ਲਾਇਬ੍ਰੇਰੀ ਵਿਚ ਰਾਜਨੀਤੀ ਕਰਨਾ’, ‘ਰਲ-ਮਿਲ ਅਹੁੱਦੇਦਾਰੀਆਂ ਸੰਭਾਲਣੀਆਂ ਤੇ ਰਲ-ਮਿਲ ਕੇ ਵੋਟਾਂ ਵੰਡਣੀਆਂ’, ‘ਚੋਣਾਂ ਸਮੇਂ ਹੁੰਦੀਆਂ ਸੌਦੇਬਾਜ਼ੀਆਂ’, ‘ਪੰਜਾਬੀ ਭਵਨ ਦੀ ਇਮਾਰਤ ਸੰਵਾਰਨ ਦੀ ਥਾਂ ਨਵਾਂ ਪੁਸਤਕ ਬਜ਼ਾਰ ਉਸਾਰਨ ਵੱਲ ਧਿਆਨ ਦੇਣਾ’ ਆਦਿ ਸ਼ਾਮਲ ਹਨ।

ਇਸ ਚਿੱਠੀ ਵਿਚ ਤਰਲੋਚਨ ਸਿੰਘ ਵੱਲੋਂ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਉਸ ਨੂੰ ਅਕਾਦਮੀ ਵੱਲੋਂ ਨਾਟਕਕਾਰ ਗੁਰਸ਼ਰਨ ਸਿੰਘ ਅਵਾਰਡ ਸ਼ੁਰੂ ਕਰਨ ਬਾਰੇ ਵਾਰ-ਵਾਰ ਇਸ ਲਈ ਦੱਸਿਆ ਜਾਂਦਾ ਰਿਹਾ ਕਿ ਉਹ ਲਾਲਚ ਵਿਚ ਆ ਕੇ ਪ੍ਰਬੰਧਕਾਂ ਦੀ ‘ਮੱਖਣਗਿਰੀ ਕਰੇ’।

ਇਸ ਚਿੱਠੀ ਵਿਚ ਤਰਲੋਚਨ ਸਿੰਘ ਵੱਲੋਂ ਅਕਾਦਮੀ ਦੇ ਉਸ ਸਮੇਂ ਦੇ ਜਨਰਲ ਸਕੱਤਰ ਵੱਲੋਂ ਬਦਮਾਸ਼ੀ ਕਰਨ, ਧਮਕੀਆਂ ਦੇਣ ਅਤੇ ਟੈਲੀਫੋਨ ਉੱਤੇ ਹੀ ਚੰਗਾ-ਮੰਦਾ ਬੋਲਣ ਦੇ ਦੋਸ਼ ਵੀ ਲਗਾਏ ਗਏ।

ਇਸ ਚਿੱਠੀ ਦਾ ਲਿੰਕ ਹੈ: http://www.mittersainmeet.in/wp-content/uploads/2021/09/ਤਰਲੋਚਨ-ਦੀ-ਚਿੱਠੀ-ਮਿਤੀ-3.2.15.pdf

ਤਰਲੋਚਨ ਸਿੰਘ ਨੇ ਆਪਣੀ ਅਗਲੀ ਚਿੱਠੀ ਮਿਤੀ 25.05.2015 ਵਿਚ ਉਸ ਸਮੇਂ ਦੇ ਦਫ਼ਤਰ ਸਕੱਤਰ ਦੇ ਵਿਵਹਾਰ ਤੇ ਗੰਭੀਰ ਕਿੰਤੂ ਕੀਤੇ ਅਤੇ ਉਸ ਤੇ ਦੋਸ਼ ਲਗਾਏ ਕਿ ਉਹ ‘ਮਾੜੀ ਤੀਵੀਂ ਵਾਂਗੂੰ ਟੋਕਾ-ਟੋਕਾਈ ਕਰਨ ਤੋਂ ਬਿਨ੍ਹਾਂ ਕੋਈ ਕੰਮ ਨਹੀਂ’ ਕਰਦਾ। ਹੋਰ ਦੋਸ਼ ਲਗਾਇਆ ਹੈ ਕਿ ਦਫ਼ਤਰ ਸਕੱਤਰ ਵੱਲੋਂ ਉਸ ਗਰੀਨ ਰੂਮ ਤੇ ਉਨ੍ਹਾਂ ਦੇ ਲਗੇ ਤਾਲੇ ਦੇ ਉੱਪਰ ਤਾਲਾ ਲਾ ਕੇ ਧੱਕੜਸ਼ਾਹੀ ਕੀਤੀ ਗਈ ਜਿਸ ਰੂਮ ਵਿਚ ਉਨ੍ਹਾਂ ਦਾ ਸਮਾਨ ਪਿਆ ਸੀ। ਦੁਖੀ ਹੋਏ ਨਾਟਕਕਾਰ ਵੱਲੋਂ ਪ੍ਰਬੰਧਕਾਂ ਨੂੰ ਤਾਹਨਾ ਮਾਰਿਆ ਗਿਆ ਕਿ ‘ਕੀ ਤੁਸੀਂ ਮੇਰੇ ਨਾਟਕ ਦੀ ਵਿਧਾ ਨੂੰ ਖਤਮ ਕਰਨ ਲਈ ਇਹ ਵਿਅਕਤੀ ਰੱਖਿਆ ਹੈ।‘

ਇਸ ਚਿੱਠੀ ਵਿਚ ਵੀ ਪਹਿਲੀਆਂ ਚਿੱਠੀਆਂ ਵਾਂਗ ਪ੍ਰਬੰਧਕਾਂ ਵੱਲੋਂ ਅਕਾਦਮੀ ਦੇ ਸਾਜੋ-ਸਮਾਨ ਦੀ ਸਹੀ ਸੰਭਾਲ ਨਾ ਕੀਤੇ ਜਾਣ ਕਾਰਨ ਹੋਏ ਮਾਲੀ ਨੁਕਸਾਨ ਕੀਤੇ ਜਾਣ ਦੇ ਦੋਸ਼ ਵੀ ਦੁਹਰਾਏ ਗਏ।

ਇਸ ਚਿੱਠੀ ਦਾ ਲਿੰਕ ਹੈ:

http://www.mittersainmeet.in/wp-content/uploads/2021/09/ਤਰਲੋਚਨ-ਦੀ-ਚਿੱਠੀ-ਮਿਤੀ-25.5.15.pdf

ਤਰਲੋਚਨ ਸਿੰਘ ਵੱਲੋਂ ਆਪਣੀ ਇੱਕ ਹੋਰ ਚਿੱਠੀ ਮਿਤੀ 08.08.2015 ਵਿਚ ਪ੍ਰਬੰਧਕਾਂ ਵੱਲੋਂ ਉਸ ਨਾਲ ਕੀਤੇ ਜਾ ਰਹੇ ਪੱਖਪਾਤ ਦਾ ਜ਼ਿਕਰ ਕੀਤਾ ਗਿਆ। ਆਪਣੇ ਨਾਲ ਹੋ ਰਹੇ ਪੱਖਪਾਤ ਦੀਆਂ ਉਦਾਹਰਣਾਂ ਦਿੰਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ‘ਲੁਧਿਆਣਾ ਕਲਾ ਮੰਚ’ ਵਾਲੇ ਬਿਨ੍ਹਾਂ ਅਕਾਦਮੀ ਨੂੰ ਦੱਸੇ ਨਾਟਕਾਂ ਦੀ ਰਿਹਰਸਲ ਕਰਦੇ ਹਨ, ਪ੍ਰਬੰਧਕ ਪੰਜਾਬੀ ਦੀ ਥਾਂ ਹਿੰਦੀ ਨਾਟਕ ਨੂੰ ਪਹਿਲ ਦਿੰਦੇ ਹਨ ਆਦਿ।

ਇਸ ਚਿੱਠੀ ਦਾ ਲਿੰਕ ਹੈ:

http://www.mittersainmeet.in/wp-content/uploads/2021/09/ਤਰਲੋਚਨ-ਦੀ-ਚਿੱਠੀ-ਮਿਤੀ-8.8.15.pdf

ਇੰਝ ਤਰਲੋਚਨ ਸਿੰਘ ਦੀਆਂ ਇਹ ਚਿੱਠੀਆਂ ਅਕਾਦਮੀ ਦੇ ਪਤਨ ਦੇ ਇਤਿਹਾਸ ਨੂੰ ਸਮਝਣ ਵਿਚ ਮੀਲ ਪੱਥਰਾਂ ਵਾਲਾ ਯੋਗਦਾਨ ਪਾਉਂਦੀਆਂ ਹਨ।

ਵਿਸ਼ੇਸ਼ ਕਥਨ:   ਮੌਜੂਦਾ ਪ੍ਰਬੰਧਕਾਂ ਦਾ ਵਿਵਹਾਰ ਉਸ ਸਮੇਂ ਦੇ ਪ੍ਰਬੰਧਕਾਂ ਵਰਗਾ ਹੀ ਹੈ।

ਨੋਟ:    ਇਨ੍ਹਾਂ ਚਿੱਠੀਆਂ ਵਿਚ ਪ੍ਰਗਟ ਕੀਤੇ ਵਿਚਾਰ ਲੇਖਕ ਦੇ ਆਪਣੇ ਹਨ। ਤੱਥਾਂ ਦੇ ਸੱਚ ਜਾਂ ਝੂਠ ਹੋਣ ਬਾਰੇ ਵੀ ਉਹ ਖੁਦ ਜਵਾਬਦੇਹ ਹਨ।